ਅਪਰਾਧਮਨੋਰੰਜਨ

ਡਰੱਗ ਤੇ ਫਿਲਮੀ ਸੰਸਾਰ ਦਾ ਰਿਸ਼ਤਾ ਨਵਾਂ ਨਹੀਂ

ਭਾਰਤੀ ਫਿਲਮ ਜਗਤ ਦਾ ਨਸ਼ੇ ਨਾਲ ਰਿਸ਼ਤਾ ਨਵਾਂ ਨਹੀਂ ਹੈ। ਚਾਰ ਦਹਾਕੇ ਪਹਿਲਾਂ ਵੀ ਬਾਲੀਵੁੱਡ ਇੰਡਸਟਰੀ ਨਸ਼ੇ ਦੇ ਸੌਦਾਗਰਾਂ ਦੇ ਨਿਸ਼ਾਨੇ ’ਤੇ ਸੀ। ਇੰਡਸਟਰੀ ਦੇ ਕਈ ਵੱਡੇ ਲੋਕ ਡਰੱਗਜ਼ ਦੀ ਭੈੜੀ ਆਦਤ ਵਿਚ ਫਸੇ, ਛੱਡਣ ਤੋਂ ਬਾਅਦ ਦੂਜਿਆਂ ਲਈ ਪ੍ਰੇਰਣਾ ਦਾ ਸੋਮਾ ਵੀ ਬਣੇ। ਡਰੱਗ ਛੱਡ ਚੁੱਕੇ ਸੈਲੀਬ੍ਰਿਟੀਜ਼ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਕਿਸ ਤਰ੍ਹਾਂ ਡਰੱਗ ਇਨਸਾਨ ਨੂੰ ਖੋਖਲਾ ਕਰ ਦਿੰਦੀ ਹੈ ਪਰ ਨੌਜਵਾਨਾਂ ਦੀ ਸੋਚ ਵਿਚ ਕਈ ਜਨਰੇਸ਼ਨ ਗੈਪ ਆ ਚੁੱਕੇ ਹਨ, ਜੋ ਸੁਭਾਵਕ ਵੀ ਹਨ। ਬਾਲੀਵੁੱਡ ਫਿਲਮ ਇੰਡਸਟ੍ਰੀ ਦੀ ਨਵੀਂ ਪੀੜ੍ਹੀ ਇਸ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੀਤੇ ਸਾਲ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਨਸ਼ਿਆਂ ਦੀ ਹਨੇਰਮਈ ਦੁਨੀਆ ਤਕ ਪਹੁੰਚੀ ਸੀ।

ਸੰਜੇ ਦੱਤ- 1982 ਵਿਚ ਇਸ ਬਾਲੀਵੁੱਡ ਅਭਿਨੇਤਾ ਨੂੰ ਡਰੱਗਜ਼ ਰੱਖਣ ਦੇ ਜੁਰਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ’ਚ ਇਨ੍ਹਾਂ ਦੇ ਪਿਤਾ ਸੁਨੀਲ ਦੱਤ ਦੇ ਕਹਿਣ ’ਤੇ ਅਮਰੀਕਾ ਦੇ ਨਸ਼ਾ-ਮੁਕਤੀ ਕੇਂਦਰ ਵਿਚ ਭੇਜ ਦਿੱਤਾ ਗਿਆ ਸੀ। ਇਕ ਰਿਪੋਰਟ ਅਨੁਸਾਰ ਸੰਜੇ ਦੱਤ ਨੇ ਈਵੈਂਟ ਐਂਡ ਮੈਨੇਜਮੈਂਟ ਐਸੋਸੀਏਸ਼ਨ ਦੇ ਸਾਲਾਨਾ ਸੰਮੇਲਨ ਵਿਚ ਖੁਦ ਖੁਲਾਸਾ ਕੀਤਾ ਸੀ ਕਿ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਬਾਰੇ ਜੇ ਤੁਸੀਂ ਵਿਚਾਰ ਕਰੋਗੇ ਤਾਂ ਯਕੀਨੀ ਤੌਰ ’ਤੇ ਤੁਸੀਂ ਇਨ੍ਹਾਂ ਦੀ ਵਰਤੋਂ ਕਰੋਗੇ। ਜਦੋਂ ਇਕ ਵਾਰ ਇਨ੍ਹਾਂ ਦੀ ਆਦਤ ਪੈ ਜਾਂਦੀ ਹੈ ਤਾਂ ਇਨ੍ਹਾਂ ਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਲਗਭਗ 12 ਸਾਲ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਕੋਈ ਵੀ ਅਜਿਹੀ ਡਰੱਗ ਨਹੀਂ, ਜਿਸ ਦੀ ਉਨ੍ਹਾਂ ਵਰਤੋਂ ਨਾ ਕੀਤੀ ਹੋਵੇ। ਉਨ੍ਹਾਂ ਖੁਲਾਸਾ ਕੀਤਾ ਸੀ,‘‘ਜਦੋਂ ਮੇਰੇ ਪਿਤਾ ਮੈਨੂੰ ਨਸ਼ਾ-ਮੁਕਤੀ ਲਈ ਅਮਰੀਕਾ ਲੈ ਕੇ ਗਏ ਤਾਂ ਡਾਕਟਰ ਨੇ ਮੈਨੂੰ ਡਰੱਗਜ਼ ਦੀ ਇਕ ਲਿਸਟ ਦਿੱਤੀ ਅਤੇ ਮੈਂ ਇਸ ਲਿਸਟ ਵਿਚ ਹਰੇਕ ਡਰੱਗ ਨੂੰ ਟਿਕ ਕੀਤਾ ਕਿਉਂਕਿ ਮੈਂ ਉਹ ਸਾਰੀਆਂ ਪਹਿਲਾਂ ਹੀ ਲੈ ਚੁੱਕਾ ਸੀ। ਡਾਕਟਰ ਨੇ ਮੇਰੇ ਪਾਪਾ ਨੂੰ ਕਿਹਾ ਕਿ ਤੁਸੀਂ ਭਾਰਤ ਵਿਚ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਹੋ। ਇਨ੍ਹਾਂ (ਸੰਜੇ) ਨੇ ਜੋ ਡਰੱਗਜ਼ ਲਈਆਂ, ਉਸ ਦੇ ਅਨੁਸਾਰ ਇਨ੍ਹਾਂ ਨੂੰ ਹੁਣ ਤਕ ਮਰ ਜਾਣਾ ਚਾਹੀਦਾ ਸੀ।’’

