ਸਿਆਸਤਵਿਸ਼ੇਸ਼ ਲੇਖ

ਤਣਾਅਗ੍ਰਸਤ ਮਾਨਸਿਕਤਾ- ਖੁਦਕੁਸ਼ੀਆਂ ਕਰਨ ਵਾਲਿਆਂ ਚ ਬਹੁਤੇ ਭਾਰਤੀ!!

ਭਾਰਤ ਬਿਨਾਂ ਸ਼ੱਕ ਤਰੱਕੀ ਦੇ ਰਾਹ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਪਰ ਅਲਾਮਤਾਂ ਵੀ ਇਥੇ ਦੇ ਲੋਕਾਂ ਨੂੰ ਓਨੀ ਹੀ ਤੇਜ਼ੀ ਨਾਲ ਘੇਰਨ ਲੱਗੀਆਂ ਹਨ। ਬਦਲ ਰਹੇ ਯੁੱਗ ਨਾਲ ਮਨੁੱਖ ਦੀਆਂ ਮਾਨਸਿਕ ਅਤੇ ਸਰੀਰਕ ਪੀੜਾਂ ਵੀ ਉਸੇ ਰਫ਼ਤਾਰ ਨਾਲ ਵਧੀਆਂ ਹਨ। ਉਂਜ ਤਾਂ ਭਾਰਤ ਵਿਚ ਪਿਛਲੇ ਦੋ ਦਹਾਕਿਆਂ ਦੌਰਾਨ ਮਾਨਸਿਕ ਵਿਕਾਰ ਪਹਿਲਾਂ ਨਾਲੋਂ ਜ਼ਿਆਦਾ ਭਾਰੂ ਹੋ ਰਹੇ ਹਨ ਪਰ ਕੋਰੋਨਾ ਦੀ ਮਾਰ ਨੇ ਹਾਲਾਤ ਨੂੰ ਹੋਰ ਗੁੰਝਲਦਾਰ ਅਤੇ ਜਟਿਲ ਬਣਾ ਦਿੱਤਾ ਹੈ। ਪਹਿਲਾਂ ਪਹਿਲ ਉਦਾਸੀਨਤਾ ਜਾਂ ਤਣਾਅ ਸ਼ਹਿਰੀ ਬਿਮਾਰੀ ਮੰਨੀ ਜਾਂਦੀ ਸੀ ਪਰ ਹੁਣ ਕਸਬਿਆਂ ਅਤੇ ਪਿੰਡਾਂ ਦੇ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ। ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਖ ਹੋ ਸਕਦੀਆਂ ਹਨ ਪਰ ਦੋਵਾਂ ਸਿਰ ਸੰਕਟ ਇੱਕੋ ਜਿਹਾ ਆ ਖੜ੍ਹਿਆ ਹੈ। ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਨਵੇਂ ਜ਼ਮਾਨੇ ਵਿਚ ਮਨੁੱਖ ਵਧੇਰੇ ਸੁਚੇਤ ਅਤੇ ਜਾਗਰੂਕ ਹੋ ਗਿਆ ਹੈ। ਪੁਰਾਣੇ ਸਮਿਆਂ ਵਿਚ ਜਿਹੜੇ ਮੁੱਦੇ ਸਾਂਝੇ ਪਰਿਵਾਰਾਂ ਵਿਚ ਬਹਿ ਕੇ ਹੱਲ ਕਰ ਲਏ ਜਾਂਦੇ ਸਨ, ਉਹ ਹੁਣ ਅੰਦਰ ਦੱਬੇ ਰਹਿ ਜਾਣ ਲੱਗੇ ਹਨ। ਉਨ੍ਹਾਂ ਸਮਿਆਂ ਵਿਚ ਉਦਾਸੀਨਤਾ, ਤਣਾਅ ਜਾਂ ਫਿਰ ਮਾਨਸਿਕ ਰੋਗ ਨੂੰ ਲੁਕੋ ਕੇ ਰੱਖਿਆ ਜਾਂਦਾ ਸੀ, ਹੁਣ ਇਸ ਨੂੰ ਦੂਜੀਆਂ ਬਿਮਾਰੀਆਂ ਦੀ ਤਰ੍ਹਾਂ ਦੱਸ ਕੇ ਲੋਕ ਡਾਕਟਰਾਂ ਕੋਲ ਜਾਣ ਦਾ ਹੀਆ ਕਰਨ ਲੱਗੇ ਹਨ।
ਕੋਰੋਨਾ ਕਾਲ ਦੌਰਾਨ ਮਨ ਦੀ ਬਿਮਾਰੀ ਇਕ ਤਰ੍ਹਾਂ ਨਾਲ ਮਹਾਂਮਾਰੀ ਬਣ ਕੇ ਆਈ ਹੈ। ਬਿਮਾਰੀ ਨਾਲ ਜਿਹੜਾ ਨੁਕਸਾਨ ਹੋਇਆ ਹੈ, ਜਿਵੇਂ ਮਨੁੱਖ ਦੀ ਜਿਊਂਦੇ ਜੀਅ ਜਾਂ ਮਰਨ ਤੋਂ ਬਾਅਦ ਮਿੱਟੀ ਰੁਲੀ ਹੈ, ਉਸ ਨੇ ਸਮਾਜ ਨੂੰ ਧੁਰ ਅੰਦਰੋਂ ਹਲੂਣ ਕੇ ਰੱਖ ਦਿੱਤਾ ਹੈ। ਹੁਣ ਕੋਰੋਨਾ ਦਾ ਬਦਲਦਾ ਰੂਪ ਲੋਕਾਂ ਨੂੰ ਵੱਖਰਾ ਡਰਾਉਣ ਲੱਗਾ ਹੈ। ਮਨੁੱਖ ਅੰਦਰ ਅਨਹੋਣੀ ਵਾਪਰਨ ਦੀ ਦਹਿਸ਼ਤ ਹੈ। ਮੈਂਟਲ ਹੈਲਥ ਸਰਵਿਸ ਦੀ ਰਿਪੋਰਟ ਤੋਂ ਸਮਾਜ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦੇਣ ਵਾਲੇ ਤੱਥ ਸਾਹਮਣੇ ਆਏ ਹਨ ਕਿ ਦੁਨੀਆ ਭਰ ਵਿਚ ਆਤਮ ਹੱਤਿਆਵਾਂ ਕਰਨ ਵਾਲਿਆਂ ਵਿਚੋਂ 37 ਫ਼ੀਸਦੀ ਭਾਰਤੀ ਹਨ। ਭਾਰਤ ਦੇ 26 ਰਾਜਾਂ ਵਿਚ ਔਰਤਾਂ ਦੀ ਮੌਤ ਦੀ ਸਭ ਤੋਂ ਵੱਡੀ ਵਜ੍ਹਾ ਖ਼ੁਦਕੁਸ਼ੀ ਹੈ। ਭਾਰਤੀਆਂ ਵਿਚੋਂ 12 ਫ਼ੀਸਦੀ ਕਿਸੇ ਨਾ ਕਿਸੇ ਪ੍ਰਕਾਰ ਦੀ ਮਾਨਸਿਕ ਚੀਸ ਵਿਚੋਂ ਗੁਜ਼ਰ ਰਹੇ ਹਨ। ਕੋਰੋਨਾ ਕਾਲ ਦੌਰਾਨ ਮਾਨਸਿਕ ਰੋਗਾਂ ਦੀ ਗਿਣਤੀ ਵਿਚ 35 ਫ਼ੀਸਦੀ ਦਾ ਵਾਧਾ ਹੋਇਆ ਹੈ। ਤਿੰਨ ਕਰੋੜ ਅੱਠ ਲੱਖ ਭਾਰਤੀ ਤਣਾਅ ਦੀ ਬਿਮਾਰੀ ਤੋਂ ਪੀੜਤ ਹਨ। ਪੰਜ ਕਰੋੜ ਛੇ ਲੱਖ ਲੋਕ ਮਾਨਸਿਕ ਦਬਾਅ ਵਿਚੋਂ ਦੀ ਲੰਘ ਰਹੇ ਹਨ। ਸਿਹਤ ਸਹੂਲਤਾਂ ਦਾ ਏਨਾ ਦੀਵਾਲਾ ਨਿਕਲ ਚੁੱਕਾ ਹੈ ਕਿ ਭਾਰਤ ਵਿਚ ਇਕ ਲੱਖ ਵਾਸੀਆਂ ਪਿੱਛੇ ਮਨੋਰੋਗਾਂ ਦਾ ਕੇਵਲ ਇਕ ਡਾਕਟਰ ਹੈ।
