ਬਦਲਾਖੋਰੀ ਨਾਲ ਕੰਮ ਕਰਨ ਵਾਲੀ ਸਰਕਾਰ ਨੂੰ ਭੁਗਤਣਾ ਪਵੇਗਾ ਖਮਿਆਜ਼ਾ—ਪ੍ਰਕਾਸ਼ ਸਿੰਘ ਬਾਦਲ
ਮਜੀਠੀਆ ਦੀ ਗ੍ਰਿਫਤਾਰੀ ਚੋਣ ਸਟੰਟ—ਭਗਵੰਤ ਮਾਨ
ਚੰਡੀਗੜ੍ਹ-ਪੰਜਾਬ ਸਰਕਾਰ ਨੇ ਅੱਧੀ ਰਾਤ ਨੂੰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਹ ਕੇਸ ਪੰਜਾਬ ਸਰਕਾਰ ਵਲੋਂ ਨਵੇਂ ਲਗਾਏ ਗਏ ਕਾਰਜਕਾਰੀ ਡੀ. ਜੀ. ਪੀ. ਸਿਧਾਰਥ ਚੱਟੋਪਾਧਿਆਏ ਦੇ ਹੁਕਮਾਂ ’ਤੇ ਦਰਜ ਕੀਤਾ ਗਿਆ ਹੈ। ਡੀ. ਜੀ. ਪੀ. ਨੇ ਬੀ. ਓ. ਆਈ. (ਬਿਓਰੋ ਆਫ ਇਨਸਵੈਸਟੀਗੇਸ਼ਨ) ਨੂੰ ਪੱਤਰ ਲਿਖ ਕੇ ਉਕਤ ਕਾਰਵਾਈ ਕਰਨ ਲਈ ਕਿਹਾ ਸੀ। ਇਥੇ ਹੀ ਬਸ ਨਹੀਂ ਡੀ. ਜੀ. ਪੀ. ਨੇ ਐੱਸ. ਆਈ. ਟੀ. ਦੇ ਗਠਨ ਲਈ ਵੀ ਕਿਹਾ ਸੀ। ਦਰਅਸਲ ਏ. ਜੀ. ਪਟਵਾਲੀਆ ਨੇ ਇਕ ਦਸੰਬਰ ਨੂੰ ਇਸ ਮਾਮਲੇ ਵਿਚ ਆਪਣਾ ਓਪੀਨੀਅਨ ਦਿੱਤਾ ਸੀ। ਪਿਛਲੇ ਇਕ ਮਹੀਨੇ ਤੋਂ ਹੀ ਬਿਕਰਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਅਮਲੀ ਜਾਮਾ ਪਹਿਨਾਉਂਦਿਆਂ ਬੀਤੀ ਅੱਧੀ ਰਾਤ ਨੂੰ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ।
ਇਹ ਕੇਸ ਮੋਹਾਲੀ ਵਿਚ ਬਿਊਰੋ ਆਫ ਇਨਵੈਸਟੀਗੇਸ਼ਨ (ਬੀ. ਓ.ਆਈ.) ਵਲੋਂ ਸਟੇਟ ਕ੍ਰਾਈਮ ਪੁਲਸ ਥਾਣੇ ਵਿਚ ਦਰਜ ਕੀਤਾ ਗਿਆ ਹੈ। ਮਜੀਠੀਆ ਖ਼ਿਲਾਫ਼ ਡਰੱਗ ਮਾਮਲੇ ਨੂੰ ਲੈ ਕੇ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ। ਇਹ ਕੇਸ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 25/27ਏ/29 ਦੇ ਤਹਿਤ ਦਰਜ ਕੀਤਾ ਗਿਆ ਹੈ। ਪਰਚਾ ਦਰਜ ਹੋਣ ਤੋਂ ਬਾਅਦ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮਜੀਠੀਆ ਨੂੰ ਕਿਸੇ ਸਮੇਂ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਫਿਲਹਾਲ ਪੁਲਸ ਇਸ ਮਾਮਲੇ ਵਿਚ ਕੁਝ ਕਹਿ ਰਹੀ ਹੈ।
ਮਜੀਠੀਆ ’ਤੇ ਹੋਵੇਗੀ ਵੱਡੀ ਕਾਰਵਾਈ—ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਕੇਸ ਦੇ ਮਾਮਲੇ ਬਾਰੇ ਬੋਲਦਿਆਂ ਕਿਹਾ ਹੈ ਕਿ ਇਸ ਮਾਮਲੇ ’ਤੇ ਕਾਨੂੰਨ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਚੋਣਾਂ ਨਜ਼ਦੀਕ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਨਾਲੋਂ ਰੋਡਮੈਪ ਚਾਹੀਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਚੋਣਾਂ ਨੂੰ ਅੱਗੇ ਦੇਖਣ ਦੀ ਲੋੜ ਹੈ ਕਿ 5 ਸਾਲ ਤੱਕ ਸਰਕਾਰ ਕਿਵੇਂ ਚੱਲੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਮਾਡਲ ਰਾਹੀਂ ਪੰਜਾਬ ਦੀ ਕਿਸਮਤ ’ਤੇ ਲੱਗੇ ਤਾਲੇ ਨੂੰ ਖੋਲ੍ਹਣਾ ਚਾਹੁੰਦੇ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸਿਰਫ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇਣ ਤੋਂ ਸਿਵਾਏ ਹੋਰ ਕੁੱਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਹੀ ਸੀ, ਜਿਸ ਨੇ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ। ਇਸ ਦੇ ਨਾਲ ਹੀ ਐੱਸ. ਵਾਈ. ਐੱਲ. ਅਤੇ ਪੰਜਾਬ ਦੀ ਪਰਾਲੀ ਨੂੰ ਲੈ ਕੇ ਕੇਜਰੀਵਾਲ ਦੀ ਜੋ ਸੋਚ ਹੈ, ਉਹ ਸਭ ਨੂੰ ਪਤਾ ਹੈ। ਬੇਅਦਬੀ ਦੇ ਮਾਮਲਿਆਂ ’ਤੇ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਧਰਮ ਦੀ ਗੱਲ ਹੈ ਅਤੇ ਇਸ ਦੇ ਲਈ ਸਜ਼ਾ ਵੀ ਵੱਡੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਜਨਤਾ ਦਾ ਵਿਸ਼ਵਾਸ਼ ਉੱਠ ਚੁੱਕਾ ਹੈ, ਇਸ ਲਈ ਜਨਤਾ ਫ਼ੈਸਲੇ ਆਪਣੇ ਹੱਥਾਂ ’ਚ ਲੈ ਰਹੀ ਹੈ।
ਮਜੀਠੀਆ ’ਤੇ ਪਰਚਾ ਬਦਲਾਖੋਰੀ ਦੀ ਕਾਰਵਾਈ—ਪ੍ਰਕਾਸ਼ ਸਿੰਘ ਬਾਦਲ
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਪਰਚਾ ਦਰਜ ਕਰਨ ਨੂੰ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਬਦਲਾਖੋਰੀ ਦੀ ਕਾਰਵਾਈ ਦੱਸਿਆ ਹੈ। ਸਰਦਾਰ ਬਾਦਲ ਨੇ ਕਿਹਾ ਹੈ ਕਿ ਇਸ ਗੱਲ ਦਾ ਇਲਮ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸੀ, ਇਸੇ ਲਈ ਪੰਜਾਬ ਸਰਕਾਰ ਨੇ ਪਿਛਲੇ ਕੁੱਝ ਸਮੇਂ ਵਿਚ ਹੀ ਤਿੰਨ ਡੀ. ਜੀ. ਪੀ. ਬਦਲ ਦਿੱਤੇ, ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਇੰਨੇ ਘੱਟ ਸਮੇਂ ਵਿਚ ਤਿੰਨ ਡੀ. ਜੀ. ਪੀ. ਬਦਲੇ ਗਏ ਹੋਣ। ਇਹ ਸਿਰਫ ਇਸ ਕਰਕੇ ਕਿਉਂਕਿ ਬਾਦਲਾਂ ਅਤੇ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਸਰਦਾਰ ਬਾਦਲ ਨੇ ਕਿਹਾ ਕਿ ਪਹਿਲੇ ਅਫ਼ਸਰਾਂ ਨੇ ਆਖ ਦਿੱਤਾ ਕਿ ਅਸੀਂ ਬਿਨਾਂ ਕਾਰਣ ਕਿਸੇ ’ਤੇ ਕਾਰਵਾਈ ਨਹੀਂ ਕਰ ਸਕਦੇ, ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਨਵਾਂ ਡੀ. ਜੀ. ਪੀ. ਲਗਾਉਣਾ ਪਿਆ।
