ਸਿਆਸਤਖਬਰਾਂਚਲੰਤ ਮਾਮਲੇ

ਡੇਰਾ ਸਿਰਸਾ ਮੁਖੀ ਦੀ ਫਰਲੋ ਨਾਲ ਪੰਜਾਬ ਚੋਣਾਂ ਚ ਵੱਡੇ ਉਲਟਫੇਰ ਦੀ ਸੰਭਾਵਨਾ

ਸਿਰਸਾ : ਇੱਕ ਪਾਸੇ ਪੰਜਾਬ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ’ਚ ਸਿਆਸੀ ਮਾਹੌਲ ਪਹਿਲਾਂ ਹੀ ਕਾਫੀ ਗਰਮ ਹੈ ਤੇ ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਿਲੀ 21 ਦਿਨਾਂ ਦੀ ਫਰਲੋ ਤੋਂ ਬਾਅਦ ਮਾਹੌਲ ਹੋਰ ਭੱਖ ਗਿਆ ਹੈ। ਹੁਣ ਹਰ ਸਿਆਸੀ ਆਗੂ ਦਾ ਧਿਆਨ ਡੇਰੇ ਵੱਲ ਹੈ। ਦਰਅਸਲ ਆਗੂਆਂ ਦੇ ਚਿਹਰਿਆਂ ’ਤੇ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਡੇਰਾ ਸਿਰਸਾ ਇਸ ਵਾਰ ਕਿਸ ਪਾਰਟੀ ਨੂੰ ਹਮਾਇਤ ਦੇਵੇਗਾ। ਡੇਰਾ ਮੁਖੀ ਹਰਿਆਣਾ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਹੈ ਅਤੇ ਜੇਲ੍ਹ ਵਿਭਾਗ ਨੇ ਉਸ ਨੂੰ 21 ਦਿਨਾਂ ਦੀ ਫਰਲੋ ਦਿੱਤੀ ਹੈ। ਭਾਵੇਂ ਡੇਰੇ ਦੇ ਸਾਧ-ਸੰਗਤ ਰਾਜਨੀਤਕ ਵਿੰਗ ਨੇ ਚੋਣਾਂ ਨੂੰ ਲੈ ਕੇ ਅਜੇ ਤਕ ਕੋਈ ਫ਼ੈਸਲਾ ਨਹੀਂ ਲਿਆ ਪਰ ਫਿਰ ਵੀ ਸਿਆਸੀ ਆਗੂਆਂ ਦੀਆਂ ਨਜ਼ਰਾਂ ਡੇਰਾ ਸੱਚਾ ਸੌਦਾ ਸਿਰਸਾ ’ਤੇ ਟਿਕੀਆਂ ਹੋਈਆਂ ਹਨ।ਡੇਰਾ ਮੁਖੀ ਨੂੰ ਫਰਲੋ ਮਿਲਣ ਤੋਂ ਬਾਅਦ ਡੇਰੇ ਦੇ ਸਿਰਸਾ ਸਥਿਤ ਮੁੱਖ ਹੈੱਡ ਕੁਆਰਟਰ ’ਚ ਸਿਆਸੀ ਆਗੂਆਂ ਨੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਕ ਪਹਿਲੂ ਇਹ ਵੀ ਮੰਨਿਆ ਜਾਂਦਾ ਹੈ ਕਿ ਡੇਰਾ ਮੁਖੀ ਨੂੰ ਫਰਲੋ ਮਿਲਣ ਤੋਂ ਬਾਅਦ ਭਾਜਪਾ ਦੇ ਆਗੂਆਂ ਨੂੰ ਸਿੱਧਾ ਫਾਇਦਾ ਹੋਣ ਵਾਲਾ ਹੈ। ਦੱਸ ਦਈਏ ਕਿ 2017 ’ਚ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਡੇਰੇ ਦੀਆਂ ਸਰਗਰਮੀਆਂ ਕੁਝ ਘਟ ਗਈਆਂ ਸਨ। ਪਰ ਡੇਰਾ ਮੁਖੀ ਨੂੰ ਫਰਲੋ ਮਿਲਣ ਤੋਂ ਬਾਅਦ ਡੇਰਾ ਪੈਰੋਕਾਰਾਂ ’ਚ ਊਰਜਾ ਭਰ ਗਈ ਤੇ ਹੁਣ ਹਾਲਾਤ ਇਹ ਹਨ ਕਿ ਡੇਰੇ ਦੇ ਪ੍ਰੋਗਰਾਮਾਂ ’ਚ ਪੈਰੋਕਾਰਾਂ ਦੀ ਗਿਣਤੀ ਵਧੀ ਹੈ। ਡੇਰਾ ਸੱਚਾ ਸੌਦਾ ਦਾ ਮਾਲਵੇ ’ਚ 69 ਵਿਧਾਨ ਸਭਾ ਹਲਕਿਆਂ ’ਚੋਂ 40-45 ਸੀਟਾਂ ’ਤੇ ਸ਼ੁਰੂ ਜ਼ਬਰਦਸਤ ਪ੍ਰਭਾਵ ਰਿਹਾ ਹੈ। ਇਹੋ ਕਾਰਨ ਹੈ ਕਿ ਚੋਣਾਂ ਦੇ ਮਾਹੌਲ ਦੌਰਾਨ ਡੇਰਾ ਮੁਖੀ ਦੀ ਫਰਲੋ ਦੀ ਕਾਫ਼ੀ ਅਹਿਮੀਅਤ ਸਮਝੀ ਜਾ ਰਹੀ ਹੈ। ਹਰਿਆਣਾ ’ਚ ਭਾਜਪਾ ਦੀ ਸਰਕਾਰ ਹੋਣ ਕਾਰਨ ਅਚਾਨਕ ਆਏ ਇਸ ਫ਼ੈਸਲੇ ਨੂੰ ਸਿਆਸੀ ਮਾਹਿਰ ਚੋਣ ਗਣਿਤ ਅਨੁਸਾਰ ਆਪਣੇ ਸਰਵੇ ਕਰ ਰਹੇ ਹਨ। ਪੰਜਾਬ ’ਚ ਭਾਜਪਾ, ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਚੋਣ ਲੜ ਰਹੀ ਹੈ। ਖੇਤੀ ਕਾਨੂੰਨ ਰੱਦ ਹੋਣ ਤੇ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਆਪਣੇ ਬਲਬੂਤੇ ’ਤੇ ਸੂਬੇ ’ਚ ਪਹਿਲੀ ਵਾਰ ਚੋਣ ਲੜ ਰਹੀ ਹੈ। ਪੰਜਾਬ ’ਚ ਆਪਣੇ ਪੈਰ ਜਮਾਉਣ ਲਈ ਭਾਜਪਾ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਉਨ੍ਹਾਂ ਵਾਸਤੇ ਹਰ ਇਕ ਵੋਟ ਕੀਮਤੀ ਹੋ ਜਾਂਦੀ ਹੈ, ਜਦੋਂਕਿ ਪੰਜਾਬ ਵਿਚ ਡੇਰਾ ਸਿਰਸਾ ਕੋਲ ਵੱਡਾ ਵੋਟ ਬੈਂਕ ਹੈ। ਦਰਅਸਲ 2007 ਦੀਆਂ ਚੋਣਾਂ ’ਚ ਡੇਰੇ ਨੇ ਪਹਿਲੀ ਵਾਰ ਖੁੱਲ੍ਹ ਕੇ ਕਾਂਗਰਸ ਨੂੰ ਹਮਾਇਤ ਦਿੱਤੀ ਸੀ। ਇਨ੍ਹਾਂ ਚੋਣਾਂ ’ਚ ਕਾਂਗਰਸ ਨੇ ਡੇਰੇ ਦੀ ਮਦਦ ਨਾਲ ਮਾਲਵੇ ’ਚ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਸੀ। 2012 ’ਚ ਅਕਾਲੀ ਦਲ ਨੂੰ ਗੁਪਤ ਹਮਾਇਤ ਦਿੱਤੀ ਸੀ। 2017 ’ਚ ਅਕਾਲੀ ਦਲ ਨੂੰ ਹਮਾਇਤ ਦੇਣ ਦੇ ਬਾਵਜੂਦ ਕਾਂਗਰਸ ਦੀ ਸਰਕਾਰ ਬਣ ਗਈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ। ਦੇਖਿਆ ਜਾਵੇ ਤਾਂ ਇਹ ਵੋਟ ਬੈਂਕ ਕਿਤੇ ਨਾ ਕਿਤੇ ਕੰਮ ਜਰੂਰ ਆ ਰਿਹਾ ਹੈ ਅਤੇ ਇਕ ਵੱਡਾ ਉਲਟ ਫੇਰ ਕਰ ਸਕਦਾ ਹੈ। ਭਾਵੇਂ ਰਾਜਨੀਤਕ ਵਿੰਗ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਅਜੇ ਤਕ ਚੋਣਾਂ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਪੰਜਾਬ ਵਿੱਚ ਕਿਸ ਪਾਰਟੀ ਨੂੰ ਹਮਾਇਤ ਦੇਣੀ ਹੈ, ਇਸ ਬਾਰੇ ਸਾਧ-ਸੰਗਤ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਹੀ ਐਲਾਨ ਕੀਤਾ ਜਾਵੇਗਾ।

 

Comment here