ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਡੀਜੀਪੀ ਨੇ ਥਾਣਿਆਂ ’ਚ ਜਮ੍ਹਾਂ ਅਸਲੇ ਦੀ ਪੜਤਾਲ ਦੇ ਦਿੱਤੇ ਹੁਕਮ

ਬਠਿੰਡਾ-ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਥਾਣਿਆਂ ਵਿੱਚੋਂ ਜਮ੍ਹਾਂ ਹੋਇਆ ਅਸਲਾ ਗਾਇਬ ਹੋਣ ਦੇ ਮਾਮਲੇ ਵਿਚ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਥਾਣਿਆਂ ਦੇ ਮਾਲਖਾਨੇ ਵਿਚ ਜਮ੍ਹਾਂ ਅਸਲੇ ਦੀ ਪੜਤਾਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਥਾਣਾ ਦਿਆਲਪੁਰਾ ਵਿਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਇਕ ਕੇਸ ਵਿਚ ਜਮ੍ਹਾਂ ਹੋਇਆ ਭਗਤਾ ਭਾਈਕਾ ਦੇ ਇਕ ਵਿਅਕਤੀ ਦਾ ਰਿਵਾਲਵਰ ਨਸ਼ਾ ਤਸਕਰ ਕੋਲੋਂ ਮਿਲਿਆ ਸੀ। ਅਜੇ ਇਹ ਮਾਮਲਾ ਠੰਢਾ ਵੀ ਨਹੀਂ ਹੋਇਆ ਸੀ ਕਿ ਪਿੰਡ ਕੋਠਾ ਗੁਰੂ ਦੇ ਇਕ ਵਿਅਕਤੀ ਮਨਜਿੰਦਰ ਸਿੰਘ ਵੱਲੋਂ ਆਪਣੇ ਪਿਤਾ ਦੀ ਮੌਤ ਬਾਅਦ ਉਸ ਦਾ ਰਿਵਾਲਵਰ ਦਿਆਲਪੁਰਾ ਥਾਣੇ ਵਿਚ ਜਮ੍ਹਾਂ ਕਰਵਾਇਆ ਸੀ, ਪਰ ਕੁਝ ਸਮੇਂ ਬਾਅਦ ਆਦਲਤ ਦੇ ਆਦੇਸ਼ਾਂ ਅਨੁਸਾਰ ਜਦੋਂ ਉਹ ਆਪਣੇ ਪਿਤਾ ਦਾ ਰਿਵਾਲਵਰ ਲੈਣ ਲਈ ਗਿਆ ਤਾਂ ਪੁਲਿਸ ਨੇ ਉਸ ਨੂੰ ਇਕ ਡੱਬਾ ਦਿੱਤਾ, ਜਦੋਂ ਉਸ ਨੇ ਉਹ ਡੱਬਾ ਖੋਲਿ੍ਹਆ ਤਾਂ ਦੇਖਿਆ ਕਿ ਉਕਤ ਰਿਵਾਲਵਰ ਉਸ ਦੇ ਪਿਤਾ ਵਾਲਾ ਨਹੀਂ ਸੀ ਸਗੋਂ ਮਾਲਖਾਨੇ ਵਿਚੋਂ ਉਕਤ ਰਿਵਾਲਵਰ ਬਦਲ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਮਾਮਲਿਆਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਪੁਲਸ ਦੇ ਹਲਕਿਆਂ ਵਿਚ ਹੜਕੰਪ ਮੱਚ ਗਿਆ ਸੀ। ਉਕਤ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਐਸਐਸਪੀ ਬਠਿੰਡਾ ਨੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਸਨ। ਪਰ ਪੁਲਿਸ ਨੇ ਅਜੇ ਤਕ ਆਪਣੀ ਜਾਂਚ ਪੂਰੀ ਨਹੀਂ ਕੀਤੀ। ਪੁਲਿਸ ਵਿਭਾਗ ਵਿਚ ਇਹ ਵੀ ਚਰਚਾ ਚਲਦੀ ਰਹੀ ਹੈ ਕਿ ਇਕੱਲੇ ਥਾਣਾ ਦਿਆਲਪੁਰਾ ਦੇ ਮਾਲਖਾਨੇ ਵਿਚੋਂ ਹੀ ਪੰਜ ਅਸਲੇ ਗਾਇਬ ਹੋ ਚੁੱਕੇ ਹਨ। ਇਨ੍ਹਾਂ ਦੋਸ਼ਾਂ ਵਿਚ ਕਿੰਨੀ ਕੁ ਸੱਚਾਈ ਹੈ ਇਹ ਪੁਲਿਸ ਦੀ ਪਡæਤਾਲ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਮਾਮਲੇ ਦੀ ਪੜਤਾਲ ਕਰ ਰਹੇ ਐਸਪੀ ਸਪੈਸ਼ਨ ਸ਼ਮੀਰ ਵਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਛੁੱਟੀ ‘ਤੇ ਹਨ।
