ਸ਼ੇਰਾਂ ਨਾਲ ਟੱਕਰ ਲੈ ਕੇ ਜ਼ਮੀਨਾਂ ਅਬਾਦ ਕੀਤੀਆਂ
-ਗੁਰਪ੍ਰੀਤ ਸਿੰਘ ਮੰਡਿਆਣੀ
ਪੰਜਾਬ ਵਿਚ ਬਾਦਲ ਸਾਹਿਬ ਦੇ ਸਿਆਸੀ ਵਿਰੋਧੀਆਂ ਵੱਲੋਂ ਵੀ ਇਸ ਮਾਮਲੇ ਤੇ ਬਾਦਲ ਸਾਹਿਬ ਤੇ ਗ਼ੈਰ ਗੰਭੀਰ ਹੋਣ ਦੇ ਇਲਜਾਮ ਵੀ ਲਗਾਤਾਰ ਤਿੰਨ ਸਾਲ ਅਖ਼ਬਾਰਾਂ ਦੀਆਂ ਖਬਰਾਂ ਬਣਦੇ ਰਹੇ। ਪੰਜਾਬ ਚ ਕੋਈ ਵੀ ਛੋਟਾ ਵੱਡਾ ਸਿਆਸੀ ਇਕੱਠ ਅਜਿਹਾ ਨਹੀਂ ਸੀ ਹੁੰਦਾ ਜੀਹਦੇ ਵਿਚ ਇਹ ਮਾਮਲਾ ਪੂਰੀ ਸ਼ਿੱਦਤ ਨਾਲ ਨਾ ਉਭਾਰਿਆ ਜਾਂਦਾ ਹੋਵੇ। ਸੈਂਟਰ ਸਰਕਾਰ ਵੱਲੋਂ ਇਸ ਮਾਮਲੇ ਤੇ ਕੇਂਦਰੀ ਵਜ਼ੀਰ ਮਿਸਟਰ ਕਾਰਜ ਫਰਨਾਂਡੇਸ ਦੀ ਭਰਦਾਨਗੀ ਹੇਠ ਇੱਕ ਕਮੇਟੀ ਬਣਾਈ ਜੀਹਦੇ ਮੈਂਬਰ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਯੂ ਪੀ ਦੇ ਮੁੱਖ ਮੰਤਰੀ ਸ਼੍ਰੀ ਕਲਿਆਣ ਸਿੰਘ ਸਨ। ਜਦੋਂ ਇੱਕ ਸ਼ਾਮ ਮੈਨੂੰ ਪਤਾ ਲੱਗਿਆ ਕਿ ਇਹ ਕਮੇਟੀ ਜਾਇਜਾ ਲੈਣ ਲਈ ਭਲ਼ਕੇ ਸਵੇਰੇ ਸਵੇਰੇ ਪੰਤਨਗਰ ਯੂਨੀਵਰਸਿਟੀ ਵਿਚ ਪਹੁੰਚ ਰਹੀ ਹੈ ਤਾਂ ਕੁਝ ਘੰਟਿਆਂ ਦੇ ਨੋਟਿਸ ਤੇ ਹੀ ਲਗਭਗ 50 ਹਜ਼ਾਰ ਊਧਮ ਸਿੰਘ ਨਗਰ ਜਿਲੇ ਦੇ ਸਿੱਖ ਉੱਥੇ ਇਹ ਦੱਸਣ ਵਾਸਤੇ ਇਕੱਠੇ ਹੋ ਗਏ ਕਿ ਅਸੀਂ ਉੱਤਰਾਖੰਡ ਚ ਨਹੀਂ ਜਾਣਾ ਚਾਹੁੰਦੇ। ਹੈਲੀਕਾਪਟਰ ਰਾਹੀਂ ਪੁੱਜੀ ਇਹ ਕਮੇਟੀ ਕਿਸੇ ਦੀ ਗੱਲ ਸੁਣੇ ਤੋਂ ਬਿਨਾਂਂ ਹੀ ਵਾਪਸ ਮੁੜ ਆਈ ਸੀ, ਹਾਲਾਂਕਿ ਇਹ ਲੋਕ ਆਪਦੀ ਮੰਗ ਦੇ ਹੱਕ ਊਧਮ ਸਿੰਘ ਨਗਰ ਜਿਲੇ ਦੀਆਂ 93 ਫੀਸਦ ਪੰਚਾਇਤਾਂ ਵੱਲੋਂ ਪਾਸ ਕੀਤੇ ਗਏ ਮਤੇ ਕਮੇਟੀ ਨੂੰ ਦਿਖਾਉਣ ਖ਼ਾਤਰ ਨਾਲ਼ ਲੈ ਕੇ ਗਏ ਸੀ। ਇਹ ਗੱਲਾਂ ਦਾ ਜ਼ਿਕਰ ਕਰਨ ਦਾ ਮਤਲਬ ਇਹ ਦੱਸਣਾ ਹੈ ਤਰਾਈ ਦੇ ਸਿੱਖਾਂ ਨੇ ਆਪਦੀਆਂ ਜਮੀਨਾ ਵਾਲੇ ਇਲਾਕੇ ਨੂੰ ਉੱਤਰਾਖੰਡ ਵਿੱਚ ਜਾਣੋ ਰੋਕਣ ਲਈ ਕਿੰਨੀ ਵਾਹ ਲਾਈ ਸੀ। ਇਹ ਕੰਮ ਸੈਂਟਰ ਦੀ ਅਟੱਲ ਬਿਹਾਰੀ ਸਰਕਾਰ ਦੇ ਹੱਥ ਵੱਸ ਸੀ ਜੀਹਦੇ ਵਿੱਚ ਸ਼ਰੋਮਣੀ ਅਕਾਲੀ ਦਲ ਹਿੱਸੇਦਾਰ ਸੀ ਤੇ ਵਾਜਪਾਈ ਵਾਲੀ ਪਾਰਟੀ ਬੀ ਜੇ ਪੀ ਪੰਜਾਬ ਵਾਲੀ ਬਾਦਲ ਸਰਕਾਰ ਵਿਚ ਭਾਈਵਾਲ ਸੀ। ਉਸ ਵੇਲੇ ਦੀਆਂ ਸਿਆਸੀ ਲੋੜਾਂ ਮੁਤਾਬਕ ਬੀ ਜੇ ਪੀ ਵੱਲੋਂ ਅਕਾਲੀ ਦਲ ਨੂੰ ਨਰਾਜ਼ ਕਰਨਾ ਵਾਰਾ ਨਹੀਂ ਸੀ ਖਾਂਦਾ। ਸੋ ਤਰਾਈ ਦੇ ਸਿੱਖਾਂ ਦੀ ਸਾਰੀ ਟੇਕ ਬਾਦਲ ਸਾਹਿਬ ਤੇ ਹੀ ਸੀ। ਬਾਦਲ ਸਾਹਿਬ ਕੋਲ ਉਨਾਂ ਨੇ ਕਿਸ ਕਦਰ ਹਾਲ ਪਾਹਰਿਆ ਕੀਤੀ ਜੀਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਜਦੋਂ 1997 ਵਿਘਚ ਤਰਾਈ ਦੇ ਸਿੱਖਾਂ ਦਾ ਇੱਕ ਵਫ਼ਦ ਬਾਦਲ ਸਾਹਿਬ ਨੂੰ ਮਿਲਣ ਚੰਡੀਗੜ੍ਹ ਆਇਆ ਤਾਂ ਉੱਥੇ ਇੱਕ ਮਨ ਗੁੰਨੇ ਜਾਣ ਵਾਲੀ ਘਟਨਾ ਸਾਹਮਣੇ ਆਈ। ਵਫ਼ਦ ਵਿਚ ਸ਼ਾਮਲ ਬਾਜਪੁਰ ਤਹਿਸੀਲ ਵਿਚਲੇ ਛੇਤਰੀ ਫ਼ਾਰਮ ਦੇ ਕਿਸਾਨ ਸ੍ਰ ਹਰਨੇਕ ਸਿੰਘ ਰੰਧਾਵਾ ਸਨ ਆਫ ਸਰਦਾਰ ਕੁੰਦਨ ਸਿੰਘ ਰੰਧਾਵਾ ਨੇ ਆਪਦੀ ਪੱਗ ਲਾਹ ਬਾਦਲ ਸਾਹਿਬ ਮੂਹਰੇ ਪਏ ਮੇਜ਼ ਤੇ ਰੱਖ ਕੇ ਬਾਦਲ ਸਾਹਿਬ ਨੂੰ ਮੁਖਾਤਿਬ ਹੁੰਦਿਆਂ ਕਿਹਾ “ਸਰਦਾਰਾ! ਰੱਬ ਦੇ ਵਾਸਤੇ ਸਾਨੂੰ ਬਚਾ ਲੈ !! ਸਾਡੀ ਪੱਗ ਦੀ ਸਲਾਮਤੀ ਹੁਣ ਤੇਰੇ ਹੱਥ-ਵੱਸ ਹੈ। ਸਾਡੀਆਂ ਆਉਂਦੀਆਂ ਨਸਲਾਂ ਤੇਰਾ ਅਹਿਸਾਨ ਚੇਤੇ ਰੱਖਣਗੀਆਂ’’…..
