ਡੇਰਾ ਸੱਚਾ ਸੌਦਾ ਪ੍ਰੇਮੀਆਂ ’ਤੇ ਝੂਠੇ ਕੇਸ ਪਾਏ ਜਾ ਰਹੇ ਹਨ: ਰਾਮ ਸਿੰਘ ਚੇਅਰਮੈਨ
ਸਿਰਸਾ : ਇੱਕ ਪਾਸੇ ਤਾਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਕਾਰਨ ਮਾਹੌਲ ਪਹਿਲਾਂ ਹੀ ਗਰਮ ਹੈ ਤੇ ਦੂਜੇ ਪਾਸੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਇਹ ਹੌਰ ਭੱਖਿਆ ਨਜ਼ਰ ਆ ਰਿਹਾ ਹੈ। ਸਾਰੇ ਸਿਆਸੀ ਆਗੂਆਂ ਦੀਆਂ ਨਜ਼ਰਾਂ ਹੁਣ ਡੇਰਾ ਸੱਚਾ ਸੌਦਾ ਦੇ ਵੋਟ ਬੈਂਕ ’ਤੇ ਲੱਗੀਆਂ ਹੋਈਆਂ ਹਨ। ਡੇਰੇ ਦਾ ਰਾਜਨੀਤਕ ਵਿੰਗ ਇਸ ਸਮੇਂ ਪੰਜਾਬ ਦੌਰੇ ’ਤੇ ਹੈ। ਅਗਲਾ ਕੀ ਫ਼ੈਸਲਾ ਹੋਵੇਗਾ? ਇਸ ਬਾਰੇ ਰਾਜਨੀਤਕ ਵਿੰਗ ਚੁੱਪ ਹੈ। ਰਾਜਨੀਤਕ ਵਿੰਗ ਦੇ ਆਗੂ ਰਾਮ ਸਿੰਘ ਚੇਅਰਮੈਨ ਨਾਲ ਇਸ ਮਾਮਲੇ ਉੱਪਰ ਕਾਫੀ ਦੇਰ ਗੱਲਬਾਤ ਕੀਤੀ ਗਈ। ਜਿਸ ਤੇ ਕਿਸ ਸਿਆਸੀ ਪਾਰਟੀ ਦੀ ਹਮਾਇਤ ਕਰਨੀ ਹੈ ਦੇ ਸਵਾਲ ਉਪਰ ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਪੱਕਾ ਫੈਸਲਾ ਨਹੀਂ ਲਿਆ ਗਿਆ ਹੈ। ਜਦੋਂ ਸਾਨੂੰ ਸਿਆਸੀ ਆਗੂ ਮਿਲਦੇ ਹਨ ਤਾਂ ਅਸੀਂ ਕੋਈ ਸਪੱਸ਼ਟ ਜਵਾਬ ਨਹੀਂ ਦਿੰਦੇ। ਭਾਜਪਾ ਦੀ ਹਿਮਾਇਤ ਅਤੇ ਪੈਰੋਲ ਇੱਕ ਭਾਜਪਾ ਦੀ ਚਾਲ ਹੈ, ਦੇ ਸਵਾਲ ਉੱਪਰ ਉਨ੍ਹਾਂ ਦਾ ਜਵਾਬ ਸੀ ਕਿ ਜੋ ਲੋਕ ਇਸ ਉੱਪਰ ਗੱਲ ਕਰਦੇ ਹਨ, ਇਹ ਉਨ੍ਹਾਂ ਦੀ ਆਪਣੀ ਬਣਾਈ ਹੋਈ ਹੈ। ਇਹ ਤਾਂ ਵਾਧੂ ਦਾ ਵਿਰੋਧ ਹੈ। ਪੈਰੋਲ/ਫਰਲੋ ਲੈਣਾ ਕਾਨੂੰਨੀ ਹੱਕ ਹੈ, ਅਸੀਂ ਇਹ ਹੱਕ ਲੈ ਲਿਆ ਹੈ। ਪਹਿਲਾਂ ਦੋ-ਤਿੰਨ ਵਾਰ ਸਾਡੀ ਪੈਰੋਲ ਦੀ ਅਪੀਲ ਖਾਰਜ ਹੋਈ ਸੀ। ਇਸ ਵਾਰ ਉਹ ਪ੍ਰਸ਼ਾਸਨ ਨੇ ਮਨਜ਼ੂਰ ਕਰ ਲਈ ਹੈ। ਜਿਹਡ਼ੇ ਸਿਆਸਤਦਾਨ ਵਿਰੋਧ ਕਰ ਰਹੇ ਹਨ ਉਹ ਸਿਰਫ਼ ਡੇਰਾ ਸੱਚਾ ਸੌਦਾ ਦੇ ਨਹੀਂ, ਬਲਕਿ ਹੋਰ ਸਾਰੇ ਡੇਰਿਆਂ ਦੇ ਵਿਰੋਧ ’ਚ ਹਨ। ਜੋ ਡੇਰਾ ਮੁਖੀ ਦੀ ਫਰਲੋ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦੇ ਵਿਰੋਧ ਨਾਲ ਕੁਝ ਨਹੀਂ ਹੋਣਾ। ਇਸਤੋਂ ਇਲਾਵਾ ਉਨ੍ਹਾਂ ਬੇਅਦਵੀ ਮਾਮਲੇ ’ਤੇ ਗੁੱਸਾ ਜ਼ਾਹਿਰ ਕਰਦੇ ਕਿਹਾ ਕਿ ਇਸ ਮਾਮਲੇ ਉੱਪਰ ਸਿਆਸਤ ਖੇਡੀ ਗਈ ਹੈ। ਡੇਰਾ ਪ੍ਰੇਮੀਆਂ ’ਤੇ ਝੂਠੇ ਕੇਸ ਪਾਏ ਜਾ ਰਹੇ ਹਨ। ਬੇਦਅਬੀ ਦੇ ਮਾਮਲੇ ’ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਤੇ ਮਨੋਹਰ ਲਾਲ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ। ਇੱਥੋਂ ਤਕ ਡੇਰਾ ਮੁਖੀ ਨੂੰ ਇਸ ਮਾਮਲੇ ’ਚ ਸ਼ਾਮਲ ਕੀਤਾ ਗਿਆ ਹੈ, ਜਦੋਂਕਿ ਡੇਰਾ ਅਜਿਹਾ ਕਰਨਾ ਤਾਂ ਦੂਰ, ਅਜਿਹੇ ਘਿਣੌਨੇ ਕੰਮਾਂ ਬਾਰੇ ਸੋਚ ਵੀ ਨਹੀਂ ਸਕਦਾ। ਸਿਆਸਤਦਾਨ ਬੇਅਦਬੀ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ ਪਰ ਲੋਕਾਂ ਨੇ ਇਸ ਮੁੱਦੇ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁਸ਼ਕਲ ਸਮੇਂ ’ਚ ਕਿਸੇ ਨੇ ਡੇਰੇ ਦਾ ਸਾਥ ਨਹੀਂ ਦਿੱਤਾ। ਜਦੋਂ ਡੇਰੇ ’ਤੇ ਬੁਰਾ ਸਮਾਂ ਸੀ ਤਾਂ ਸਾਰੇ ਸਿਆਸਤਦਾਨ ਚੁੱਪ ਕਰ ਗਏ ਸਨ। ਹੁਣ ਚੋਣਾਂ ਨੂੰ ਵੇਖ ਕੇ ਸਿਆਸਤਦਾਨ ਡੇਰੇ ਆ ਰਹੇ ਹਨ ਅਤੇ ਵਿੰਗ ਦੇ ਮੈਂਬਰਾਂ ਨਾਲ ਸੰਪਰਕ ਕਰ ਰਹੇ ਹਨ। ਜਿਸ ਸਮੇਂ ਅਸੀਂ ਇਨ੍ਹਾਂ ਨਾਲ ਸੰਪਰਕ ਕੀਤਾ, ਤਾਂ ਇਨ੍ਹਾਂ ਨੇ ਸਾਡਾ ਸਾਥ ਨਹੀਂ ਦਿੱਤਾ। ਜਿਹਨਾਂ ਨੇ ਡੇਰੇ ਨਾਲ ਹਮਦਰਦੀ ਦਿਖਾਈ, ਉਹਨਾਂ ਦਾ ਹੀ ਸਮਰਥਨ ਕੀਤਾ ਜਾਵੇਗਾ।
Comment here