ਕੀ ਸੀ ਦੋਵੇ ਮਾਮਲੇ
27 ਮਈ ਨੂੰ ਸੀਆਈਏ ਇਕ ਦੇ ਸਬ ਇੰਸਪੈਕਟਰ ਹਰਜੀਵਨ ਸਿੰਘ ’ਤੇ ਅਧਾਰਤ ਪੁਲਿਸ ਪਾਰਟੀ ਗਸ਼ਤ ਦੌਰਾਨ ਰਾਮਪੁਰਾ ਜਾ ਰਹੇ ਸਨ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਇਕ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਸ਼ਿ ਕੀਤੀ ਸੀ ਪਰ ਪੁਲਿਸ ਪਾਰਟੀ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਉਕਤ ਨਸ਼ਾ ਤਸਕਰ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਸੀ। ਤਲਾਸ਼ੀ ਦੌਰਾਨ ਕਥਿਤ ਦੋਸ਼ੀ ਕੋਲੋਂ ਹੈਰੋਇਨ, ਗੋਲੀਆਂ ਅਤੇ 32 ਬੋਰ ਅਸਲਾ ਬਰਾਮਦ ਕੀਤਾ ਗਿਆ ਸੀ। ਪੁਲਿਸ ਪੜਤਾਲ ਦੌਰਾਨ ਪਤਾ ਲੱਗਿਆ ਕਿ 32 ਬੋਰ ਦਾ ਇਹ ਅਸਲਾ ਭਗਤਾ ਭਾਈਕਾ ਦੇ ਪ੍ਰੀਤਮ ਸਿੰਘ ਦਾ ਹੈ। ਉਕਤ ਵਿਅਕਤੀ ਨੇ ਇਹ ਅਸਲਾ ਸਾਲ 2020 ਵਿਚ ਥਾਣਾ ਦਿਆਲਪੁਰਾ ਵਿਖੇ ਜਮ੍ਹਾ ਕਰਵਾਇਆ ਸੀ। ਹੁਣ ਜਾਂਚ ਦੌਰਾਨ ਪਤਾ ਲੱਗਿਆ ਕਿ ਨਸ਼ਾ ਤਸਕਰ ਰਿਤਿਕ ਖੰਨਾ ਕੋਲੋਂ ਬਰਾਮਦ ਕੀਤਾ ਗਿਆ ਅਸਲਾ ਨੰਬਰ .ਆਰਪੀ 217609 ਜੀਐਸਐਫ-ਆਈਐਨ-2016 ਥਾਣਾ ਦਿਆਲਪੁਰਾ ਵਿਚ ਜਮਾਂ ਹੈ। ਅਸਲੇ ਦੇ ਅਸਲੀ ਮਾਲਕ ਪ੍ਰੀਤਮ ਸਿੰਘ ਵਾਸੀ ਭਗਤਾ ਭਾਈਕਾ ਨੇ ਦੱਸਿਆ ਕਿ ਉਸ ਉਪਰ 21 ਮਾਰਚ 2020 ਨੂੰ ਥਾਣਾ ਦਿਆਲਪੁਰਾ ਵਿਚ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਸੀ, ਜਿਸ ਦੇ ਤਹਿਤ ਉਸਨੇ ਆਪਣਾ ਅਸਲਾ ਪੁਲਿਸ ਨੂੰ ਸਪੁਰਦ ਕੀਤਾ ਹੋਇਆ ਸੀ ਅਤੇ ਹੁਣ ਉਹੀ ਅਸਲਾ ਰਾਮਪੁਰਾ ਸਿਟੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਕੋਲੋ ਬਰਾਮਦ ਕੀਤਾ ਗਿਆ ਹੈ। ਦੂਜੇ ਪਾਸੇ ਫੜੇ ਗਏ ਕਥਿਤ ਦੋਸ਼ੀ ਰਿਤਿਕ ਖੰਨਾ ਨੇ ਦੱਸਿਆ ਕਿ ਇਹ ਅਸਲਾ ਉਸਦੇ ਸਾਥੀ ਸਾਹਿਲ ਨੇ ਦਿੱਤਾ ਸੀ। ਉਕਤ ਅਸਲਾ ਥਾਣੇ ਤੋਂ ਬਾਹਰ ਕਿਵੇਂ ਆਇਆ, ਇਸ ਦਾ ਖੁਲਾਸਾ ਸਾਹਿਲ ਕਰੇਗਾ। ਇਸ ਤਰ੍ਹਾਂ ਹੀ ਪਿੰਡ ਕੋਠਾਗੁਰੂ ਦੇ ਮਨਜਿੰਦਰ ਸਿੰਘ ਦੇ ਪਿਤਾ ਦਾ ਰਿਵਾਲਵਰ ਬਦਲ ਦਿੱਤਾ ਗਿਆ। ਉਸਨੇ ਦੱਸਿਆ ਕਿ 10 ਅਪ੍ਰੈਲ 2021 ਨੂੰ ਪਿਤਾ ਦੇ ਦੇਹਾਂਤ ਬਾਅਦ ਉਨ੍ਹਾਂ ਅਸਲਾ ਥਾਣਾ ਦਿਆਲੁਪੁਰਾ ਵਿਚ ਜਮਾਂ ਕਰਵਾਇਆ ਸੀ, 10 ਜਨਵਰੀ 2022 ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਜਦੋਂ ਉਹ ਆਪਣੇ ਪਿਤਾ ਦਾ ਰਿਵਾਲਵਰ ਲੈਣ ਲਈ ਗਿਆ ਤਾਂ ਉਸਨੂੰ ਹੋਰ ਰਿਵਾਲਵਰ ਦੇ ਦਿੱਤਾ ਗਿਆ।
ਭੋਲਾ ਸਿੰਘ ਮਾਨ ਨੇ ਕੀਤੀ ਸ਼ਿਕਾਇਤ
ਸਾਬਕਾ ਮੈਂਬਰ ਬਲਾਕ ਸੰਮਤੀ ਭੋਲਾ ਸਿੰਘ ਮਾਨ ਨੇ ਇਸ ਦੀ ਸ਼ਿਕਾਇਤ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਨੂੰ ਕੀਤੀ ਸੀ। ਉਸ ਨੇ ਆਪਣੀ ਦਰਖਾਸਤ ਵਿਚ ਕਿਹਾ ਸੀ ਕਿ ਥਾਣਿਆਂ ਦੇ ਮਾਲਖਾਨਿਆਂ ਵਿਚ ਜਮ੍ਹਾਂ ਹੋਇਆ ਅਸਲਾ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਸਪਲਾਈ ਕੀਤਾ ਗਿਆ ਹੈ। ਉਸ ਨੇ ਆਪਣੀ ਦਰਖਾਸਤ ਵਿਚ ਸ਼ੱਕ ਪ੍ਰਗਟਾਇਆ ਸੀ ਕਿ ਮਾਲਖਾਨਿਆਂ ਵਿਚੋਂ ਗਾਇਬ ਹੋਇਆ ਅਸਲਾ ਗੈਂਗਸਟਰਾਂ ਨੂੰ ਵੇਚਿਆ ਹੋ ਸਕਦਾ ਹੈ। ਭੋਲਾ ਸਿੰਘ ਨੇ ਕਿਹਾ ਸੀ ਕਿ ਕਈ ਅਜਿਹੇ ਅਸਲੇ ਮਾਲਖਾਨਿਆਂ ਵਿਚ ਜਮ੍ਹਾਂ ਹੋਏ ਹਨ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ। ਉਸ ਨੇ ਸ਼ੱਕ ਪ੍ਰਗਟਾਇਆ ਕਿ ਸੂਬੇ ਦੇ ਥਾਣਿਆਂ ਵਿਚਲੇ ਮਾਲਖਾਨਿਆਂ ਵਿਚੋਂ ਵੱਡੀ ਗਿਣਤੀ ਅਸਲਾ ਗਾਇਬ ਹੋ ਸਕਦਾ ਹੈ। ਉਸਨੇ ਮੰਗ ਕੀਤੀ ਸੀ ਕਿ ਜ਼ਲਿ੍ਹੇ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਥਾਣਿਆਂ ਦੇ ਮਾਲ ਖਾਨਿਆਂ ਦੀ ਪੜਤਾਲ ਕਰਵਾਈ ਜਾਵੇ। ਉਸਨੇ ਕਿਹਾ ਕਿ ਸੀ ਥਾਣਿਆਂ ਵਿੱਚੋਂ ਅਸਲਾ ਗਾਇਬ ਹੋਣਾ ਬਹੁਤ ਗੰਭੀਰ ਮੁੱਦਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਨੇ ਜ਼ਿਲਿ੍ਹਆਂ ਦੇ ਐੱਸਐੱਸਪੀਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਥਾਣਿਆਂ ਦੇ ਮਾਲਖਾਨਿਆਂ ਵਿਚ ਜਮ੍ਹਾਂ ਹੋਏ ਅਸਲੇ ਦੀ ਪੜਤਾਲ ਕਰਵਾ ਕੇ ਵਿਸਥਾਰਤ ਰਿਪੋਰਟ ਉਨ੍ਹਾਂ ਨੂੰ ਭੇਜਣ। ਡੀਜੀਪੀ ਦੇ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਅਸਲਾ ਗਾਇਬ ਹੋਣ ਦੇ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ।

Comment here