ਹੁਣ ਗੱਲ ਕਰੀਏ ਮੁੱਢ ਵਿਚ ਛੇੜੇ ਗਈ ਸ਼ੇਰ ਮਾਰਨ ਵਾਲੇ ਵਾਅਕੇ ਦੀ।ਇਹ ਘਟਨਾ ਤਾਂ ਥੋੜੇ ਲਫ਼ਜ਼ਾਂ ਵਿੱਚ ਹੀ ਲਿਖੀ ਜਾ ਸਕਦੀ ਸੀ ਪਰ ਇਹਦੀ ਅਹਿਮੀਅਤ ਦੱਸਣ ਲਈ ਇਹਦੀ ਬੈਕ-ਗਰਾਉਂਡ ਦੇਣੀ ਜ਼ਰੂਰੀ ਸੀ। ਇਹ ਦੱਸਣਾ ਜ਼ਰੂਰੀ ਸੀ ਕਿ ਊਧਮ ਸਿੰਘ ਨਗਰ ਜਿਲੇ ਦੇ ਸਿੱਖ ਉਤਰਾਖੰਡ ਵੱਲ ਤਾਂ ਨਹੀਂ ਸੀ ਜਾਣਾ ਚਾਹੁੰਦੇ ਕਿ ਉੱਥੇ ਉਹਨਾ ਨੂੰ ਆਪਦੀਆਂ ਜ਼ਮੀਨਾਂ ਖੁੱਸਣ ਦਾ ਡਰ ਸਤਾ ਰਿਹਾ ਸੀ। ਜਦੋਂ ਉਹਨਾ ਦੇ ਹੱਕ ਵਿਚ ਬਿਆਨਬਾਜੀ ਹੁੰਦੀ ਸੀ ਤਾਂ ਜ਼ਮੀਨਾਂ ਖੁੱਸਣ ਵਾਲੇ ਨਜ਼ਰੀਏ ਤੋਂ ਹੀ ਹੁੰਦੀ ਸੀ। ਜ਼ਮੀਨਾਂ ਤੇ ਸਿੱਖਾਂ ਦਾ ਹੱਕ ਹੋਣ ਦੀ ਵਜ਼ਾਹਤ ਇਹ ਕਹਿ ਕੇ ਕੀਤੀ ਜਾਂਦੀ ਸੀ ਕਿ ਸਿੱਖਾਂ ਨੇ ਸ਼ੇਰਾਂ ਨਾਲ਼ ਲੜ ਕੇ ਇਹ ਜ਼ਮੀਨਾਂ ਅਬਾਦ ਕੀਤੀਆਂ ਨੇ।ਸੋ ਊਧਮ ਸਿੰਘ ਨਗਰ ਜਿਲੇ ਬਾਬਤ 1997 ਤੋਂ 2000 ਤੱਕ ਲਗਾਤਾਰ ਤਿੰਨ ਸਾਲ ਲਗਾਤਾਰ ਛਪੀਆਂ ਖ਼ਬਰਾਂ ’ਚ ਕੋਈ ਖ਼ਬਰ ਅੱਜ ਅਜਿਹੀ ਨਹੀਂ ਸੀ ਜੀਹਦੇ ਚ ਸਿੱਖਾਂ ਵੱਲੋਂ ਸ਼ੇਰਾਂ ਮੂਹਰੇ ਹਿੱਕਾਂ ਡਾਹੁਣ ਜਾਂ ਸ਼ੇਰਾਂ ਮੁਕਾਬਲਿਆਂ ਦਾ ਜ਼ਿਕਰ ਨਾ ਹੋਵੇ।ਹੁਣ ਵੀ ਜਦੋਂ ਉੱਤਰਾਖੰਡ ਸੂਬੇ ਵਿਚ ਸਿੱਖਾਂ ਨੂੰ ਜ਼ਮੀਨਾਂ ਵਿਚੋਂ ਬੇਦਖ਼ਲ ਕਰਨ ਦੀ ਖ਼ਬਰ ਆਉਂਦੀ ਹੈ ਤਾਂ ਇਹਦੀ ਨਿਖੇਧੀ ਕਰਨ ਵਾਲੇ ਬਿਆਨਾਂ ’ਚ ਸ਼ੇਰਾਂ ਨਾਲ ਮੁਕਾਬਲੇ ਦਾ ਜ਼ਿਕਰ ਲਾਜ਼ਮੀ ਹੁੰਦਾ ਹੈ। ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਨ ਨੂੰ ਇਹ ਗੱਲ ਨਾ ਜਚੇ ਕਿ ਲੋਕ ਆਪਦੀ ਮਰਜ਼ੀ ਨਾਲ ਅਜਿਹੇ ਜੰਗਲ਼ ਵਿਚ ਜਾ ਵਸਣ ਜਿੱਥੇ ਸ਼ੇਰ ਆਮ ਹੀ ਤੁਰੇ ਫਿਰਦੇ ਹੋਣ। ਇਸੇ ਗੱਲ ਦੀ ਤਸਦੀਕ ਕਰਨ ਖ਼ਾਤਰ ਹੀ ਹੈ ਸ਼ੇਰ ਮਾਰਨ ਵਾਲਾ ਇਹ ਵਾਅਕਾ।
