ਅਪਰਾਧਸਿਆਸਤਖਬਰਾਂ

ਢੱਡਰੀਆਂ ਵਾਲੇ ਦੇ ਵਕੀਲ ਨੂੰ ਮਾਰਨ ਦੀ ਧਮਕੀ

ਫਤਹਿਗੜ੍ਹ ਸਾਹਿਬ – ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵਕੀਲ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਬਸੀ ਪਠਾਣਾਂ ਪੁਲਿਸ ਨੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੱਤਰਕਾਰਾਂ ਵੱਲੋਂ ਸੰਪਰਕ ਕਰਨ ‘ਤੇ ਬੱਸੀ ਪਠਾਣਾਂ ਦੇ ਡੀਐੱਸਪੀ ਅਮਰਪ੍ਰਰੀਤ ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬਸੀ ਪਠਾਣਾਂ ਦੇ ਥਾਣੇ ਵਿਚ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਜੀਐੱਸ ਘੁੰਮਣ ਵੱਲੋਂ ਦਿੱਤੇ ਬਿਆਨ ਦੇ ਆਧਾਰ ‘ਤੇ ਕੀਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਉਨ੍ਹਾਂ ਦੇ ਭਰਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਚ ਵਕੀਲ ਹੈ। ਲੰਘੀ 28 ਸਤੰਬਰ ਨੂੰ ਉਹ ਆਪਣੇ ਪਰਿਵਾਰ ਤੇ ਭਰਾ ਸਮੇਤ ਘਰ ਵਿਚ ਮੌਜੂਦ ਸਨ। ਇਸ ਦੌਰਾਨ ਰਾਤ ਕਰੀਬ 10 ਵਜੇ ਨਾਮਾਲੂਮ ਵਿਅਕਤੀਆਂ ਨੇ ਆਪਣੀ ਕਾਰ ਸਮੇਤ ਘਰ ਦੇ ਅੰਦਰ ਦਾਖ਼ਲ ਹੋ ਕੇ ਸ਼ਿਕਾਇਤ ਕਰਤਾ ਅਤੇ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕਿਹਾ, ”ਜੇ ਤੁਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕੇਸ ਦੀ ਪੈਰਵਾਈ ਕਰਨ ਤੋਂ ਨਹੀਂ ਹੱਟਦੇ ਤਾਂ ਜਾਨੋਂ ਮਾਰ ਦੇਵਾਂਗੇ”। ਇਸ ਮਗਰੋਂ ਇਹ ਅਨਸਰ ਫ਼ਰਾਰ ਹੋ ਗਏ। ਸ਼ਿਕਾਇਤ ਕਰਤਾ ਮੁਤਾਬਕ 28 ਤੇ 29 ਸਤੰਬਰ ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 1 ਵਜੇ ਉਸ ਦੇ ਅਤੇ ਉਸ ਦੇ ਭਰਾ ਦੇ ਮੋਬਾਈਲ ਨੰਬਰ ‘ਤੇ ਉਸ ਗਰੁੱਪ ਨਾਲ ਸਬੰਧਤ ਕੁਝ ਵਿਅਕਤੀਆਂ ਦੀਆਂ ਫੋਟੋਆਂ ਤੇ ਆਡੀਓ ਮੈਸੇਜ ਭੇਜੇ ਗਏ। ਆਡੀਓ ਮੈਸੇਜ ਵਿਚ ਕਿਹਾ ਗਿਆ, ”ਅਸੀਂ ਨਰਾਤਿਆਂ ਤੋਂ ਬਾਅਦ ਤੁਹਾਨੂੰ ਕਤਲ ਕਰ ਦੇਵਾਂਗੇ”। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comment here