ਬਾਦਲ ਨੇ ਕਿਹਾ ਕਿ ਜਿਹੜੀ ਵੀ ਸਰਕਾਰ ਇਸ ਤਰ੍ਹਾਂ ਦੀ ਬਦਲਾਖੋਰੀ ਦੀ ਨੀਤੀ ਨਾਲ ਕੰਮ ਕਰਦੀ ਹੈ, ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਹੀ ਪੈਂਦਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਕਾਂਗਰਸ ਹਰ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਮੇਰੇ ’ਤੇ ਵੀ ਅਜਿਹੇ ਸੈਂਕੜੇ ਪਰਚੇ ਦਰਜ ਕੀਤੇ ਗਏ, ਇਥੋਂ ਤਕ ਉਨ੍ਹਾਂ ਦੀ ਪਤਨੀ ’ਤੇ ਵੀ ਪਰਚਾ ਦਰਜ ਕੀਤਾ ਗਿਆ ਸੀ। ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਿਸੇ ਕਾਂਗਰਸੀ ’ਤੇ ਬਦਲਾਖੋਰੀ ਦੀ ਨੀਤੀ ਨਾਲ ਕਾਰਵਾਈ ਨਹੀਂ ਕੀਤੀ ਗਈ। ਸਰਕਾਰ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਨਾ ਕਿ ਬਦਲਾਖੋਰੀ ਦੀ ਨੀਤੀ ਨਾਲ ਕਾਰਵਾਈ ਕਰਨਾ।
ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕਿਸੇ ਪਾਰਟੀ ਦਾ ਨਹੀਂ ਸਗੋਂ ਸਾਰੀਆਂ ਧਿਰਾਂ ਦਾ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਲਈ ਇਹ ਕੋਈ ਨਹੀਂ ਗੱਲ ਨਹੀਂ ਹੈ, ਅਸੀਂ ਹਰ ਲੜਾਈ ਲੜਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇ ਬਦਲਾਖੋਰੀ ਦੀ ਕਾਰਵਾਈ ਹੀ ਕਰਨੀ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਫੜਿਆ ਜਾਵੇ ਉਹ ਕਿਤੇ ਵੀ ਜਾਣ ਲਈ ਤਿਆਰ ਹਨ।
24 ਘੰਟਿਆਂ ’ਚ ਬੰਦ ਹੋਣਾ ਚਾਹੀਦੈ ਨਸ਼ਾ—ਹਰਸਿਮਰਤ ਬਾਦਲ
ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠਿਆ ਖ਼ਿਲਾਫ਼ ਦਰਜ ਹੋਏ ਪਰਚੇ ਮਗਰੋਂ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਹਰਸਿਮਰਤ ਨੇ ਕਿਹਾ ਹੈ ਕਿ ਪਰਚਾ ਦਰਜ ਹੋਣ ਨਾਲ ਵਿਰੋਧੀਆਂ ਦੇ ਸਾਹ ਵਿੱਚ ਸਾਹ ਆਇਆ ਹੋਵੇਗਾ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੋਵੇਗੀ। ਹਰਸਿਮਰਤ ਨੇ ਪੰਜਾਬ ਸਰਕਾਰ ਨੂੰ ਵੱਡੀ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਘਰ-ਘਰ ਪਹੁੰਚਿਆ ਨਸ਼ਾ 24 ਘੰਟਿਆਂ ਵਿੱਚ ਬੰਦ ਹੋ ਜਾਣਾ ਚਾਹੀਦਾ ਹੈ। ਜੇਕਰ ਨਸ਼ਾ ਬੰਦ ਨਹੀਂ ਹੁੰਦਾ ਤਾਂ ਫਿਰ ਮੁੱਖ ਮੰਤਰੀ ਚੰਨੀ, ਨਵਜੋਤ ਸਿੱਧੂ ਸਮੇਤ ਸਾਰੀ ਕਾਂਗਰਸ ਫੇਲ੍ਹ ਮੰਨੀ ਜਾਵੇਗੀ।
