ਮੁੰਬਈ– ਹੈਦਰਾਬਾਦ ਦੇ ਚਾਰ ਸਾਲ ਪੁਰਾਣੇ ਇੱਕ ਡਰੱਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਫਿਲਮ ਅਦਾਕਾਰਾ ਰਕੁਲਪ੍ਰੀਤ ਸਿੰਘ, ਚਾਰਮੀ ਕੌਰ, ਅਦਾਕਾਰ ਰਾਣਾ ਦਗੁਬਾਤੀ, ਰਵੀ ਤੇਜਾ ਸਮੇਤ 12 ਲੋਕਾਂ ਨੂੰ ਸੰਮਨ ਜਾਰੀ ਕੀਤਾ ਹੈ। 6 ਸਤੰਬਰ ਨੂੰ ਰਕੁਲਪ੍ਰੀਤ ਸਿੰਘ, 8 ਸਤੰਬਰ ਨੂੰ ਰਾਣਾ ਦਗੁਬਾਤੀ ਅਤੇ 9 ਸਤੰਬਰ ਨੂੰ ਰਵੀ ਤੇਜਾ ਨੂੰ ਹੈਦਰਾਬਾਦ ਸਥਿਤ ਈਡੀ ਦਫ਼ਤਰ ਵਿਖੇ ਤਲਬ ਕੀਤਾ ਗਿਆ ਹੈ। ਇਸ ਤੋਂ ਇਲਾਵਾ ਈਡੀ ਨੇ ਟਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਪੁਰੀ ਜਗਨਨਾਥ ਨੂੰ 31 ਅਗਸਤ ਨੂੰ ਤਲਬ ਕੀਤਾ ਹੈ। ਰਕੁਲਪ੍ਰੀਤ ਸਿੰਘ ਕੋਲੋਂ ਇਸ ਤੋਂ ਪਹਿਲਾਂ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿਚ ਜਾਂਚ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਪੁੱਛਗਿੱਛ ਕਰ ਚੁੱਕੀ ਹੈ। ਹਾਲਾਂਕਿ ਉਸ ਕੇਸ ਵਿਚ ਰਕੁਲਪ੍ਰੀਤ ਨੂੰ ਆਰੋਪੀ ਨਹੀਂ ਬਣਾਇਆ ਗਿਆ ਸੀ। ਈਡੀ ਵੱਲੋਂ 2017 ਵਿਚ ਤੇਲੰਗਾਨਾ ਵਿਚ ਇਕ ਹਾਈ ਡਰੱਗ ਰੈਕੇਟ ਸਬੰਧੀ ਦਰਜ ਕੀਤੇ ਗਏ ਮਾਮਲੇ ਦੇ ਅਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਤੇਲੰਗਾਨਾ ਐਸਆਈਟੀ ਨੇ ਅਗਸਤ 2017 ਵਿਚ ਮੁੰਬਈ ਤੋਂ ਹੈਦਰਾਬਾਦ ਨੂੰ ਕੋਕੀਨ ਸਪਲਾਈ ਕਰਨ ਦੇ ਆਰੋਪ ਵਿਚ ਇਕ ਦੱਖਣੀ ਅਫ਼ਰੀਕੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਜਦੋਂ ਐਸਆਈਟੀ ਨੇ ਆਰੋਪੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੇ ਕਲਾਕਾਰਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਸੀ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਐਸ ਆਈ ਟੀ ਨੇ 2017 ਜੁਲਾਈ ਵਿਚ ਟਾਲੀਵੁੱਡ ਹਸਤੀਆਂ ਸਮੇਤ 62 ਲੋਕਾਂ ਦੇ ਵਾਲਾਂ ਅਤੇ ਨਹੁੰਆਂ ਦੇ ਨਮੂਨੇ ਇਕੱਠੇ ਕੀਤੇ ਸੀ ਪਰ ਇਸ ਵਿਚ ਐਸਆਈਟੀ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ।
Comment here