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਆਮ ਮਨੁੱਖ ਆਤਮ-ਹੱਤਿਆ ਉਦੋਂ ਕਰਦਾ ਹੈ ਜਦੋਂ ਮਾਨਸਿਕ ਵਿਕਾਰ ਸਿਖਰ ‘ਤੇ ਹੋਣ। ਸਰਵੇ ਵਿਚ ਦੋ ਹੋਰ ਅਹਿਮ ਗੱਲਾਂ ਕਹੀਆਂ ਗਈਆਂ ਹਨ ਕਿ 47 ਫ਼ੀਸਦੀ ਬਜ਼ੁਰਗ ਮੰਨਦੇ ਹਨ ਕਿ ਇਕੱਲਾਪਨ ਹੀ ਮਾਨਸਿਕ ਰੋਗ ਦੀ ਅਸਲ ਵਜ੍ਹਾ ਹੈ। ਇਸ ਦੇ ਉਲਟ 38 ਫ਼ੀਸਦੀ ਔਰਤਾਂ ਨੂੰ ਇਕੱਲਾਪਣ ਮਾਨਸਿਕ ਦਬਾਅ ਵੱਲ ਧੱਕ ਰਿਹਾ ਹੈ। ਨਵੀਂ ਪੀੜ੍ਹੀ ਵੀ ਇਕੱਲੇਪਣ ਦੀ ਬਿਮਾਰੀ ਤੋਂ ਬਚ ਨਹੀਂ ਸਕੀ ਅਤੇ 12 ਫ਼ੀਸਦੀ ਨੌਜਵਾਨ ਇਸੇ ਵਜ੍ਹਾ ਕਰਕੇ ਮਾਨਸਿਕ ਦਬਾਅ ਦਾ ਸ਼ਿਕਾਰ ਹੋ ਰਹੇ ਹਨ। ਸਰਵੇ ਤੋਂ ਇਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਵਿਚ ਵੱਡੀ ਗਿਣਤੀ ‘ਚ ਲੋਕਾਂ ਦੀ ਵਿੱਤੀ ਹਾਲਤ ਏਨੀ ਪਤਲੀ ਹੈ ਕਿ ਜੇ ਪਰਿਵਾਰ ਦਾ ਇਕ ਮੈਂਬਰ ਬਿਮਾਰ ਹੋ ਜਾਵੇ ਤਾਂ ਦੂਜਾ ਜਣਾ ਇਲਾਜ ਦੇ ਖ਼ਰਚੇ ਦੀ ਚਿੰਤਾ ਨਾਲ ਤਣਾਅ ਵਿਚ ਚਲਾ ਜਾਂਦਾ ਹੈ। ਰਿਪੋਰਟ ਵਿਚ ਡਾਕਟਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ੱਕਰ ਰੋਗ ਜਾਂ ਬਲੱਡ ਪ੍ਰੈੱਸ਼ਰ ਦੀ ਤਰ੍ਹਾਂ ਮਨੋਰੋਗ ਵੀ ਜੈਨੈਟਿਕ ਬਿਮਾਰੀ ਹੈ। ਜੇ ਕਿਸੇ ਬੱਚੇ ਨਾਲ ਬਚਪਨ ਵਿਚ ਘਰਦਿਆਂ ਜਾਂ ਬਾਹਰਲਿਆਂ ਵਲੋਂ ਜ਼ਿਆਦਤੀ ਕੀਤੀ ਗਈ ਹੋਵੇ ਤਾਂ ਬਿਮਾਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਪਰਿਵਾਰ ਜਾਂ ਰਿਸ਼ਤੇਦਾਰਾਂ ਨਾਲ ਸੰਬੰਧ ਨਿੱਘੇ ਨਾ ਰਹਿਣ ਜਾਂ ਫਿਰ ਸਮਾਜ ਤੋਂ ਅਲੱਗ-ਥਲੱਗ ਹੋ ਕੇ ਚੱਲਣ ਵਾਲੇ ਮਨੁੱਖ ਨੂੰ ਇਹ ਬਿਮਾਰੀ ਛੇਤੀ ਆ ਘੇਰਦੀ ਹੈ। ਦਫ਼ਤਰ ਦਾ ਤਣਾਅਪੂਰਵਕ ਮਾਹੌਲ ਵੀ ਮਨੋਰੋਗ ਦੀ ਵਜ੍ਹਾ ਬਣਦਾ ਹੈ।
ਰਿਪੋਰਟ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬਿਮਾਰੀ ਨੂੰ ਲੁਕਾਉਣ ਦੀ ਥਾਂ ਸ਼ੁਰੂ ਵਿਚ ਹੀ ਮਨੋਵਿਗਿਆਨ ਜਾਂ ਮਨੋਰੋਗਾਂ ਦੇ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੁੰਦੀ ਹੈ। ਜਦੋਂ ਕਿਸੇ ਮਨੁੱਖ ਨੂੰ ਇਕੱਲੇ ਰਹਿਣ ਤੋਂ ਡਰ ਲੱਗਣ ਲੱਗ ਜਾਵੇ, ਖ਼ੁਸ਼ੀ ਦੇ ਪਲ ਵੀ ਮਨ ਨੂੰ ਨਾ ਭਾਉਣ, ਮਨੁੱਖ ਦਾ ਸੁਭਾਅ ਵਧੇਰੇ ਝਗੜਾਲੂ ਹੋਣ ਲੱਗ ਪਵੇ, ਮੂਡ ਵਿਚ ਛੇਤੀ ਛੇਤੀ ਉਤਰਾਅ-ਚੜ੍ਹਾਅ ਆਉਣ ਲੱਗ ਪੈਣ, ਨੀਂਦ ਖ਼ਰਾਬ ਹੋਣ ਲੱਗ ਪਵੇ ਜਾਂ ਫਿਰ ਤੁਹਾਡੇ ਵਿਵਹਾਰ ਵਿਚ ਬਦਲਾਅ ਆਉਣਾ ਸ਼ੁਰੂ ਹੋ ਜਾਵੇ ਤਾਂ ਤੁਹਾਨੂੰ ਡਾਕਟਰ ਦੀ ਤੁਰੰਤ ਸਲਾਹ ਦੀ ਜ਼ਰੂਰਤ ਹੈ। ਡਾਕਟਰਾਂ ਦਾ ਇਹ ਵੀ ਮੰਨਣਾ ਹੈ ਕਿ ਮਾਨਸਿਕ ਦਬਾਅ ਦਾ ਸੰਬੰਧ ਮੌਸਮ ਨਾਲ ਵੀ ਜੁੜਿਆ ਹੋਇਆ ਹੈ। ਮੌਸਮ ਬਦਲਣ ਵੇਲੇ ਅਤੇ ਭਰ ਗਰਮੀ ਜਾਂ ਪੂਰੀ ਠੰਢ ਵੇਲੇ ਤਕਲੀਫ਼ ਆਮ ਨਾਲੋਂ ਵਧ ਜਾਂਦੀ ਹੈ। ਅਸਲ ਵਿਚ ਇਹ ਇਹੋ ਜਿਹੀ ਬਿਮਾਰੀ ਹੈ ਜਿਸ ਨਾਲ ਦਵਾਈ ਨਾਲੋਂ ਆਪਣੇ ਮਨੋਬਲ ਨਾਲ ਵਧੇਰੇ ਤਕੜੇ ਹੋ ਕੇ ਲੜਿਆ ਜਾ ਸਕਦਾ ਹੈ। ਚੜ੍ਹਦੀ ਕਲਾ ਵਿਚ ਰਹਿਣ ਦੇ ਗੁਰ ਨਾਲ ਆਪਣੇ-ਆਪ ਨੂੰ ਸਾਕਾਰਾਤਮਿਕ ਕੰਮਾਂ ਵਿਚ ਲਾਈ ਰੱਖਣ, ਖ਼ੁਸ਼ੀ ਨੂੰ ਵਧਾ ਕੇ ਦੇਖਣ ਅਤੇ ਪਰਿਵਾਰ ਨਾਲ ਰਚ-ਮਿਚ ਕੇ ਰਹਿਣ ਨਾਲ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਪਣੇ ਆਪ ਨੂੰ ਬਿਮਾਰੀ ਦੇ ਭਾਰ ਥੱਲੇ ਦੱਬ ਕੇ ਖ਼ਤਮ ਕਰਨ ਨਾਲੋਂ ਦਲੇਰੀ ਦੇ ਸਹਾਰੇ ਟੱਕਰ ਲੈ ਕੇ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਣਾ ਜੀਵਨ ਦੀ ਕਲਾ ਹੈ। ਹੁਣ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਭਾਰਤੀ ਚੋਣ ਕਮਿਸ਼ਨ ਦੀਆਂ ਕੋਰੋਨਾ ਪਾਬੰਦੀਆਂ ਹਰ ਪਾਸੇ ਤੋਂ ਤਰਕ-ਸੰਗਤ ਮੰਨੀਆਂ ਜਾਣ ਲੱਗੀਆਂ ਹਨ। ਲੋੜ ਸਿਆਸਤਦਾਨਾਂ ਨੂੰ ਸਬਕ ਸਿੱਖਣ ਦੀ ਹੈ। ਸਿਆਸੀ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੱਤਾ ਨਾਲੋਂ ਲੋਕਾਂ ਦੀ ਜਾਨ ਵਧੇਰੇ ਮਹੱਤਵਪੂਰਨ ਹੈ। ਉਂਜ, ਵੋਟਰਾਂ ਕੋਲ ਸਿਆਸੀ ਪਾਰਟੀਆਂ ਦੀਆਂ ਚੋਣ ਰੈਲੀਆਂ ਵਿਚ ਜਾਣ ਜਾਂ ਫਿਰ ਨਿੱਜੀ ਦੂਰੀ ਬਣਾ ਕੇ ਰੱਖਣ ਦਾ ਮੌਲਿਕ ਅਧਿਕਾਰ ਰਾਖਵਾਂ ਹੈ। ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਵੋਟਾਂ ਤੋਂ ਪਹਿਲਾਂ ਤੁਹਾਡੇ ਆਲੇ-ਦੁਆਲੇ ਮੰਡਰਾਉਣ ਵਾਲੇ ਸਿਆਸਤਦਾਨ ਬਾਅਦ ਵਿਚ ਤੁਹਾਨੂੰ ਅਕਸਰ ਵਿਸਾਰ ਦਿੰਦੇ ਹਨ।

-ਕਮਲਜੀਤ ਬਨਵੈਤ

Comment here