ਖਬਰਾਂ

ਡੋਡਾ ’ਚ ਬੱਦਲ ਫਟਣ ਕਾਰਨ ਭਾਰੀ ਤਬਾਹੀ

ਕਿਸ਼ਤਵਾੜ–ਕੁਦਰਤੀ ਕਹਿਰ ਦਾ ਵਰਤਾਰਾ ਕਿਤੇ ਵੀ ਵਾਪਰ ਸਕਦਾ ਹੈ, ਇਸ ਦੀ ਤਾਜ਼ਾ ਮਿਸਾਲ ਸਾਡੇ ਸਾਹਮਣੇ ਹੈ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਵਿਚ ਬੁੱਧਵਾਰ ਨੂੰ ਬੱਦਲ ਫਟਣ ਨਾਲ ਅਚਾਨਕ ਆਏ ਹੜ੍ਹ ਵਿਚ ਇਕ ਸਕੂਲ ਦੀ ਇਮਾਰਤ ਸਮੇਤ 13 ਢਾਂਚੇ ਰੁੜ੍ਹ ਗਏ ਅਤੇ ਘੱਟੋ-ਘੱਟ 20 ਹੋਰ ਢਾਂਚੇ ਅੰਸ਼ਿਕ ਰੂਪ ਵਿਚ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਕਾਸ ਸ਼ਰਮਾ, ਐੱਸ. ਐੱਸ. ਪੀ. ਅਬਦੁੱਲ ਕਿਊਮ ਅਤੇ ਠਾਠਰੀ ਦੇ ਉਪ ਡਵੀਜ਼ਨਲ ਮੈਜਿਸਟ੍ਰੇਟ ਅਤਹਰ ਅਮੀਨ ਜਰਗਰ ਸਮੇਤ ਜ਼ਿਲੇ ਦੇ ਚੋਟੀ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਐੱਸ. ਡੀ. ਐੱਮ. ਜਰਗਰ ਨੇ ਕਿਹਾ ਕਿ ਕਹਾਰਾ ਤਹਿਸੀਲ ਦੇ ਤਾਂਤਾ ਇਲਾਕੇ ਵਿਚ ਬੱਦਲ ਫਟਣ ਨਾਲ ਅਚਾਨਕ ਆਏ ਹੜ੍ਹ ਵਿਚ ਅੱਲਾਮਾ ਇਕਬਾਲ ਮੈਮੋਰੀਅਲ ਐਜੁਕੇਸ਼ਨਲ ਇੰਸਟੀਚਿਊਟ, ਇਕ ਮਕਾਨ, 8 ਘਰਾਟ (ਛੋਟੀ ਮਿਲ) ਅਤੇ 3 ਦੁਕਾਨਾਂ ਰੁੜ੍ਹ ਗਈਆਂ।20 ਤੋਂ ਵਧ ਢਾਂਚਿਆਂ ਨੂੰ ਨੁਕਸਾਨ ਪੁੱਜਾ ਹੈ ਪਰ ਜਾਨੀ ਨੁਕਸਾਨ ਜਾਂ ਕਿਸੇ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।ਉਨ੍ਹਾਂ ਦੱਸਿਆ ਕਿ ਭੱਦਰਵਾਹ ਵਿਕਾਸ ਅਥਾਰਿਟੀ ਦਾ ਕਹਾਰਾ ਸੈਰ-ਸਪਾਟਾ ਸਵਾਗਤ ਕੇਂਦਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

Comment here