ਅਪਰਾਧਸਿਆਸਤਖਬਰਾਂ

ਡਰੱਗ ਮਾਮਲੇ ਚ ਮੁਲਜ਼ਮ ਅਕਾਲੀ ਆਗੂ ਅਨਵਰ ਦੇ ਗ੍ਰਿਫਤਾਰੀ ਵਾਰੰਟ ਜਾਰੀ

ਅੰਮ੍ਰਿਤਸਰ – ਇੱਥੋਂ ਦੀ ਇਕ ਅਦਾਲਤ ਨੇ 197 ਕਿਲੋ ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਦੀ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਗਿ੍ਫਤਾਰੀ ਵਾਰੰਟ  ਜਾਰੀ ਕਰ ਦਿੱਤਾ ਹੈ। ਮੁਲਜ਼ਮ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਲ ਵਿਚ ਦਾਖਲ ਸੀ, ਉਸ ਨੇ ਪੱਤਰਕਾਰਾਂ ਦੇ ਸਾਹਮਣੇ ਪਿਛਲੇ ਦਿਨੀ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਗ੍ਰਿਫਤਾਰੀ ਵਾਰੰਟ ਜਾਰੀ ਹੋਣ ਦਾ ਪਤਾ ਲੱਗਦਿਆਂ ਹੀ ਉਹ ਹਸਪਤਾਲ ਚੋਂ ਫਰਾਰ ਹੋ ਗਿਆ। ਮੁਲਜ਼ਮ ਪਿਛਲੇ ਕੁਝ ਮਹੀਨਿਆਂ ਤੋਂ ਮੈਡੀਕਲ ਗਰਾਊਂਡ ’ਤੇ ਮਿਲੀ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਸੀ ਪਰ ਦਸਤਾਵੇਜ਼ਾਂ ਵਿਚ ਖਾਮੀਆਂ ਵੇਖ ਕੇ ਐੱਸਟੀਐੱਫ ਨੇ ਮੁਲਜ਼ਮ ਦੀ ਜ਼ਮਾਨਤ ਨੂੰ ਚੁਣੌਤੀ ਦਿੱਤੀ ਸੀ। ਅਕਾਲੀ ਆਗੂ ਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਪ੍ਰੈੱਸ ਕਾਨਫੰਰਸ ਕਰ ਕੇ ਐੱਸਟੀਐੱਫ ਅਧਿਕਾਰੀਆਂ ’ਤੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਾਏ ਸਨ। ਅਨਵਰ ਦੀ ਕੋਠੀ ’ਚੋਂ ਐੱਸਟੀਐੱਫ ਨੇ 30 ਜਨਵਰੀ 2020 ਦੀ ਰਾਤ 194 ਕਿਲੋ ਹੈਰੋਇਨ, ਨਸ਼ੀਲ ਪਾਊਡਰ ਬਰਾਮਦ ਕਰ ਕੇ 10 ਜਣਿਆਂ ਨੂੰ ਗਿ੍ਫਤਾਰ ਕੀਤਾ ਸੀ। ਬਾਅਦ ਵਿਚ 3 ਕਿਲੋ ਹੈਰੋਇਨ ਮਾਮਲੇ ਦੇ ਕਿੰਗਪਿੰਨ ਅੰਕੁਸ਼ ਕਪੂਰ ਦੀ ਕੋਠੀ ’ਚੋਂ ਬਰਾਮਦ ਕੀਤੀ ਗਈ ਸੀ। ਹੈਰੋਇਨ ਬਣਾਉਣ ਲਈ ਮੁਲਜ਼ਮਾਂ ਨੇ ਅਫਗਾਨੀ ਨਾਗਰਿਕ ਅਰਮਾਨ ਬਸ਼ਅਰ ਮਲ ਨੂੰ ਵੀ ਬੁਲਾਇਆ ਸੀ। ਉਸ ਨੂੰ ਵੀ ਪੁਲਿਸ ਨੇ ਦਬੋਚ ਲਿਆ ਸੀ। ਇਸ ਮਾਮਲੇ ਮਗਰੋਂ ਅਕਾਲੀ ਦਲ ਬਾਦਲ ਦੀ ਵਾਹਵਾ ਕਿਰਕਿਰੀ ਹੋਈ ਸੀ ਪਰ ਅਕਾਲੀ ਦਲ ਦੇ ਆਗੂ ਅਨਵਰ ਨਾਲ  ਕੋਈ ਸੰਬੰਧ ਨਾ ਹੋਣ ਦਾ ਕਹਿ ਕੇ ਪੱਲਾ ਝਾੜਦੇ ਰਹੇ।

Comment here