ਅਪਰਾਧਖਬਰਾਂਚਲੰਤ ਮਾਮਲੇ

ਡਿਗਰੀ ਵੰਡ ਸਮਾਰੋਹ ਦੌਰਾਨ ਵਿਦਿਆਰਥੀਆਂ ’ਚ ਝੜਪ, ਪੰਜ ਜ਼ਖ਼ਮੀ

ਲੁਧਿਆਣਾ-ਪੰਜਾਬ ਦੀ ਯੂਨੀਵਰਸਿਟੀ ਨੂੰ ਲੈ ਕੇ ਤਾਜ਼ਾ ਖਬਰ ਸਾਹਮਣੇ ਆਈ ਹੈ। ਲੁਧਿਆਣਾ ’ਚ ਮੁੱਲਾਂਪੁਰ ਰੋਡ ’ਤੇ ਬਣੀ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਆਪਸ ’ਚ ਭਿੜ ਗਏ। ਇਸ ਖੂਨੀ ਝੜਪ ਦੇ ਕਾਰਨ 4-5 ਦੇ ਕਰੀਬ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਯੂਨੀਵਰਸਿਟੀ ਵੱਲੋਂ ਡਿਗਰੀ ਵੰਡ ਸਮਾਰੋਹ ਦੀ ਪੋਸਟ ਸੋਸ਼ਲ ਮੀਡੀਆ ’ਤੇ ਪਾਈ ਗਈ ਸੀ। ਇਸ ’ਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੇ ਕੁਮੈਂਟ ਕੀਤਾ ਕਿ ਇਹ ਪੋਸਟ ਸਹੀ ਨਹੀਂ ਹੈ। ਇਸ ਗੱਲ ਦਾ ਵਿਰੋਧ ਯੂਨੀਵਰਸਿਟੀ ਦੇ ਮੌਜੂਦਾ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਯੂਨੀਵਰਸਿਟੀ ’ਚ ਡਿਗਰੀ ਵੰਡ ਸਮਾਰੋਹ ਦੌਰਾਨ ਵਿਦਿਆਰਥੀ ਡਿਗਰੀ ਲੈਣ ਆਏ ਸਨ।
ਉਨ੍ਹਾਂ ਦੀ ਆਪਣੇ ਜੂਨੀਅਰਾਂ ਨਾਲ ਬਹਿਸਬਾਜ਼ੀ ਹੋ ਗਈ। ਗੱਲ ਇੰਨੀ ਵੱਧ ਗਈ ਕਿ ਜੂਨੀਅਰ ਵਿਦਿਆਰਥੀਆਂ ਨੇ ਤੇਜ਼ਧਾਰ ਹਥਿਆਰ ਅਤੇ ਬੇਸਬਾਲਾਂ ਨਾਲ ਡਿਗਰੀ ਲੈਣ ਆਏ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ। ਦੇਖਦੇ ਹੀ ਦੇਖਦੇ ਯੂਨੀਵਰਸਿਟੀ ਜੰਗ ਦਾ ਮੈਦਾਨ ਬਣ ਗਈ। ਦੋਹਾਂ ਧਿਰਾਂ ’ਚ ਖੂਨੀ ਝੜਪ ਹੋ ਗਈ। ਇਸ ਦੌਰਾਨ 4 ਪੁਰਾਣੇ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀਆਂ ਦੀ ਪਛਾਣ ਜਾਨੂ ਸ਼ਰਮਾ, ਗੌਰਵ, ਮਨਜੀਤ ਮੱਟੂ ਅਤੇ ਗੁਰਸ਼ਰਨ ਵਜੋਂ ਹੋਈ ਹੈ।
ਜ਼ਖਮੀ ਵਿਦਿਆਰਥੀਆਂ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ ਹੈ। ਇਸ ਮਾਮਲੇ ’ਚ ਚੌਂਕੀ ਚੌਕੀਮਾਨ ਦੀ ਪੁਲਸ ਨੂੰ ਸ਼ਿਕਾਇਤ ਲਿਖਵਾਉਣ ਗਏ ਵਿਦਿਆਰਥੀਆਂ ਦੀ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੰਚਾਰਜ ਰਣਧੀਰ ਸਿੰਘ ਨੇ ਵਿਦਿਆਰਥੀਆਂ ਨੂੰ ਕਰੀਬ 1 ਘੰਟਾ ਜ਼ਖਮੀ ਹਾਲਤ ’ਚ ਹੀ ਬਿਠਾਈ ਰੱਖਿਆ।

Comment here