ਸਿਆਸਤਖਬਰਾਂ

ਡੇਰਿਆਂ ਤੇ ਵੋਟਾਂ ਮੰਗਣ ਜਾਣਾ ਗਲਤ-ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ- ਪੰਜਾਬ ਚੋਣਾਂ ਦੀਆਂ ਚੱਲ ਰਹੀਆਂ ਸਰਗਰਮੀਆਂ ਵਿੱਚ ਡੇਰੇਦਾਰਾਂ ਕੋਲ ਸਿਆਸਤਦਾਨਾਂ ਦੀਆਂ ਫੇਰੀਆਂ ਸ਼ੁਰੂ ਹੋ ਗਈਆਂ ਹਨ।  ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਵਿੱਚ ਇਕੱਠ ਹੋਣ ਲੱਗੇ ਹਨ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਇੰਨਾਂ ਨਾਮ ਚਰਚਾ ਘਰਾਂ ਵਿੱਚ ਕਾਂਗਰਸੀ ਆਗੂਆਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਉਂਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹੁਣ ਇਸ ਮਾਮਲੇ ਵਿੱਚ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ। ਸਿਆਸਤਦਾਨਾਂ ਦੀ ਸਿਰਸਾ ਡੇਰੇ ‘ਚ ਹਾਜ਼ਰੀ ‘ਤੇ ਜਥੇਦਾਰ ਨੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਹੈ ਕਿ ਜੇਲ੍ਹ ਵਿੱਚ ਬੰਦ ਅਪਰਾਧੀ ਦੇ ਧੜੇ ਕੋਲ ਵੋਟਾਂ ਲਈ ਜਾਣਾ ਸਰਾਸਰ ਗਲਤ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ  ਵੋਟਾਂ ਲਈ ਡੇਰੇ ਦਾ ਸਹਾਰਾ ਲੈਣਾ ਨੈਤਿਕ ਤੌਰ ‘ਤੇ ਗਲਤ ਹੈ। ਡੇਰਾ ਮੁਖੀ ਘਿਨੌਣੇ ਅਪਰਾਧਾਂ ‘ਚ ਜੇਲ੍ਹ ‘ਚ ਬੰਦ ਹੈ। ਸੱਤਾ ਲਈ ਅਪਰਾਧੀ ਦੇ ਧੜੇ ਕੋਲ ਵੋਟ ਮੰਗਣ ਜਾਣਾ ਗਲਤ ਹੈ। ਸਿਰਸਾ ਡੇਰੇ ਅਤੇ ਨਾਮ ਚਰਚਾ ‘ਚ ਕਈ ਸਿਆਸਤਦਾਨ ਪਹੁੰਚ ਰਹੇ ਹਨ। ਇਸ ਮਾਮਲੇ ਵਿਚ ਪਰਸੋਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਗੁਰੂ ਨਾਮ ਲੇਵਾ ਸ਼ਰਧਾਲੂ ਡੇਰਾ ਸੱਚਾ ਸੌਦਾ ਜਾਂ ਇਸਦੇ ਸ਼ਰਧਾਲੂਆਂ ਨਾਲ ਕੋਈ ਵਾਹ ਵਾਸਤਾ ਨਹੀਂ ਰੱਖੇਗਾ ਪਰ ਇਸਦੇ ਬਾਵਜੂਦ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਪਿੰਕੀ, ਫਾਜ਼ਿਲਾ ਤੋਂ ਦਵਿੰਦਰ ਸਿੰਘ ਘੁਬਾਇਆ ਅਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਡੇਰੇ ਵੱਲੋਂ ਆਯੋਜਿਤ ‘ਨਾਮ ਚਰਚਾ’ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ ਸੀ।

Comment here