ਸਿਆਸਤਖਬਰਾਂਚਲੰਤ ਮਾਮਲੇ

ਡੀਜੀਪੀ ਯਾਦਵ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਪੰਜਾਬ ਪੁਲਿਸ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰੇਗੀ-ਡੀਜੀਪੀ ਯਾਦਵ

ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵੀ ਗਏ ਡੀਜੀਪੀ
ਅੰਮ੍ਰਿਤਸਰ– ਪੰਜਾਬ ਪੁਲਸ ਦੇ ਨਵੇਂ ਬਣੇ ਡੀਜੀਪੀ ਗੌਰਵ ਯਾਦਵ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਜਿੱਥੇ ਉਹਨਾਂ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਂਦੇ ਹੋਏ ਪਰਸ਼ਾਦ ਲਿਆ ਅਤੇ ਇੰਫਰੋਮੇਸ਼ਨ ਸੈਂਟਰ ਗਏ। ਉਹਨਾਂ ਦੱਸਿਆ ਕਿ ਉਹਨਾਂ ਦੀਆਂ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਇਕੋ ਇਕ ਕਾਰਨ ਪੰਜਾਬ ਦੀ ਸ਼ਾਂਤੀ ਅਤੇ ਸਰਬਤ ਦੇ ਭਲੇ ਦੀ ਅਰਦਾਸ ਕਰਨੀ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੀ ਪੁਲਸ ਫੋਰਸ ਦੁਨੀਆਂ ਦੀ ਬਿਹਤਰ ਪੁਲਿਸ ਫੋਰਸ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ, ਪੰਜਾਬੀਆਂ ਲਈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰਖਦੀ ਹੈ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸੂਬੇ ਨੂੰ ਨਸ਼ਾ ਤਸਕਰ, ਗੈਂਗਸਟਰ ਅਤੇ ਗੁੰਡਾ ਅਨਸਰਾਂ ਤੋਂ ਮੁਕਤ ਕਰਨਾ ਹੈ ਅਤੇ ਇਹ ਕੁਝ ਹੀ ਸਮੇਂ ਵਿੱਚ ਸੰਭਵ ਹੋਵੇਗਾ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਦੀ ਪੁਲਸ ਲੋਕਾਂ ਨੂੰ ਇਕ ਦੋਸਤਾਨਾ ਸੁਭਾਅ ਦੇਵੇਗੀ ਅਤੇ ਜੋਂ ਕਿ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਸੇਵਾ ਵਿਚ ਹਾਜਰ ਰਹੇਗੀ ਅਤੇ ਪੁਲਿਸ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰੇਗੀ।

ਮੂਸੇਵਾਲਾ ਦੇ ਪਰਿਵਾਰ ਨੂੰ ਕਾਤਲਾਂ ਖਿਲਾਫ਼ ਕਾਰਵਾਈ ਦਾ ਦਿੱਤਾ ਭਰੋਸਾ
ਮਾਨਸਾ-ਡੀ.ਜੀ.ਪੀ ਗੌਰਵ ਯਾਦਵ ਨੇ ਪਿੰਡ ਮੂਸਾ ਵਿਖੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਦੁੱਖ ਸਾਂਝਾ ਕੀਤਾ। ਡੀ.ਜੀ.ਪੀ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਨਿਰਪੱਖ ਅਤੇ ਜਲਦੀ ਜਾਂਚ ਕਰਨਗੇ। ਇਸ ਮਾਮਲੇ ਨੂੰ ਲੈ ਕੇ ਜੋ ਵੀ ਕਾਰਵਾਈ ਕਰਨੀ ਪਈ, ਉਹ ਜ਼ਰੂਰ ਕਰਨਗੇ।
ਦੱਸ ਦੇਈਏ ਕਿ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਚ ਹਥਿਆਰਬੰਦ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੰਜਾਬ ਪੁਲਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿਚ ਪੰਜਾਬ ਵਿਚੋਂ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਅਜੇ ਤਕ ਪੁਲਸ ਦੀ ਗ੍ਰਿਫਤ ’ਚੋਂ ਬਾਹਰ ਹਨ ਪਰ ਪੁਲਸ ਨੇ ਗੈਂਗਸਟਰਾਂ ਅਤੇ ਇਸ ਕਤਲ ਮਾਮਲੇ ਵਿਚ ਨਾਲ ਸਬੰਧਤ ਹੋਰ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Comment here