ਚੰਡੀਗੜ੍ਹ-ਡੇਂਗੂ ਦੇ ਕਹਿਰ ਕਾਰਨ ਆਮ ਲੋਕਾਂ ਦੀ ਧਾਰਨਾ ਹੈ ਕਿ ਬੱਕਰੀ ਦਾ ਦੁੱਧ, ਪਪੀਤਿਆਂ ਦੇ ਪੱਤੇ, ਕੀਵੀ ਫ਼ਲ ਤੇ ਗਲੋਏ ਦੇ ਜੂਸ ਪੀਣ ਨਾਲ ਹੈ। ਪਲੇਟਲੈੱਟਸ ਤੇਜ਼ੀ ਨਾਲ ਵਧਦੇ ਹਨ ਤੇ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ। ਇਸ ਦੀ ਵਧਦੀ ਮੰਗ ਕਾਰਨ ਮੌਜੂਦਾ ਸਮੇਂ ਪੰਜਾਬ ਵਿੱਚ ਬੱਕਰੀ ਦਾ ਦੁੱਧ 500 ਰੁਪਏ ਪ੍ਰਤੀ ਲਿਟਰ ਤੱਕ ਵਿਕ ਰਿਹਾ ਹੈ ਜਦੋਂ ਕਿ ਆਮ ਦਿਨਾਂ ਵਿੱਚ ਇਸ ਦੁੱਧ ਦੀ ਕੀਮਤ 50 ਰੁਪਏ ਪ੍ਰਤੀ ਲਿਟਰ ਹੁੰਦੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਸਿੰਘ ਦੇ ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਲੋਕ ਬੱਕਰੀ ਦੇ ਦੁੱਧ ਲਈ 250 ਰੁਪਏ (ਪ੍ਰਤੀ ਲਿਟਰ) ਤੱਕ ਭੁਗਤਾਨ ਕਰ ਰਹੇ ਹਨ। ਇਸੇ ਤਰ੍ਹਾਂ ਮੁਹਾਲੀ ਦੇ ਸਨਅਤਕਾਰ ਵਰੁਣ ਸ਼ਰਮਾ ਨੇ ਬੱਕਰੀ ਦੇ ਦੁੱਧ ਦਾ ਆਪਣਾ ਬਰਾਂਡ ਸ਼ੁਰੂ ਕੀਤਾ ਹੈ ਤੇ 300 ਮਿਲੀਲੀਟਰ ਦੁੱਧ ਦੀ ਬੋਤਲ 150 ਰੁਪਏ ਵਿੱਚ ਵਿਕ ਰਹੀ ਹੈ। ਉਸ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਨੇ ‘ਬੱਕਰੀਵਾਲਾ’ ਦੇ ਨਾਂ ਹੇਠ ਬਰਾਂਡ ਲਾਂਚ ਕੀਤਾ ਸੀ ਤੇ ਇਨ੍ਹਾਂ ਦਿਨਾਂ ਵਿੱਚ ਦੁੱਧ ਦੀ ਮੰਗ 50 ਫੀਸਦ ਵੱਧ ਗਈ ਹੈ। ਹਾਲਾਂਕਿ ਡਾਕਟਰੀ ਵਿਗਿਆਨ ਇਸ ਗੱਲ ਦਾ ਸਮਰਥਨ ਨਹੀਂ ਕਰਦਾ ਕਿ ਬੱਕਰੀ ਦਾ ਦੁੱਧ ਡੇਂਗੂ ਦੇ ਮਰੀਜ਼ ਲਈ ਲਾਹੇਵੰਦ ਹੁੰਦਾ ਹੈ।
Comment here