ਸਿਆਸਤਖਬਰਾਂਚਲੰਤ ਮਾਮਲੇ

ਡੇਰਾ ਸਿਰਸਾ ਮੁਖੀ ਦਾ ਕੁੜਮ ਜੱਸੀ ਤਲਵੰਡੀ ਤੋਂ ਆਜ਼ਾਦ ਚੋਣ ਲੜੂ

ਤਲਵੰਡੀ ਸਾਬੋ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮੰਦਿਰ ਸਿੰਘ ਜੱਸੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਟਿਕਟ ਨਾ ਮਿਲਣ ਤੇ ਪਾਰਟੀ ਤੋਂ ਕੰਨੀ ਕਰਦਿਆਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਚੋਣ ਅਧਿਕਾਰੀ ਕੋਲ ਦਾਖਲ ਕਰ ਦਿੱਤੇ ਹਨ। ਹਲਕਾ ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਇਕ ਰਹੇ ਹਰਮੰਦਿਰ ਸਿੰਘ ਜੱਸੀ ਨੇ ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਚ ਐੱਸ.ਡੀ.ਐੱਮ ਕਮ ਚੋਣ ਅਧਿਕਾਰੀ ਸ੍ਰੀ ਅਕਾਸ਼ ਬਾਂਸਲ ਕੋਲ ਆਜ਼ਾਦ ਉੇਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਜਮ੍ਹਾਂ ਕਰਵਾਏ।ਪੱਤਰਕਾਰਾਂ ਨਾਲ ਗੱਲ ਕਰਦਿਆਂ ਜੱਸੀ ਨੇ ਦੱਸਿਆ ਕਿ ਉਹ 1985-86 ਤੋਂ ਕਾਂਗਰਸ ਪਾਰਟੀ ਦੇ ਨਾਲ ਹੈ ਜਦੋਂ  ਕੋਈ ਵੀ ਪਾਰਟੀ ਦੇ ਨਾਲ ਖੜਨ ਲਈ ਤਿਆਰ ਨਹੀਂ ਸੀ ਪਰ ਅੱਜ ਮੈਂ ਸਮੱਰਥਕਾਂ ਦੇ ਦਬਾਅ ਕਾਰਨ ਆਜ਼ਾਦ ਤੌਰ ਉਤੇ ਚੋਣ ਲੜ ਰਿਹਾ ਹਾਂ। ਪੱਤਰਕਾਰਾਂ ਦੇ ਸਵਾਲਾਂ ਤੋਂ ਕੰਨੀ ਕਰਦੀਆਂ ਕਿਹਾ ਕਿ ਮੈਂ ਪਾਰਟੀ ਵਿਚ 35-40 ਸਾਲ ਰਿਹਾ ਹਾਂਉਸ ਨੂੰ ਮਾੜੀ ਨਹੀਂ ਕਹਿ ਸਕਦਾ। ਵਾਰ ਵਾਰ ਹਲਕਾ ਬਦਲਣ ਦੇ ਸਵਾਲ ਉਤੇ ਜੱਸੀ ਨੇ ਕਿਹਾ ਕਿ 1992 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਤਲਵੰਡੀ ਸਾਬੋ ਵਿਚ ਉਮੀਦਵਾਰ ਬਣਾ ਕੇ ਭੇਜਿਆ ਸੀ ਅਤੇ 2007 ਵਿੱਚ ਵੀ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਬਠਿੰਡਾ ਸ਼ਹਿਰੀ ਤੋਂ ਅਤੇ ਫਿਰ 2014 ਜ਼ਿਮਨੀ ਚੋਣ ਲਈ ਤਲਵੰਡੀ ਸਾਬੋ ਭੇਜਿਆ ਸੀ। ਹੁਣ ਟਿਕਟ ਨਾ ਮਿਲਣ ਦੇ ਬਾਵਜ਼ੂਦ ਹਲਕੇ ਦੇ ਹਾਲਾਤ ਦੇਖਣ ਤੋਂ ਬਾਅਦ ਉਨ੍ਹਾਂ ਤਲਵੰਡੀ ਸਾਬੋ ਤੋਂ ਹੀ ਚੋਣ ਲੜਨ ਦਾ ਮਨ ਬਣਾ ਲਿਆ ਹੈ। ਉੱਧਰ ਚੋਣ ਅਧਿਕਾਰੀ ਕੋਲ  ਆਜ਼ਾਦ ਉਮੀਦਵਾਰ ਵਜੋਂ ਰਿੰਪੀ ਕੌਰ ਸੰਗਤ ਖੁਰਦ ਨੇ ਵੀ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ।

Comment here