ਅਪਰਾਧਸਿਆਸਤਖਬਰਾਂ

ਡਾ ਨੈਨ ਤੋਂ ਡੇਰੇ ਚ ਜਾ ਕੇ ਪੁੱਛਗਿਛ ਕਰੋ, ਉਹ ਬਜ਼ੁਰਗ ਆਦਮੀ ਹੈ-ਹਾਈਕੋਰਟ

ਬੇਅਦਬੀ ਮਾਮਲੇ ਚ ਐਸ ਆਈ ਟੀ ਕਰ ਰਹੀ ਹੈ ਜਾਂਚ

ਚੰਡੀਗੜ੍ਹ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵਲੋਂ ਗਠਿਤ ਐਸ ਆਈ ਟੀ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਅੱਜ ਸੁਣਵਾਈ ਦੌਰਾਨ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਪੰਜਾਬ ਪੁਲਿਸ ਦੀ ਐਸਆਈਟੀ ਨੂੰ ਕਿਹਾ ਹੈ ਕਿ ਜੇਕਰ ਉਸ ਨੇ ਡੇਰੇ ਦੇ ਵਾਇਸ ਚੇਅਰਮੈਨ ਤੋਂ ਪੁੱਛਗਿੱਛ ਕਰਨੀ ਹੈ ਤਾਂ ਉਹ ਡੇਰੇ ਵਿੱਚ ਜਾ ਕੇ ਹੀ ਪੁੱਛਗਿੱਛ ਕਰਨ।ਬੀਤੇ ਦਿਨੀ ਡੇਰਾ ਸੌਦਾ ਸਿਰਸਾ ਦੇ ਚੇਅਰਮੈਨ ਪ੍ਰਿਥਵੀ ਰਾਜ ਨੈਨ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਜੇਕਰ ਪੰਜਾਬ ਪੁਲਿਸ  ਦੀ ਐਸਆਈਟੀ, ਬੇਅਦਬੀ ਜਾਂ ਕਿਸੇ ਹੋਰ ਮਾਮਲੇ ਵਿੱਚ ਉਸ ਤੋਂ ਪੁੱਛਗਿੱਛ ਜਾਂ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ 7 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਇਸ ਪਟੀਸ਼ਨ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ  ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਵੀਰਵਾਰ ਪਟੀਸ਼ਨ ‘ਤੇ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਪੁਲਿਸ ਦੀ ਐਸਆਈਟੀ ਨੂੰ ਹੁਕਮ ਦਿੱਤੇ ਕਿ ਜੇਕਰ ਉਸ ਨੇ ਬੇਅਦਬੀ ਮਾਮਲੇ ਵਿੱਚ ਡੇਰੇ ਦੇ ਵਾਇਸ ਚੇਅਰਮੈਨ ਕੋਲੋਂ ਪੁੱਛਗਿਛ ਕਰਨੀ ਹੈ ਤਾਂ ਉਸ ਕੋਲ ਡੇਰੇ ਵਿੱਚ ਹੀ ਜਾਣਾ ਪਵੇਗਾ। ਸੁਣਵਾਈ ਦੌਰਾਨ ਸਰਕਾਰ ਤਰਫੋਂ ਐਡਵੋਕੇਟ ਜਨਰਲ ਪਟਵਾਲੀਆ ਨੇ ਸਪੱਸ਼ਟ ਕੀਤਾ ਕਿ ਨੈਨ ਕੋਲੋਂ ਇਸ ਕੇਸ ਵਿੱਚ ਗਵਾਹ ਵਜੋਂ ਪੁੱਛਗਿੱਛ ਕੀਤੀ ਜਾਣੀ ਹੈ। ਉਨ੍ਹਾਂ ਅਦਾਲਤ ਵਿੱਚ ਕਿਹਾ ਕਿ ਇਸ ਕੇਸ ਦਾ ਰਿਕਾਰਡ ਬਹੁਤ ਵੱਡਾ ਹੈ, ਇਸ ਲਈ ਨੈਨ ਨੂੰ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਇਸ ‘ਤੇ ਨੈਨ ਤਰਫੋਂ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਨੈਨ ਦੀ ਉਮਰ ਹੁਣ 71 ਸਾਲ ਹੈ ਅਤੇ ਸੀ.ਆਰ.ਪੀ.ਸੀ. ਇਸ ਅਨੁਸਾਰ 65 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਕੋਲ ਜਾ ਕੇ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ‘ਤੇ ਹਾਈਕੋਰਟ ਨੇ ਐਸ.ਆਈ.ਟੀ. ਨੈਨ ਕੋਲ ਜਾ ਕੇ ਪੁੱਛਗਿੱਛ ਕਰਨ ਦੇ ਹੁਕਮ ਦਿੱਤੇ ਹਨ ਅਤੇ ਸੁਣਵਾਈ ਅਗਲੇ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

Comment here