ਮੇਰੇ ਨਾਨਾ ਜੀ ਸਰਦਾਰ ਜਗੀਰ ਸਿੰਘ ਗਰੇਵਾਲ਼ ਦਾ ਜੱਦੀ ਪਿੰਡ ਲੁਦੇਹਾਣੇ ਜਿਲੇ ਚ ਗੁੱਜਰਵਾਲ ਸੀ ਜੋ ਫੌਜ ਵਿੱਚੋਂ 1948 ਵਿਚ ਜਮਾਂਦਾਰ ਰੈਂਕ ਦੀ ਪੈਨਸ਼ਨ ਆਏ ਸਨ ਤੇ ਉਹਨਾਂ ਤੋ ਇੱਕ ਸਾਲ ਪਹਿਲਾਂ ਉਹਨਾਂਂ ਦੀ ਹੀ ਫ਼ੌਜੀ ਯੂਨਿਟ ਵਾਲੇ ਇੱਕ ਦੋਸਤ ਤੇ ਲੁਦੇਹਾਣੇ ਜਿਲੇ ਚ ਪੈਂਦੇ ਪਿੰਡ ਕਣੇਚ ਦੇ ਸਰਦਾਰ ਬਚਨ ਸਿੰਘ ਭੰਡਾਲ਼ ਵੀ ਜਮਾਂਦਾਰ ਰੈਂਕ ਦੀ ਪੈਨਸ਼ਨ ਆਏ। ਦੋਵਾਂ ਨੇ ਰਲ਼ ਕੇ ਨੈਨੀਤਾਲ ਜਿਲੇ ਦੀ ਤਹਿਸੀਲ ਬਾਜਪੁਰ ਵਿਚ ਜ਼ਮੀਨ ਅਲਾਟ ਕਰਵਾ ਲਈ 1948 ਵਿੱਚ ਹੀ ਜਿੱਥੇ ਅੱਜ-ਕੱਲ੍ਹ ਸੰਤੋਸ਼ਪੁਰ ਫਾਰਮ ਹੈ, ਮੇਰਾ ਜਨਮ ਵੀ 1960 ਨੂੰ ਇੱਥੇ ਹੀ ਹੋਇਆ। ਛੋਟੇ ਹੁੰਦਿਆਂ ਹੀ ਮਾਤਾ ਤੋਂ ਨਾਨਕੀਂ ਆਮ ਫਿਰਦੇ ਸ਼ੇਰਾਂ ਦੀਆਂ ਗੱਲਾਂ ਸੁਨਣ ਨੂੰ ਮਿਲਦੀਆਂ ਹੁੰਦੀਆਂ ਸੀ।ਇਹ ਵੀ ਸੁਣਦੇ ਹੁੰਦੇ ਸੀ ਓਥੇ ਸ਼ੇਰਾਂ ਨੂੰ ਡਰਾਉਣ ਲਈ ਅੱਗ ਬਾਲ਼ਕੇ ਘਰਾਂ ਨੇੜੇ ਰੱਖਦੇ ਹੁੰਦੇ ਸੀ, ਲਾਲਟੈਣਾਂ ਵੀ ਸਾਰੀ ਸਾਰੀ ਰਾਤ ਜਗਾ ਕੇ ਰੱਖਣੀਆਂ ਪੈਂਦੀਆਂ ਸੀ, ਕਿਉਂਕਿ ਸ਼ੇਰ ਅੱਗ ਤੋਂ ਡਰਦਾ ਹੈ।
1955 ਦੀ ਗੱਲ ਹੈ 2 ਕਿੱਲੋਮੀਟਰ ਦੂਰ ਵਸਦਾ ਇੱਕ ਰਾਏ ਸਿੱਖ ਸਰਦਾਰ ਅਰਜਨ ਸਿੰਘ ਮੇਰੇ ਨਾਨਾ ਜੀ ਕੋਲ ਆਇਆ ਤੇ ਕਹਿਣ ਲੱਗਿਆ ਕਿ, ‘‘ਜਮਾਂਦਾਰ ਸਾਹਿਬ! ਇੱਕ ਸ਼ੇਰ ਤੋਂ ਅਸੀਂ ਬਹੁਤ ਤੰਗ ਆਏ ਬੈਠੇ ਹਾਂ। ਨਿੱਤ ਸਾਡੇ ਇੱਕ ਡੰਗਰ ਨੂੰ ਖਾ ਜਾਂਦਾ ਹੈ। ਅੱਜ ਇੱਕ ਵੱਛੇ ਨੂੰ ਫੜ ਲਿਆ ਸੀ, ਅਸੀਂ ਮਸਾਂ ਰੌਲ਼ਾ ਗੌਲ਼ਾ ਕਰ ਕੇ ਇੱਕ ਵਾਰ ਵੱਛਾ ਤਾਂ ਛੁਡਾ ਲਿਆ ਸੋ ਤੁਸੀਂ ਮੇਹਰਬਾਨੀ ਕਰਕੇ ਇਹਦਾ ਪੱਕਾ ਹੱਲ ਕਰੋ।