ਸ਼ਹਿਣਾ : ਜਦੋਂ ਦੋ ਦੇਸਾਂ ਦੇ ਵਿਚਾਲੇ ਜੰਗ ਛਿੜਦੀ ਹੈ ਤਾਂ ਉਸ ਦਾ ਅਸਰ ਬਾਕੀ ਦੇਸਾਂ ਤੇ ਵੀ ਪੈਂਦਾ ਹੈ ਇਸੇ ਤਰਾਂ ਰੂਸ ਤੇ ਯੂਕਰੇਨ ’ਚ ਸ਼ੁਰੂ ਹੋਈ ਜੰਗ ਦਾ ਅਸਰ ਪੰਜਾਬ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪੜ੍ਹਾਈ ਕਰਨ ਗਏ ਪੰਜਾਬ ਦੇ ਬੱਚੇ ਯੂਕਰੇਨ ’ਚ ਫਸੇ ਹੋਣ ਕਰਕੇ ਮਾਪੇ ਚਿੰਤਾ ’ਚ ਡੁੱਬੇ ਹੋਏ ਹਨ ਉੁਥੇ ਹੀ ਕਿਸਾਨਾਂ ’ਚ ਡੀਜ਼ਲ ਤੇ ਪੈਟਰੋਲ ਮਹਿੰਗਾ ਹੋਣ ਜਾਂ ਖ਼ਤਮ ਹੋਣ ਦੀਆਂ ਅਫ਼ਵਾਹਾਂ ਨੇ ਭਾਜੜ ਪਾ ਦਿੱਤੀ ਹੈ। ਡੀਜ਼ਲ ਖ਼ਤਮ ਹੋਣ ਦੇ ਡਰੋਂ ਕਿਸਾਨ ਵੱਡੀ ਮਾਤਰਾ ’ਚ ਤੇਲ ਦੀ ਜਮ੍ਹਾਂਖੋਰੀ ਕਰਨ ਲਈ ਪੈਟਰੋਲ ਪੰਪਾਂ ਉੱਪਰ ਛੋਟੇ ਟੈਕਰ ਜਾਂ ਡਰੰਮ ਭਰਵਾ ਰਹੇ ਹਨ। ਅਜਿਹੀ ਇਕ ਤਸਵੀਰ ਕਸਬਾ ਸ਼ਹਿਣਾ ਦੇ ਪੈਟਰੋਲ ਪੰਪ ’ਤੇ ਦੇਖਣ ਨੂੰ ਮਿਲੀ ਹੈ, ਜਿੱਥੇ ਇਕ-ਇਕ ਕਿਸਾਨ ਤਿੰਨ ਤੋਂ ਪੰਜ ਡਰੰਮ ਡੀਜ਼ਲ ਦੇ ਭਰਵਾ ਕੇ ਜਮ੍ਹਾਂ ਕਰਨ ਲਈ ਜੱਦੋ ਜਹਿਦ ਕਰ ਰਹੇ ਸਨ। ਇੱਥੋਂ ਡੀਜ਼ਲ ਭਰਵਾ ਰਹੇ ਕਿਸਾਨ ਪੇ੍ਰਮ ਦਾਸ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਕਰੀਬ ਇਕ ਮਹੀਨਾ ਡੀਜ਼ਲ ਦੀ ਕੋਈ ਜ਼ਰੂਰਤ ਨਹੀਂ ਹੈ, ਪਰ ਉਸ ਦੇ ਆਸਪਾਸ ਤੇ ਪਿੰਡ ਦੇ ਕਈ ਕਿਸਾਨਾਂ ਵੱਲੋਂ ਡੀਜ਼ਲ ਭਰਵਾ ਕੇ ਰੱਖਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੱਸਿਆ ਕਿ ਯੂਕਰੇਨ-ਰੂਸ ਜੰਗ ਕਾਰਨ ਡੀਜ਼ਲ ਦੇ ਰੇਟ ਵਧ ਜਾਣੇ ਹਨ ਤਾਂ ਉਹ ਮਹਿੰਗਾਈ ਤੋਂ ਬਚਣ ਲਈ ਡੀਜ਼ਲ ਸਟੋਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਸਾਲ ’ਚ ਤਕਰੀਬਨ 1 ਹਜ਼ਾਰ ਲੀਟਰ ਡੀਜ਼ਲ ਦੀ ਖ਼ਪਤ ਹੁੰਦੀ ਹੈ ਤੇ ਇਸ ਲਈ ਹੁਣ ਡੀਜ਼ਲ ਸਟੋਰ ਕੀਤਾ ਜਾ ਰਿਹਾ ਹੈ। ਟਰਾਲੀ ’ਚ ਡਰੰਮ ਭਰਵਾ ਰਹੇ ਇਕ ਹੋਰ ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਪਿੰਡ ’ਚ ਤਕਰੀਬਨ ਹਰ ਘਰ ਨੇ ਡੀਜ਼ਲ ਦੇ ਡਰੰਮ ਭਰਵਾ ਕੇ ਰੱਖੇ ਹਨ ਤੇ ਜਦ ਉਸ ਨੂੰ ਪਤਾ ਲੱਗਾ ਤਾਂ ਉਹ ਵੀ ਡੀਜਲ ਦੇ ਡਰੰਮ ਭਰਵਾਉਣ ਲਈ ਪੰਪ ’ਤੇ ਪੁੱਜ ਗਿਆ। ਉਸ ਨੇ ਦੱਸਿਆ ਕਿ ਉਸ ਦੇ ਆਉਣ ਤੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਟਰੈਕਟਰ-ਟਰਾਲੀਆਂ ਪੰਪ ’ਤੇ ਡੀਜ਼ਲ ਲਈ ਖੜ੍ਹੀਆਂ ਹੋਣ ਕਰਕੇ ਉਸ ਦੀ ਵਾਰੀ ਕਰੀਬ ਤਿੰਨ ਘੰਟੇ ਬਾਅਦ ਆਈ ਹੈ। ਇਕ ਕਿਸਾਨ ਨੇ ਕਿਹਾ ਕਿ ਉਨ੍ਹਾਂ ਨੂੰ ਡੀਜ਼ਲ ਦੀ ਜ਼ਰੂਰਤ ਭਾਵੇਂ ਹੁਣ ਨਹੀਂ ਹੈ, ਪਰ ਜੇ ਰੇਟ ਨਾ ਵਧੇ ਤਾਂ ਕਰੀਬ ਇਕ ਮਹੀਨੇ ਬਾਅਦ ਕਣਕ ਦੀ ਵਾਢੀ ਵੇਲੇ ਇਹ ਡੀਜ਼ਲ ਨੂੰ ਵਰਤ ਲੈਣਗੇ। ਤੇਲ ਕੀਮਤਾਂ ’ਚ ਵਾਧੇ ਦਾ ਡਰ ਪਿਛਲੇ ਕਈ ਦਿਨਾਂ ਤੋਂ ਬਣਿਆ ਹੋਇਆ ਹੈ, ਕਿਉਂਕਿ ਅੰਤਰਰਾਸ਼ਟਰੀ ਪੱਧਰ ’ਤੇ ਵੀ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਭਾਰਤ ’ਚ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਸਦਕਾ ਰੇਟ ’ਚ ਵਾਧਾ ਨਹੀਂ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਰੂਸ ਤੇ ਯੂਕਰੇਨ ’ਚ ਵੱਲ ਰਹੀ ਜੰਗ ਦਾ ਅਸਰ ਕੀ ਪੈਂਦਾ ਹੈ ਤੇ ਆਉਂਦੇ ਦਿਨਾਂ ’ਚ ਵਪਾਰਕ ਹਾਲਾਤ ਕੀ ਬਣਦੇ ਹਨ? ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਡੀਜ਼ਲ ਦੀ ਖ਼ਰੀਦ ਕਰਨ ਲਈ ਆੜ੍ਹਤੀਆਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਕਦਮ ਸੀਜ਼ਨ ਤੋਂ ਪਹਿਲਾਂ ਹਰ ਕਿਸਾਨ ਆੜ੍ਹਤੀਏ ਤੋਂ ਡੀਜ਼ਲ ਲੈਣ ਲਈ ਪੈਸਿਆਂ ਦੀ ਮੰਗ ਕਰਨ ਨਾਲ ਉਨ੍ਹਾਂ ਦੀ ਪਰੇਸ਼ਾਨੀ ਵਧ ਗਈ ਹੈ, ਕਿਉਂਕਿ ਸੀਜ਼ਨ ਆਉਣ ’ਚ ਵੀ ਅਜੇ ਕਰੀਬ ਡੇਢ ਮਹੀਨਾ ਪਿਆ ਹੈ। ਜੇਕਰ ਆੜ੍ਹਤੀਏ ਕਿਸਾਨ ਨੂੰ ਜਵਾਬ ਦਿੰਦੇ ਹਨ ਤਾਂ ਕਿਸਾਨ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇ ੦ ਦੇਣ ਲਈ ਹਾਂ ਕਰਦੇ ਹਨ ਤਾਂ ਉਨ੍ਹਾਂ ਕੋਲ ਇਕਦਮ ਹਰ ਕਿਸਾਨ ਨੂੰ ਪੈਸੇ ਦੇਣ ਦਾ ਪ੍ਰਬੰਧ ਨਹੀਂ ਹੋ ਰਿਹਾ ਹੈ। ਇਸ ਸੰਬੰਧੀ ਕਸਬਾ ਸ਼ਹਿਣਾ ਵਿਖੇ ਇੰਡੀਅਨ ਆਇਲ ਦੇ ਪੈਟਰੋਲ ਪੰਪ ਮਾਲਕ ਸੁਰਿੰਦਰ ਪਾਲ ਤੇ ਮੈਨੇਜਰ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਡੀਜ਼ਲ ਦੀ ਵਿਕਰੀ ’ਚ ਭਾਰੀ ਵਾਧਾ ਹੋਇਆ ਹੈ।
ਡੀਜ਼ਲ ਮਹਿੰਗਾ ਹੋਣ ਦੇ ਡਰੋਂ ਕਿਸਾਨ ਸਟੋਰ ਕਰਨ ਲੱਗੇ

Comment here