ਚੰਡੀਗੜ-ਲੰਘੇ ਦਿਨੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਰੈਲੀ ਦੌਰਾਨ ਬੇਰੁਜ਼ਗਾਰ ਅਧਿਆਪਕ ਅਧਿਆਪਕਾਵਾਂ ਵਲੋਂ ਨੌਕਰੀ ਦੀ ਮੰਗ ਕਰਦਿਆਂ ਰੋਸ ਮੁਜਾ਼ਹਰਾ ਕੀਤਾ ਗਿਆ ਸੀ,ਇਥੇ ਡੀਐੱਸਪੀ ਵੱਲੋਂ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਉਤੇ ਕੀਤੇ ਲਾਠੀਚਾਰਜ ਖ਼ਿਲਾਫ਼ ਮੈਜਿਸਟ੍ਰੇਟ ਜਾਂਚ ਕਰਨ ਦੇ ਹੁਕਮ ਦਿੱਤੇ ਹਨ।ਪੰਜਾਬ ਸਰਕਾਰ ਨੇ ਇਸ ਲਾਠੀਚਾਰਜ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨਮੋਲ ਸਿੰਘ ਧਾਲੀਵਾਲ ਨੂੰ ਪੜਤਾਲ ਰਿਪੋਰਟ ਮੁਕੰਮਲ ਕਰਕੇ ਹਫ਼ਤੇ ਦੇ ਅੰਦਰ ਸੌਂਪਣ ਲਈ ਕਿਹਾ ਹੈ।ਦੱਸ ਦਈਏ ਕਿ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਇਹ ਡੀਐਸਪੀ ਅਚਾਨਕ ਪ੍ਰਦਰਸ਼ਨਕਾਰੀਆਂ ਉਤੇ ਟੁੱਟ ਪਿਆ ਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਥੀ ਮੁਲਾਜ਼ਮ ਉਸ ਨੂੰ ਰੋਕਦੇ ਰਹੇ ਪਰ ਉਸ ਨੇ ਭੋਰਾ ਪਰਵਾਹ ਨਾ ਕੀਤੀ। ਇਸ ਪਿੱਛੋਂ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ ਸੀ। ਕਿਸਾਨ ਮੋਰਚੇ ਨੇ ਮਾਨਸਾ ਵਿਖੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਸੀ ਕਿ ਇਸ ਲਾਠੀਚਾਰਜ ਦੀ ਅਗਵਾਈ ਕਰਨ ਵਾਲੇ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਵਿਚਲੇ ਡੀਐੱਸਪੀ ਵੱਲੋਂ ਸਿਰੇ ਦੀ ਜ਼ਾਲਮਾਨਾ ਬਿਰਤੀ ਦਾ ਮੁਜ਼ਾਹਰਾ ਕੀਤਾ ਗਿਆ ਹੈ, ਇਹ ਜ਼ੁਲਮ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨਯੋਗ ਨਹੀਂ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਡੀਐਸਪੀ ‘ਤੇ ਕੇਸ ਦਰਜ ਕੀਤਾ ਜਾਵੇ, ਉਸ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾਵੇ ਤੇ ਮੁੱਖ ਮੰਤਰੀ ਅਜਿਹੇ ਵਿਹਾਰ ਲਈ ਜਨਤਕ ਮੁਆਫ਼ੀ ਮੰਗੇ।
ਡੀ ਐਸ ਪੀ ਵਲੋੰ ਬੇਰੁਜ਼ਗਾਰਾਂ ਨੂੰ ਕੁੱਟਣ ਦੇ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਆਦੇਸ਼

Comment here