ਤੁਹਾਡੇ ਕੋਲ਼ ਅਸਲਾ ਜੋ ਹੈ।” ਮੇਰੇ ਨਾਨੇ ਨੇ ਆਪਦੇ ਭਾਈਵਾਲ ਜਮਾਂਦਾਰ ਸਰਦਾਰ ਬਚਨ ਸਿੰਘ ਦੇ 16 ਸਾਲਾ ਅਣਦਾੜ੍ਹੀਏ ਬੇਟੇ ਸਰਦਾਰ ਭੁਪਿੰਦਰ ਸਿੰਘ ਨੂੰ ਨਾਲ਼ ਲਿਆ ਤੇ ਸਰਦਾਰ ਅਰਜਨ ਸਿੰਘ ਨਾਲ ਹੋ ਤੁਰੇ। ਦੋਵਾਂ ਕੋਲ਼ 1948 ਚ ਖਰੀਦੀਆਂ ਇੰਡੀਅਨ ਔਰਡੀਨੈਂਸ ਕੰਪਨੀ ਦੀਆਂ 12 ਬੋਰ ਦੋਨਾਲ਼ੀ ਰਫ਼ਲਾਂ ਤੇ ਐਲੀ ਅਲਫਾਮੈਕਸ ਕੰਪਨੀ ਵਾਲੇ ਬਰਤਾਨੀਆ ਵਿਚ ਬਣੇ ਹੋਏ ਐਲ ਜੀ ਕਾਰਤੂਸ ਸੀਗੇ। ਅੱਗੇ ਜਾ ਇੱਕ ਕੰਬੋ ਸਿੱਖ ਬਰੈਹਣੀ ਵਾਲੇ ਅਮਰ ਸਿੰਘ ਨੂੰ ਵੀ ਨਾਲ ਲਿਆ ਉਹਨਾ ਕੋਲ਼ ਵੀ ਦੋ ਨਾਲ਼ੀ ਬਾਰਾਂ ਬੋਰ ਦੀ ਬੰਦੂਕ ਸੀ।
ਜਿੱਥੇ ਸ਼ੇਰ ਨੇ ਵੱਛਾ ਜਖਮੀ ਕੀਤਾ ਸੀ ਉਹਦੇ ਨੇੜੇ ਹੀ ਦੋ ਦਰੱਖਤਾਂ ਤੇ ਬਾਂਸਾਂ ਦਾ ਮਚਾਨ ਬੰਨ ਲਿਆ। ਜ਼ਖਮੀ ਵੱਛਾ ਘੜੀਸ ਕੇ ਇਹ ਸੋਚ ਮਚਾਨ ਦੇ ਨੇੜੇ ਕਰ ਲਿਆ ਕੇ ਸ਼ੇਰ ਜ਼ਖਮੀ ਸ਼ਿਕਾਰ ਨੂੰ ਖਾਣ ਵਾਸਤੇ ਮੁੜ ਉਸੇ ਜਗਾਹ ਤੇ ਆਊਗਾ।ਫੇਰ ਤਿੰਨੇ ਜਾਣੇ ਖਾਣ-ਪੀਣ ਦਾ ਰਾਸ਼ਣ ਤੇ ਅਸਲਾ ਚੱਕ ਕੇ ਮਚਾਨ ਉੱਤੇ ਚੜ ਬੈਠੇ।ਇਹ ਜਗਾਹ ਬਾਜਪੁਰ-ਕਾਲ਼ਾਢੂੰਘੀ ਰੋਡ ਤੇ ਬਰੈਹਣੀ ਚੌਂਕ ਨੇੜੇ ਪੈਂਦੀ ਹੈ। ਰਾਤ ਵੇਲੇ ਸ਼ੇਰ ਮੁੜ ਆਇਆ ਤੇ ਜਖਮੀ ਵੱਛੇ ਨੂੰ ਮੂੰਹ ਪਾ ਲਿਆ। ਵੱਛੇ ਨੇ ਵੀ ਕੁਛ ਚੀਕ ਚਿਹਾੜਾ ਪਾਇਆ ਤਾਂ ਮਚਾਨ ਵਾਲੇ ਅਲਰਟ ਹੋਏ। ਟਾਰਚ ਦੀ ਲਾਈਟ ਮਾਰੀ ਤਾਂ ਸ਼ੇਰ ਨਜ਼ਰ ਆਇਆ। ਸਰਦਾਰ ਅਮਰ ਸਿੰਘ ਨੇ ਫ਼ੌਰਨ ਇੱਕ ਫਾਇਰ ਸ਼ੇਰ ਵੱਲ ਮਾਰਿਆ ਜੋ ਨਿਸ਼ਨਿਓਂ ਖੁੰਜ ਗਿਆ।ਐਧਰ ਓਧਰ ਲਾਈਟ ਮਾਰ ਕੇ ਦੇਖੀ ਤਾਂ ਸ਼ੇਰ ਕਿਧਰੇ ਨਜ਼ਰ ਨਾ ਆਇਆ।