ਪ੍ਰਤੀਕ ਬੱਬਰ-ਸਵਰਗੀ ਅਭਿਨੇਤਰੀ ਸਮਿਤਾ ਪਾਟਿਲ ਤੇ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ ਨੇ ਸੰਜੇ ਦੱਤ ਵਾਂਗ ਆਪਣੀ ਡਰੱਗਜ਼ ਦੀ ਆਦਤ ਬਾਰੇ ਦੁਨੀਆ ਨੂੰ ਦੱਸਿਆ। ਅਭਿਨੇਤਾ ਨੇ ਮੰਨਿਆ ਕਿ ਉਸ ਨੇ 13 ਸਾਲ ਦੀ ਉਮਰ ਵਿਚ ਡਰੱਗਜ਼ ਲੈਣਾ ਸ਼ੁਰੂ ਕੀਤਾ ਸੀ। ਔਰਤਾਂ ਉਸ ਦੀ ਜ਼ਿੰਦਗੀ ਵਿਚ ਆਈਆਂ ਅਤੇ ਗਈਆਂ ਪਰ ਡਰੱਗਜ਼ ਦੀ ਆਦਤ ਉਸ ਦੇ ਨਾਲ ਬਣੀ ਰਹੀ। ਬਾਅਦ ’ਚ ਨਸ਼ਾ-ਮੁਕਤੀ ਕੇਂਦਰ ਨੇ ਉਸ ਨੂੰ ਇਸ ਸਮੱਸਿਆ ’ਚੋਂ ਕੱਢਣ ਵਿਚ ਮਦਦ ਕੀਤੀ। ਉਹ ਕਹਿੰਦਾ ਹੈ,‘‘ਮੇਰੇ ਡਰੱਗਜ਼ ਕਾਰਨ ਮੇਰਾ ਬਚਪਨ ਬੇਚੈਨੀ ਭਰਿਆ ਰਿਹਾ। ਲਗਾਤਾਰ ਅੰਦਰੂਨੀ ਕਲੇਸ਼ ਕਾਰਨ ਮੇਰੇ ਸਿਰ ਵਿਚ ਆਵਾਜ਼ਾਂ ਗੂੰਜਦੀਆਂ ਰਹਿੰਦੀਆਂ ਸਨ। ਮੈਂ ਖੁਦ ਨੂੰ ਸਵਾਲ ਕਰਦਾ ਸੀ ਕਿ ਮੈਂ ਕਿੱਥੇ ਹਾਂ। ਸਿਰਫ 13 ਸਾਲ ਦੀ ਉਮਰ ਵਿਚ ਮੈਂ ਪਹਿਲੀ ਵਾਰ ਡਰੱਗਜ਼ ਲਈ ਅਤੇ ਫਿਰ ਸ਼ੁਰੂਆਤ ਹੋ ਗਈ। ਡਰੱਗਜ਼ ਤੋਂ ਬਿਨਾਂ ਮੇਰਾ ਬਿਸਤਰੇ ਤੋਂ ਉੱਠਣਾ ਲਗਭਗ ਅਸੰਭਵ ਸੀ। ਲਗਭਗ ਹਰ ਸਵੇਰ ਮੇਰਾ ਜੀਅ ਘਬਰਾਉਂਦਾ ਸੀ। ਮੇਰੇ ਸਰੀਰ ਵਿਚ ਦਰਦ ਹੁੰਦੀ ਸੀ। ਮੈਨੂੰ ਕਦੇ ਗਰਮੀ ਤਾਂ ਕਦੇ ਸਰਦੀ ਲੱਗਦੀ ਸੀ। ਜਦੋਂ ਮੇਰੇ ਕੋਲ ਕੋਈ ਮਨਪਸੰਦ ਡਰੱਗ ਨਹੀਂ ਸੀ ਤਾਂ ਮੈਂ ਕੋਈ ਵੀ ਡਰੱਗ ਅਪਣਾ ਲੈਂਦਾ ਸੀ, ਜਦੋਂਕਿ ਇਹ ਮੇਰੇ ਲਈ ਬਹੁਤ ਨੁਕਸਾਨਦੇਹ ਸੀ।

