ਸਾਹਿਤਕ ਸੱਥਗੁਸਤਾਖੀਆਂ

ਤਾਂਤਰਿਕ ਦੀ ਪਤਨੀ

ਦਿਨ ਚੜ੍ਹਦੇ ਨੂੰ ਚੀਮਾ ਕਲਾਂ ਪਿੰਡ ਵਿੱਚ ਰੌਲਾ ਪੈ ਗਿਆ ਕਿ ਰਾਤੀਂ ਭਾਗੇ ਸਿਆਣੇ ਦੀ ਘਰਵਾਲੀ ਗੁਆਂਢੀਆਂ ਦੇ ਵਿਹਲੜ ਮੁੰਡੇ ਛੱਜੂ ਨਾਲ ਭੱਜ ਗਈ ਹੈ। ਭਾਗਾ ਪੁੱਛਾਂ ਅਤੇ ਧਾਗਾ ਤਵੀਤ ਦੇਣ ਦਾ ਕੰਮ ਕਰਦਾ ਸੀ ਤੇ ਮਾਸ਼ੂਕਾ ਨੂੰ ਵੱਸ ਵਿੱਚ ਕਰਨ ਦਾ ਮੰਤਰ ਮਾਰਨ ਲਈ ਮਾਹਰ ਮੰਨਿਆਂ ਜਾਂਦਾ ਸੀ। ਚੀਮੇਂ ਅਤੇ ਆਸ ਪਾਸ ਦੇ ਪਿੰਡਾਂ ਦੇ ਮਾਯੂਸ ਆਸ਼ਕ ਉਸ ਕੋਲੋਂ ਇਸ ਸਬੰਧੀ ਮੰਤਰ ਲੈਣ ਲਈ ਆਏ ਹੀ ਰਹਿੰਦੇ ਸਨ। ਭਾਗਾ ਉਨ੍ਹਾਂ ਨੂੰ ਮੰਤਰ, ਤਵੀਤ ਅਤੇ ਸਵਾਹ ਦੀਆਂ ਪੁੜੀਆਂ ਦੇ ਕੇ ਰੱਜ ਕੇ ਛਿੱਲ ਲਾਹੁੰਦਾ ਸੀ। ਪਿੰਡ ਦੇ ਲੋਕ ਉੱਪਰੋਂ ਉੱਪਰੋਂ ਅਫਸੋਸ ਕਰਨ ਤੇ ਅੰਦਰੋਂ ਸਵਾਦ ਲੈਣ ਲਈ ਉਸ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ। ਜਗਤਾਰ ਕਾਮਰੇਡ ਨੇ ਦੁਖੀ ਜਿਹਾ ਮੂੰਹ ਬਣਾ ਕੇ ਪੁੱਛਿਆ, “ਉਏ ਭਾਗਿਆ, ਇਹ ਕੀ ਭਾਣਾ ਵਾਪਰ ਗਿਆ ਉਏ? ਤੂੰ ਤਾਂ ਲੋਕਾਂ ਨੂੰ ਜਨਾਨੀਆਂ ਵੱਸ ਵਿੱਚ ਕਰਨ ਦੇ ਧਾਗੇ ਤਵੀਤ ਕਰਦਾ ਹੁੰਦਾ ਸੀ, ਇਥੇ ਸਾਲਿਆ ਤੇਰੀ ਆਪਣੀ ਘਰਵਾਲੀ ਬਾਗੀ ਹੋਈ ਫਿਰਦੀ ਸੀ।ਉਹ ਨਾ ਤੇਰੇ ਕੋਲੋਂ ਵੱਸ ਕੀਤੀ ਗਈ?” ਭਾਗਾ ਦਹਾੜੇ ਮਾਰਦਾ ਹੋਇਆ ਬੋਲਿਆ, “ਉਏ ਚਾਚਾ ਮੈਂ ਤਾਂ ਪੱਟਿਆ ਗਿਆ। ਉਹ ਕੰਜਰ ਦਾ ਛੱਜੂ ਮੇਰੇ ਕੋਲੋਂ ਮਾਸ਼ੂਕਾ ਨੂੰ ਵੱਸ ਕਰਨ ਦਾ ਉਪਾਅ ਕਰਾਉਣ ਆਉਂਦਾ ਹੁੰਦਾ ਸੀ। ਹਾਏ ਉਏ ਰੱਬਾ ਮੈਨੂੰ ਕੀ ਪਤਾ ਸੀ ਕਿ ਮੇਰਾ ਸਾਲਾ ਉਹ ਮੰਤਰ ਮੇਰੇ ਈ ਘਰ ‘ਤੇ ਵਰਤ ਜਾਊਗਾ।” ਭਾਗੇ ਦੀ ਦਰਦ ਭਰੀ ਦਾਸਤਾਨ ਸੁਣ ਕੇ ਸਾਰੀ ਭੀੜ ਵਿੱਚ ਹਾਸੜ ਮੱਚ ਗਈ।
-ਬਲਰਾਜ ਸਿੰਘ ਸਿੱਧੂ ਕਮਾਂਡੈਂਟ

Comment here