ਬਠਿੰਡਾ- ਪੰਜਾਬ ਚ ਚੋਣ ਸਰਗਰਮੀਆਂ ਦੇ ਦੌਰਾਨ ਡੇਰੇ ਵੀ ਸਰਗਰਮ ਹੋ ਜਾਂਦੇ ਹਨ, ਕਿਉਂਕਿ ਵੱਡੀ ਵੋਟ ਬੈਂਕ ਜੋ ਰਖਦੇ ਹਨ। ਡੇਰਾ ਸੱਚਾ ਸੌਦਾ ਸਿਰਸਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਰੋਕਾਰਾਂ ਦੀ ਨਬਜ਼ ਟੋਹਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਕੁੱਝ ਦਿਨ ਪਹਿਲਾਂ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈਡਕੁਆਟਰ ਸਲਾਬਤਪੁਰਾ ਡੇਰੇ ’ਚ ਆਪਣੀ ਜੱਥੇਬੰਦਕ ਤਾਕਤ ਦਾ ਵਿਖਾਵਾ ਕਰਨ ਤੋਂ ਬਾਅਦ ਅੱਜ ਡੇਰਾ ਪ੍ਰਬੰਧਕਾਂ ਨੇ ਜਿਲ੍ਹਾ ਪੱਧਰ ਤੇ ਦੂਸਰਾ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਡੇਰਾ ਆਗੂਆਂ ਨੇ ਨਿੱਠ ਕੇ ਇਕੱਠ ਕੀਤੇ ਜਿਸ ਲਈ ਪਿਛਲੇ ਕਈ ਦਿਨਾਂ ਤੋਂ ਸਨੇਹੇ ਲਾਏ ਜਾ ਰਹੇ ਸਨ। ਪਿੰਡਾਂ ਵਿਚਲੇ ਆਗੂਆਂ ਜਿਨ੍ਹਾਂ ਨੂੰ ਡੇਰੇ ਦੀ ਭਾਸ਼ਾ ’ਚ ‘ਭੰਗੀਦਾਸ’ ਕਿਹਾ ਜਾਂਦਾ ਹੈ ਦੀ ਡਿਊਟੀ ਲਾਈ ਗਈ ਅਤੇ ਪੈਰੋਕਾਰਾਂ ਨੂੰ ਵਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਗਈ । ਇੱਕ ਬਲਾਕ ਭੰਗੀਦਾਸ ਨੇ ਦੱਸਿਆ ਕਿ ਅੱਜ ਸਿਰਫ ਵਿਆਹ ਸ਼ਾਦੀਆਂ ਜਾਂ ਫਿਰ ਕਿਸੇ ਗਮੀ ਦੀ ਸੂਰਤ ’ਚ ਕੁੱਝ ਪੈਰੋਕਾਰ ਨਹੀਂ ਆਏ ਜਦੋਂਕਿ ਬਹੁਤਿਆਂ ਨੇ ਅੱਜ ਨਾਮਚਰਚਾ ਸਮਾਗਮਾਂ ’ਚ ਹਾਜਰੀ ਭਰੀ ਹੈ। ਡੇਰਾ ਕਮੇਟੀ ਵੱਲੋਂ ਨਾਮਚਰਚਾ ਘਰਾਂ ‘ਚ ਕੀਤੇ ਇਕੱਠਾਂ ਦੌਰਾਨ ਡੇਰਾ ਪ੍ਰੇਮੀਆਂ ਨੂੰ ਏਕਤਾ ਦੇ ਮੰਤਰ ਰਾਹੀਂ ਪੂਰੀ ਤਰਾਂ ਇੱਕਜੁਟ ਰਹਿਣ ਦਾ ਸੱਦਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੱਜ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਬੰਧਕਾਂ ਨੇ ਮਾਲਵੇ ਦੇ ਇੱਕ ਦਰਜਨ ਤੋਂ ਵੀ ਵੱਧ ਜਿਲਿ੍ਹਆਂ ’ਚ ਵੱਡੇ ਇਕੱਠ ਕੀਤੇ ਹਨ। ਇਨ੍ਹਾਂ ’ਚ ਬਾਦਲ ਪ੍ਰੀਵਾਰ ਦਾ ਸਿਆਸੀ ਗੜ੍ਹ ਬਠਿੰਡਾ ,ਮਾਨਸਾ, ਸ੍ਰੀ ਮੁਕਤਸਰ ਸਾਹਿਬ ਜਿਲਿਆਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਦੇ ਨਾਲ ਨਾਲ ਫਰੀਦਕੋਟ,ਬਰਨਾਲਾ,ਮੋਗਾ, ਲੁਧਿਆਣਾ ਜਿਲ੍ਹੇ ਦੇ ਰਾਏਕੋਟ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਆਦਿ ਮੁੱਖ ਤੌਰ ਤੇ ਸ਼ਾਮਲ ਹਨ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਡੇਰਿਆਂ ਦੀ ਵੋਟ ਕਿਸ ਦੇ ਹੱਕ ਵਿੱਚ ਭੁਗਤਦੀ ਹੈ।
Comment here