ਸਿਆਸਤਖਬਰਾਂ

ਢੀਂਡਸਾ ਵਾਲੇ ਅਕਾਲੀ ਦਲ ਦਾ ਭੀਮ ਆਰਮੀ ਨਾਲ ਚੋਣ ਸਮਝੌਤਾ

ਚੰਡੀਗੜ-ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣ ਲਈ ਸਿਆਸੀ ਪਾਰਟੀਆਂ ਜੋੜ ਤੋੜ ਚ ਲੱਗੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਭੀਮ ਆਰਮੀ ਸੈਨਾ ਵਿਚਕਾਰ ਅਗਾਮੀ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਗੱਠਜੋੜ ‘ਤੇ ਮੋਹਰ ਲੱਗੀ । ਇਸ ਮੌਕੇ ਅਜ਼ਾਦ ਸਮਾਜ ਪਾਰਟੀ ਵੀ ਸੰਯੁਕਤ ਅਕਾਲੀ ਦਲ ਨਾਲ ਜੁੜ ਗਈ ਹੈ। ਅਕਾਲੀ ਦਲ (ਸੰਯੁਕਤ) ਨੇ ਉੱਤਰ ਪ੍ਰਦੇਸ਼ ਦੇ ਦਲਿਤ ਆਗੂ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਭੀਮ ਆਰਮੀ ਨਾਲ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਚੋਣ ਗੱਠਜੋੜ ਦਾ ਐਲਾਨ ਕੀਤਾ ਹੈ। ਅਕਾਲੀ ਨੇਤਾਵਾਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਅੱਜ ਚੰਡੀਗੜ੍ਹ ’ਚ ਪ੍ਰੈਸਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਇਨ੍ਹਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ’ਤੇ ਪੰਜਾਬ ਨੂੰ ਸਿਆਸੀ, ਆਰਥਿਕ ਤੇ ਸਮਾਜਿਕ ਤੌਰ ’ਤੇ ਤਬਾਹ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜੇਕਰ ਮੁੜ ਲੀਹਾਂ ’ਤੇ ਲਿਆਉਣਾ ਹੈ ਤਾਂ ਬਾਦਲਾਂ ਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ। ਸੁਖਦੇਵ ਢੀਂਡਸਾ ਨੇ ਕਿਹਾ ਕਿ ਲੋਕ ਅਕਾਲੀ ਦਲ, ਕਾਂਗਰਸ ਤੇ ਭਾਜਪਾ ਤੋਂ ਦੁਖੀ ਹਨ। ਲੋਕਾਂ ਦੀ ਦਿਲੀ ਇੱਛਾ ਕਿ ਇਕ ਸਾਂਝਾ ਫਰੰਟ ਬਣੇ, ਜਿਸਦੀ ਅੱਜ ਨੀਂਹ ਰੱਖਣ ਲੱਗੇ ਹਾਂ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਇੱਛਾ ਮੁਤਾਬਿਕ ਸਰਕਾਰ ਬਣਾਉਣਾ ਚਾਹੁੰਦੇ ਨੇ। ਉਨ੍ਹਾਂ ਬਲਵੰਤ ਸਿੰਘ ਰਾਮੂਵਾਲੀਅ‍ਾਂ ਨੂੰ ਪੰਜਾਬ ਚ ਆ ਕੇ ਕੰਮ ਕਰਨ ਲਈ ਕਿਹਾ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਉਹਨਾਂ ਕਿਹਾ ਕਿ ਪੰਜਾਬ ਆਰਥਿਕ ਤੌਰ ਤੇ ਕੰਗਾਲ ਹੋ ਗਿਆ ਹੈ। ਬਾਬੂ ਕਾਂਸੀ ਰਾਮ ਦੀ ਭੈਣ ਸਵਰਨ ਕੌਰ ਨੇ ਕਿਹਾ ਕਿ ਮੇਰੇ ਭਰਾ ਨੇ ਕੌਮੀ ਪਾਰਟੀ ਬਣਾਈ ਸੀ ਜੋ ਹੁਣ ਖੇਰੂ ਖੇਰੂੰ ਹੋ ਗਈ। ਉਹਨਾਂ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ।ਅਕਾਲੀ ਦਲ ਸੰਯੁਕਤ ਦਾ ਪਹਿਲਾਂ ਆਮ ਆਦਮੀ ਪਾਰਟੀ ਨਾਲ ਚੋਣ ਸਮਝੌਤੇ ਹੋਣ ਦੀਆਂ ਚਰਚਾਵਾਂ ਚੱਲੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਸੇ ਪਾਰਟੀ ਨਾਲ ਚੋਣ ਸਮਝੌਤਾ ਕਰਨ ਤੋ ਮਨਾ ਕਰਦੇ ਹੋਏ ਢੀਂਡਸਾ ਨੂੰ ਆਪਣੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਦੀਆਂ ਗੱਲ ਕਹੀ ਸੀ।

Comment here