ਭਦਰਵਾਹ-ਜੰਮੂ ਕਸ਼ਮੀਰ ਦੇ ਡੋਡਾ ’ਚ ਲਸ਼ਕਰ ਦੇ ਅੱਤਵਾਦੀ ਦੀ ਜਾਇਦਾਦ ਕੁਰਕ ਦੀ ਖਬਰ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਪਾਰ ਤੋਂ ਲਸ਼ਕਰ-ਏ-ਤੋਇਬਾ ਦੇ ਫਰਾਰ ਕਮਾਂਡਰ ਅਬਦੁਲ ਰਸ਼ੀਦ ਉਰਫ਼ ‘ਜਹਾਂਗੀਰ’ ਦੀਆਂ ਜਾਇਦਾਦਾਂ ਕੁਰਕ ਕਰ ਲਈਆਂ ਹਨ। ਡੋਡਾ ਦੇ ਸੀਨੀਅਰ ਪੁਲਸ ਕੈਪਟਨ (ਐੱਸ.ਐੱਸ.ਪੀ.) ਅਬਦੁਲ ਕਯੂਮ ਨੇ ਦੱਸਿਆ ਕਿ ਜ਼ਾਬਤਾ ਫ਼ੌਜਦਾਰੀ ਪ੍ਰਕਿਰਿਆ (ਸੀਆਰਪੀਸੀ) ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਲ ਅਤੇ ਪੁਲਸ ਅਧਿਕਾਰੀਆਂ ਦੀ ਇਕ ਸਾਂਝੀ ਕਾਰਵਾਈ ਨੇ ਇਕ ਨਿਆਂਇਕ ਮੈਜਿਸਟਰੇਟ ਦੇ ਹੁਕਮਾਂ ’ਤੇ ਪਿੰਡ ਠਠਰੀ ਦੇ ਖਾਨਪੁਰਾ ਪਿੰਡ ’ਚ ਚਾਰ ਕਨਾਲ ਜ਼ਮੀਨ ਨੂੰ ਜ਼ਬਤ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਉਨ੍ਹਾਂ ਹੋਰ ਸਥਾਨਕ ਅੱਤਵਾਦੀਆਂ ਖਿਲਾਫ਼ ਵੀ ਕਾਰਵਾਈ ਕਰ ਰਹੀ ਹੈ, ਜੋ ਪਾਕਿਸਤਾਨ ਚਲੇ ਗਏ ਹਨ ਅਤੇ ਡਿਜੀਟਲ ਮਾਧਿਅਮ ਜਾਂ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਵਰਗਲਾਉਣ ਅਤੇ ਜ਼ਿਲ੍ਹੇ ’ਚ ਅੱਤਵਾਦ ਨੂੰ ਮੁੜ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਐੱਸ.ਐੱਸ.ਪੀ. ਨੇ ਕਿਹਾ ਕਿ ਰਾਸ਼ਿਦ 1993 ’ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੌੜ ਗਿਆ ਸੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਹਥਿਆਰਾਂ ਦੀ ਸਿਖਲਾਈ ਲੈਣ ਤੋਂ ਬਾਅਦ ਪਰਤਿਆ ਸੀ। ਅਧਿਕਾਰੀ ਨੇ ਕਿਹਾ, ‘‘ਪਾਕਿਸਤਾਨ ਤੋਂ ਘੁਸਪੈਠ ਕਰਨ ਤੋਂ ਬਾਅਦ ਉਹ ਹੋਰ ਕੱਟੜ ਅੱਤਵਾਦੀਆਂ ਨਾਲ ਸਰਗਰਮ ਰਿਹਾ ਅਤੇ ਜ਼ਿਲ੍ਹੇ ’ਚ ਵਿਸਫ਼ੋਟ ਦੀਆਂ ਘਟਨਾਵਾਂ ਤੋਂ ਇਲਾਵਾ ਆਮ ਨਾਗਰਿਕਾਂ ਅਤੇ ਸੁਰੱਖਿਆ ਫ਼ੋਰਸਾਂ ’ਤੇ ਕੀਤੇ ਗਏ ਕਈ ਹਮਲਿਆਂ ’ਚ ਸ਼ਾਮਲ ਪਾਇਆ ਗਿਆ।’’ ਅਧਿਕਾਰੀ ਨੇ ਕਿਹਾ, ‘‘ਇਸ ਤੋਂ ਇਲਾਵਾ, ਉਸ ਨੇ ਕਈ ਸਥਾਨਕ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਉਕਸਾਇਆ।’’ ਉਨਾਂ ਕਿਹਾ ਕਿ ਥਾਥਰੀ ਦੇ ਇਕ ਹੋਰ ਅੱਤਵਾਦੀ ਮੁਹੰਮਦ ਅਮੀਨ ਉਰਫ਼ ਖੁਬੈਬ ਨੂੰ ਰਾਸ਼ਿਦ ਨੇ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਕੀਤਾ ਸੀ। ਐੱਸ.ਐੱਸ.ਪੀ. ਨੇ ਕਿਹਾ, ‘‘ਅਮੀਨ ਵੀ ਮੌਜੂਦ ਸਮੇਂ ਪਾਕਿਸਤਾਨ ਤੋਂ ਕੰਮ ਕਰ ਰਿਹਾ ਹੈ ਅਤੇ ਡੋਡਾ, ਕਿਸ਼ਤਵਾੜ ਅਤੇ ਰਾਮਬਨ ਜ਼ਿਲ੍ਹਿਆਂ ’ਚ ਅੱਤਵਾਦ ਨੂੰ ਮੁੜ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।’’ ਉਸ ਨੇ ਹਾਲ ਦੇ ਦਿਨਾਂ ’ਚ ਆਈ.ਈ.ਡੀ. ਵਿਸਫ਼ੋਟ, ਡਰੋਨ ਸੁੱਟਣ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਕਈ ਅੱਤਵਾਦੀ ਘਟਨਾਵਾਂ ਦੀ ਸਾਜਿਸ਼ ਰਚੀ। ਰਾਸ਼ਿਦ ਅਤੇ ਅਮੀਨ ਦੋਵੇਂ ਇਕ ਦਹਾਕੇ ਪਹਿਲਾਂ ਪਾਕਿਸਤਾਨ ਦੌੜ ਗਏ ਸਨ ਅਤੇ ਸਥਾਨਕ ਅਦਾਲਤ ਨੇ ਉਨ੍ਹਾਂ ਨੂੰ ਅਪਰਾਧੀ ਐਲਾਨ ਕੀਤਾ ਹੈ।
Comment here