ਹਰਸਿਮਰਤ ਨੇ ਪੰਜਾਬ ਸਰਕਾਰ ’ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਸਭ ਬਦਲਾਖੋਰੀ ਦੀ ਰਾਜਨੀਤੀ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਹਨ੍ਹੇਰੇ ਵਿੱਚ ਡੀ.ਜੀ.ਪੀ. ਬਦਲੇ ਜਾਂਦੇ ਹਨ ਅਤੇ ਰਾਤ ਨੂੰ ਹੀ ਪਰਚਾ ਦਰਜ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਦਰਬਾਰ ਸਾਹਿਬ ’ਚ ਹੋਈ ਬੇਅਦਬੀ ’ਤੇ ਚੁੱਪ ਧਾਰੀ ਬੈਠੇ ਆਗੂ ਲੋਕਾਂ ਦਾ ਧਿਆਨ ਭਟਕਾਉਣ ਲਈ ਪਰਚੇ ਦਰਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪਰਚਾ ਦਰਜ ਕਰਵਾਉਣ ਵਾਲਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੋਵੇਗੀ। ਹਰਸਿਮਰਤ ਨੇ ਕਿਹਾ ਕਿ ਅਕਾਲੀ ਦਲ ਅਜਿਹੇ ਪਰਚਿਆਂ ਤੋਂ ਡਰਦਾ ਨਹੀਂ ਹੈ ਕਿਉਂਕਿ 2006 ਵਿੱਚ ਵੀ ਕੈਪਟਨ ਨੇ ਇਸੇ ਡੀ.ਜੀ.ਪੀ. ਨੂੰ ਬਾਦਲਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਨ ਲਈ ਵਰਤਿਆ ਸੀ।
ਬਿਕਰਮ ਮਜੀਠੀਆ ਦੀ ਗਿ੍ਰਫ਼ਤਾਰੀ ਚੋਣ ਸਟੰਟ—ਭਗਵੰਤ ਮਾਨ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਣ ਨੇ ਬਿਕਰਮ ਮਜੀਠੀਆ ’ਤੇ ਦਰਜ ਐੱਫ. ਆਰ. ਆਈ. ਨੂੰ ਕਾਂਗਰਸ ਸਰਕਾਰ ਦਾ ਚੋਣ ਸਟੰਟ ਦੱਸਿਆ। ਮਾਨ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਜੋ ਕੇਸ ਦਰਜ ਕੀਤਾ ਗਿਆ ਹੈ, ਉਹ ਇਕ ਚੋਣ ਸਟੰਟ ਤੋਂ ਜ਼ਿਆਦਾ ਕੁਝ ਵੀ ਨਹੀਂ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਿਕਰਮ ਮਜੀਠੀਆ ’ਤੇ ਕੇਸ ਦਰਜ ਕਰੇਗੀ ਤੇ ਫਿਰ ਕਮਜ਼ੋਰ ਢੰਗ ਨਾਲ ਕੇਸ ਦੀ ਕਾਰਵਾਈ ਤੋਂ ਬਾਅਦ ਉਸ ਨੂੰ ਜਲਦ ਜ਼ਮਾਨਤ ਮਿਲ ਜਾਵੇਗੀ।
ਇਸ ਦੌਰਾਨ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਹਰ ਐਲਾਨ ਪੂਰਾ ਹੋਵੇਗਾ। ਮਾਨ ਨੇ ਕਿਹਾ ਕਿ ਕਿਸਾਨੀ, ਸਿਹਤ ਤੇ ਸਿੱਖਿਆ ਦੇ ਨਾਲ ਜੋ ਹੋਰ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਹਨ, ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ।
Comment here