ਮੁੰਬਈ: ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਤੇ ਵਿਦੇਸ਼ ਕਰੰਸੀ ਦੇ ਲਗਾਤਾਰ ਹੋ ਰਹੇ ਨਿਕਾਸ ਕਰਕੇ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਅੱਜ 48 ਪੈਸੇ ਟੁੱਟ ਕੇ 78.85 ਦੇ ਰਿਕਾਰਡ ਹੇਠਲੇ ਪੱਧਰ ’ਤੇ ਪੁੱਜ ਗਿਆ। ਅੰਤਰਬੈਂਕ ਵਿਦੇਸ਼ੀ ਐਕਸਚੇਂਜ ਮਾਰਕੀਟ ਵਿੱਚ ਅੱਜ ਰੁਪਿਆ 78.53 ਦੇ ਹੇਠਲੇ ਪੱਧਰ ’ਤੇ ਖੁੱਲ੍ਹਿਆ ਤੇ ਦਿਨ ਦੇ ਕਾਰੋਬਾਰ ਮਗਰੋਂ 48 ਪੈਸੇ ਦੇ ਨੁਕਸਾਨ ਨਾਲ ਡਾਲਰ ਦੇ ਮੁਕਾਬਲੇ 78.85 ਦੇ ਪੱਧਰ ’ਤੇ ਬੰਦ ਹੋਇਆ। ਸ਼ੇਰਖਾਨ ਵਿਖੇ ਰਿਸਰਚ ਐਨਾਲਿਸਟ ਅਨੁਜ ਚੌਧਰੀ ਨੇ ਕਿਹਾ, ‘‘ਕਮਜ਼ੋਰ ਘਰੇਲੂ ਇਕੁਇਟੀਜ਼ ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਦਰਮਿਆਨ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਿਆ। ਵਿਦੇਸ਼ ਨਿਵੇਸ਼ਕਾਂ ਵੱਲੋਂ ਕੀਤੀ ਮਜ਼ਬੂਤ ਵਿਕਰੀ ਕਰਕੇ ਵੀ ਭਾਰਤੀ ਰੁਪਏ ’ਤੇ ਦਬਾਅ ਵਧਿਆ।’’ ਡਾਲਰ ਦੇ ਮੁਕਾਬਲੇ ਰੁਪਏ ਦੀ ਨਿੱਤ ਘੱਟਦੀ ਕੀਮਤ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅਰਥਚਾਰੇ ਦੀ ਵਿਗੜਦੀ ਹਾਲਤ ਨੂੰ ਠੀਕ ਕਰਨ ਲਈ ਮਹਿਜ਼ ਬਿਆਨਬਾਜ਼ੀ ਕਰਨ ਦੀ ਥਾਂ ਸੁਸ਼ਾਸਨ ਵੱਲ ਧਿਆਨ ਦੇਣ ਦੀ ਲੋੜ ਹੈ।

Comment here