ਸਵੇਰੇ ਮੁੰਹ-ਹਨੇਰੇ ਮਚਾਨ ਤੋਂ ਪਹਿਲਾਂ ਭੁਪਿੰਦਰ ਸਿੰਘ ਆਪਦੀ ਤੇ ਜਗੀਰ ਸਿੰਘ ਦੀ ਰਫ਼ਲ ਲੈ ਕੇ ਹੇਠਾਂ ਉੱਤਰੇ ਫੇਰ ਅਮਰ ਸਿੰਘ ਉੱਤਰੇ।ਭੁਪਿੰਦਰ ਸਿੰਘ ਨੇ ਅਮਰ ਸਿੰਘ ਨੂੰ ਕਿਹਾ ਆਓ ਆਪਾਂ ਏਧਰ ਓਧਰ ਨਿਗਾ ਮਾਰ ਕੇ ਦੇਖੀਏ, ਹੋ ਸਕਦਾ ਹੈ ਕਿ ਰਾਤ ਵਾਲੇ ਫਾਇਰ ਨਾਲ ਸ਼ੇਰ ਕਿਤੇ ਜ਼ਖਮੀ ਹਾਲਤ ਵਿੱਚ ਨਾ ਪਿਆ ਹੋਵੇ ਪਰ ਅਮਰ ਸਿੰਘ ਨੇ ਇਸ ਸੰਭਾਵਨਾ ਨੂੰ ਮਜ਼ਾਕ ਵਜੋਂ ਲਿਆ।ਸ਼ੇਰ ਦੀ ਇਹ ਫ਼ਿਤਰਤ ਹੈ ਕਿ ਉਹ ਘਾਤ ਲਾ ਕੇ ਹਮਲਾ ਕਰਦਾ ਹੈ। ਬਿੱਲੀ ਵਾਂਗੂੰ ਸ਼ਿਕਾਰ ਦੇ ਨੇੜੇ ਵੀ ਦੱਬਵੇਂ ਪੈਰੀਂ ਜਾਂਦਾ ਹੈ ਜੇ ਸ਼ਿਕਾਰ ਖੁਦ ਓਹਦੇ ਵੱਲ ਨੂੰ ਆ ਰਿਹਾ ਹੋਵੇ ਤਾਂ ਓਨਾ ਚਿਰ ਕੋਈ ਹਿਲ-ਜੁਲ ਨਹੀਂ ਕਰਦਾ ਜਿੰਨਾ ਚਿਰ ਓਹਦੀ ਐਨ ਮਾਰ ਹੇਠ ਨਾ ਆ ਜਾਵੇ। ਅਮਰ ਸਿੰਘ ਨਾਲ ਅਜੇ ਗੱਲ ਹੋ ਹੀ ਰਹੀ ਸੀ ਇਸੇ ਦੌਰਾਨ ਭੁਪਿੰਦਰ ਸਿੰਘ ਨੂੰ ਘਾਹ-ਫੂਸ ਚ ਬੈਠਾ ਸ਼ੇਰ ਨਜ਼ਰ ਪੈ ਗਿਆ ਤੇ ਉਹਨੇ ਜਗੀਰ ਸਿੰਘ ਵਾਲੀ ਰਫ਼ਲ ਇੱਕ ਪਾਸੇ ਸਿੱਟ ਆਪਦੀ ਰਫ਼ਲ ਨਾਲ ਇੱਕ-ਦਮ ਸ਼ੇਰ ਤੇ ਦੋ ਗੋਲ਼ੀਆਂ ਦਾਗ ਦਿੱਤੀਆਂ ਤੇ ਸ਼ੇਰ ਉੱਠ ਖੜਾ ਹੋਇਆ ਇੰਨੇ ਨੂੰ ਅਮਰ ਸਿੰਘ ਨੇ ਵੀ ਸ਼ੇਰ ਤੇ ਦੋ ਫਾਇਰ ਕੀਤੇ ਜੋ ਸ਼ੁਹਦੇ ਵੱਜ ਵੀ ਗਏ ਪਰ ਸ਼ੇਰ ਮਰਿਆ ਨਾ। ਬੰਦੂਕਾਂ ਵਿਚ ਦੁਬਾਰਾ ਕਾਰਤੂਸ ਪਾਉਣ ਦਾ ਟਾਈਮ ਹੀ ਨਹੀਂ ਸੀ, ਕਿਉਂਕਿ ਸ਼ੇਰ ਤਾਂ ਉਹਨਾਂ ਦੇ ਜਮਾਂ ਹੀ ਨੇੜੇ ਆ ਚੁੱਕਿਆ ਸੀ। ਓਸ ਪਲ ਤਾਂ ਦੋਵਾਂ ਨੂੰ ਆਪਦਾ ਕੰਮ ਤਮਾਮ ਹੁੰਦਾ ਜਾਪਿਆ, ਪਰ ਓਹਨਾਂਂ ਦੇ ਕੁਝ ਸਕਿੰਟ ਬਾਅਦ ਜਗੀਰ ਸਿੰਘ ਵੀ ਮਚਾਨ ਤੋਂ ਉੱਤਰ ਚੁੱਕੇ ਸਨ ਪਰ ਉਹ ਖਾਲੀ ਹੱਥ ਸਨ, ਕਿਉਂਕਿ ਉਹਨਾਂ ਦੀ ਰਫ਼ਲ ਤਾਂ ਭੁਪਿੰਦਰ ਸਿੰਘ ਪਹਿਲਾਂ ਹੀ ਨਾਲ ਲੈ ਕੇ ਥੱਲੇ ਉਤਰੇ ਸੀ। ਭੁਪਿੰਦਰ ਸਿੰਘ ਨੇ ਆਪਦੀ ਰਫ਼ਲ ਨਾਲ ਸ਼ੇਰ ਤੇ ਫਾਇਰ ਕਰਨ ਵੇਲੇ ਧਰਤੀ ਉਪਰ ਸਿੱਟ ਦਿੱਤੀ ਸੀ ਜੋ ਜਗੀਰ ਸਿੰਘ ਨੂੰ ਨਜ਼ਰ ਆਈ ਤੇ ਉਹਨਾਂ ਨੇ ਚੱਕ ਲਈ। ਸ਼ੇਰ ਜਗੀਰ ਸਿੰਘ ਤੋਂ ਸਿਰਫ 10 (ਦੱਸ) ਫੁੱਟ ਦੂਰੀ ਤੇ ਆ ਚੁੱਕਿਆ ਸੀ ਤੇ ਓਹਨੇ ਜੇਤੂ ਅੰਦਾਜ਼ ਵਿਚ ਬੜਕ ਮਾਰਨ ਵਾਸਤੇ ਮੂੰਹ ਅੱਡ ਲਿਆ, ਉਸੇ ਪਲ ਜਗੀਰ ਸਿੰਘ ਵੱਲੋਂ ਕੀਤਾ ਹੋਇਆ ਫਾਇਰ ਸ਼ੇਰ ਦੇ ਸੰਘ ਵਿਚ ਵੱਜਿਆ ਤੇ ਉਹ ਥਾਏਂ ਢੇਰੀ ਹੋ ਗਿਆ।ਜੇ ਫਾਇਰ ਹੋਣ ਵਿਚ ਇੱਕ ਸਕਿੰਟ ਦੇ ਦਸਵੇਂ ਹਿੱਸੇ ਜਿੰਨੀ ਵੀ ਦੇਰ ਹੋ ਜਾਂਦੀ ਤਾਂ ਜਗੀਰ ਸਿੰਘ ਦਾ ਸ਼ੇਰ ਹੱਥੋਂ ਮਰਨਾ ਤਾਂ ਤੈਅ ਹੈ ਸੀ ਹੋ ਸਕਦਾ ਸ਼ੇਰ ਬਾਕੀ ਦੋਵਾਂ ਜਣਿਆਂ ਨੂੰ ਵੀ ਨਾ ਛੱਡਦਾ।
ਇਹ ਵਾਅਕਾ ਸਭ ਤੋਂ ਪਹਿਲਾਂ ਮੈਂ ਛੋਟੇ ਹੁੰਦੇ ਆਪਦੀ ਮਾਤਾ ਸਰਦਾਰਨੀ ਗੁਰਦਿਆਲ ਕੌਰ ਤੋਂ ਸੁਣਿਆ ਸੀ, ਵੱਡਾ ਹੋ ਕੇ ਆਪਦੇ ਨਾਨੇ ਸਰਦਾਰ ਜਗੀਰ ਸਿੰਘ ਤੋਂ। ਮੇਰੇ ਨਾਨਾ ਜੀ ਨਾਲ ਸ਼ੇਰ ਮਾਰਨ ਵਾਲੇ ਸਾਰੇ ਔਪਰੇਸ਼ਨ ਵਿਚ ਖ਼ੁਦ ਸ਼ਾਮਲ ਹੋਏ ਸਾਬਕਾ ਸਰਪੰਚ ਸਰਦਾਰ ਭੁਪਿੰਦਰ ਸਿੰਘ ਅੱਜ ਕੱਲ ਬਾਜਪੁਰ ਤਹਿਸੀਲ ਦੇ ਸੰਤੋਸ਼ਪੁਰ ਫ਼ਾਰਮ ਵਿਚ ਰਹਿ ਰਹੇ ਹਨ, ਆਪਦੀ ਯਾਦਾਸ਼ਤ ਰੀਫਰੈਸ਼ ਕਰਨ ਵਾਸਤੇ 65 ਸਾਲ ਪੁਰਾਣੀ ਸਾਰੀ ਗੱਲ ਬਾਤ ਇੱਕ ਵਾਰ ਉਹਨਾਂ ਦੀ ਹੀ ਜੁਬਾਨੀ ਹਾਲੀਆ ਦਿਨਾਂ ਦੌਰਾਨ ਹੀ ਸੁਣੀ ਹੈ।
ਬਾਜਪੁਰ ਨੇੜੇ ਬਿਰਾਹਾ ਫ਼ਾਰਮ ਵਾਲੇ 70 ਸਾਲਾ ਸਰਦਾਰ ਬਲਜਿੰਦਰ ਸਿੰਘ ਸੋਹੀ ਦੱਸਦੇ ਹਨ ਕਿ ਇੱਥੇ ਸ਼ੇਰਾਂ ਚੀਤਿਆਂ ਦਾ ਘੁੰਮਣਾ ਫਿਰਨਾ ਤਾਂ ਆਮ ਗੱਲ ਸੀ। ਬਾਜਪੁਰ ਨੇੜੇ ਰਾਣਾ ਫ਼ਾਰਮ ਦੇ ਜੰਮਪਲ ਪੰਜਾਬ ਦੇ ਸਾਬਕਾ ਵਜ਼ੀਰ ਸਰਦਾਰ ਗੁਰਜੀਤ ਸਿੰਘ ਰਾਣਾ 1953 ਚ ਜਦੋਂ ਬਚਪਨ ਵੇਲੇ ਆਪਣੀ ਮਾਤਾ ਸਰਦਾਰਨੀ ਰਾਣਾ ਰਤਨ ਕੌਰ ਨਾਲ ਰਾਤ ਵੇਲੇ ਮੰਜੇ ਤੇ ਪਏ ਸਨ ਤਾਂ ਇੱਕ ਚੀਤੇ ਨੇ ਆ ਕੇ ਮਾਤਾ ਦੇ ਪੈਰ ਨੂੰ ਬੁਰਕ ਮਾਰਿਆ,ਚੀਕ ਚਿਹਾੜਾ ਸੁਣ ਕੇ ਇਕੱਠੇ ਹੋਏ ਬੰਦਿਆਂ ਕਰਕੇ ਬਚਾ ਹੋ ਗਿਆ। ਬਲਜਿੰਦਰ ਸਿੰਘ ਸੋਹੀ ਨੇ ਦੱਸਿਆ ਕਿ, ‘‘ਸਾਡੇ ਕਈ ਡੰਗਰ ਸ਼ੇਰਾਂ ਨੇ ਖਾ ਲਏ ਸੀ,ਇੱਕ ਵਾਰ 1955 ਵਿਚ ਸ਼ਿਕਾਰ ਕਰ ਰਹੇ ਅੰਗਰੇਜ਼ ਇੱਕ ਸ਼ੇਰ ਮਾਰ ਕੇ ਸਾਡੇ ਵੇਹੜੇ ਵਿੱਚ ਘੜੀਸ ਲਿਆਏ ਸੀ ਤੇ ਜੀਹਦੀ ਲੰਬਾਈ ਉਚਾਈ ਦੀ ਬਕਾਇਦਾ ਪੈਮਾਇਸ਼ ਕੀਤੀ ਸੀ। ਮੈਂ ਤੇ ਹੋਰ ਜੁਆਕਾਂ ਨੇ ਮਰੇ ਪਏ ਸ਼ੇਰ ਦੇ ਸੋਟੀਆਂ ਵੀ ਮਾਰੀਆਂ ਸੀ।” ਸਰਦਾਰ ਬਲਜਿੰਦਰ ਸਿੰਘ ਦੱਸਦੇ ਹਨ ਕਿ ਉਹਨਾ ਦੇ ਸਹੁਰਾ ਸਾਹਿਬ ਨਮੂਨਾ ਫ਼ਾਰਮ ਵਾਲੇ ਸਰਦਾਰ ਅਮਰ ਸਿੰਘ ਧਨੋਆ ਨੇ ਆਪਦੇ ਭਰਾਵਾਂ ਸਰਦਾਰ ਕਰਤਾਰ ਸਿੰਘ ਤੇ ਸਰਦਾਰ ਚੰਦਾ ਸਿੰਘ ਨਾਲ ਰਲ਼ ਕੇ ਇੱਕ ਸ਼ੇਰ ਮਾਰਿਆ ਸੀ।
ਰਾਹ ਖਹਿੜੇ ਜਾਂਦਿਆਂ ਨੂੰ ਸ਼ੇਰ ਅਕਸਰ ਹੀ ਟੱਕਰ ਜਾਂਦੇ ਹੁੰਦੇ ਸੀ। ਇਹ ਤਾਂ ਬਾਜਪੁਰ ਦੇ 4-5 ਕਿੱਲੋਮੀਟਰ ਦਾਇਰੇ ਦੀਆਂ ਕਹਾਣੀਆਂ ਨੇ ਉਹ ਵੀ ਸਾਰੀਆਂ ਨਹੀਂ। ਸਮੁੱਚੀ ਤਰਾਈ ’ਚ ਸ਼ੇਰਾਂ ਵੱਲੋਂ ਮਾਰ ਦੇਣ ਜ਼ਖ਼ਮੀਂ ਕਰਨ ਜਾਂ ਬੰਦਿਆਂ ਵੱਲੋਂ ਸ਼ੇਰਾਂ ਨੂੰ ਮਾਰਨ ਦੀਆਂ ਸੈਂਕੜੇ ਕਹਾਣੀਆਂ ਹੋਰ ਵੀ ਹੋਣਗੀਆਂ। ਸੋ ਸਲਾਮ ਹੈ! ਸ਼ੇਰਾਂ ਵਰਗੇ ਜਿਗਰਿਆਂ ਵਾਲੇ ਸਾਡੇ ਓਹਨਾਂ ਵਡਾਰੂਆਂ ਨੂੰ ਜਿਨਾਂ ਨੇ ਸ਼ੇਰਾਂ ਮੂਹਰੇ ਹਿੱਕਾਂ ਡਾਹ ਕੇ ਜੰਗਲ਼ ਅਬਾਦ ਕਰ ਦਿਖਾਇਆ।
Comment here