ਰਣਬੀਰ ਕਪੂਰ-ਰਣਬੀਰ ਕਪੂਰ ਨੇ ਸ਼ੋਹਰਤ ਦੀਆਂ ਜਿਨ੍ਹਾਂ ਬੁਲੰਦੀਆਂ ਨੰ ਛੂਹਿਆ, ਉਸ ਤੋਂ ਅਸੀਂ ਸਾਰੇ ਜਾਣੂ ਹਾਂ। ਇਸ ਅਭਿਨੇਤਾ ਨੇ ਫਿਲਮ ਨਿਰਮਾਤਾਵਾਂ ਤੋਂ ਲੈ ਕੇ ਦਰਸ਼ਕਾਂ ਤਕ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚਸਫਲਤਾ ਹਾਸਲ ਕੀਤੀ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਨੇ ਸ਼ਰਾਬ ਤੇ ਡਰੱਗਜ਼ ਦੀ ਵਰਤੋਂ ਵੀ ਕੀਤੀ ਹੈ। ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਰਣਬੀਰ ਨੇ ਮੰਨਿਆ ਸੀ ਕਿ ਜਦੋਂ ਉਹ ਫਿਲਮ ਸਕੂਲ ਵਿਚ ਸੀ ਤਾਂ ਉਸ ਵੇਲੇ ਤੰਬਾਕੂ ਦੀ ਕਾਫੀ ਮਾਤਰਾ ਵਿਚ ਵਰਤੋਂ ਕਰਦਾ ਸੀ। ਨਾਲ ਹੀ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਫਿਲਮ ‘ਰੌਕ ਸਟਾਰ’ ਦੌਰਾਨ ਇਸ ਦੀ ਮੁੜ ਵਰਤੋਂ ਕੀਤੀ। ਬਸ ਇਸ ਵਾਰ ਵਰਤੋਂ ਇਕ ਐਕਟਿੰਗ ਟੂਲ ਦੇ ਰੂਪ ’ਚ ਸੀ।

ਹਨੀ ਸਿੰਘ- ਡਰੱਗਜ਼ ਦੀ ਲਪੇਟ ਵਿਚ ਆਉਣ ਕਾਰਨ ਹਨੀ ਸਿੰਘ ਦਾ ਕਰੀਅਰ ਤੇ ਸ਼ੋਹਰਤ ਦਾ ਗ੍ਰਾਫ ਕਾਫੀ ਹੇਠਾਂ ਆ ਗਿਆ ਸੀ। ਅਜਿਹੀ ਖਬਰ ਅਸੀਂ ਤੇ ਤੁਸੀਂ ਖੁਦ ਸੁਣੀ ਪਰ ਤਸਵੀਰ ਹਨੀ ਸਿੰਘ ਨੇ ਖੁਦ ਸਾਫ ਕੀਤੀ। ਉਸ ਨੇ ਕਿਹਾ,‘‘ਇਹ ਪਹਿਲੀ ਵਾਰ ਹੈ ਜਦੋਂ ਮੈਂ ਇਸ ਬਾਰੇ ਗੱਲ ਕਰ ਰਿਹਾ ਹਾਂ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਪ੍ਰਸ਼ੰਸਕਾਂ ਨੂੰ ਪਤਾ ਲੱਗੇ ਕਿ ਮੇਰੇ ਨਾਲ ਕੀ ਹੋਇਆ ਸੀ। ਇਸ ਬਾਰੇ ਕੋਈ ਨਹੀਂ ਜਾਣਦਾ। ਮੈਂ ਖੁਦ ਦੁਨੀਆ ਨੂੰ ਇਸ ਬਾਰੇ ਦੱਸਣਾ ਚਾਹੁੰਦਾ ਸੀ। ਪਿਛਲੇ 18 ਮਹੀਨੇ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਸੀ। ਮੈਂ ਕਿਸੇ ਨਾਲ ਗੱਲ ਕਰਨ ਦੀ ਹਾਲਤ ਵਿਚ ਨਹੀਂ ਸੀ। ਮੈਨੂੰ ਪਤਾ ਹੈ ਕਿ ਅਜਿਹੀਆਂ ਅਫਵਾਹਾਂ ਸਨ ਕਿ ਮੈਂ ਨਸ਼ਾ-ਮੁਕਤੀ ਕੇਂਦਰ ਵਿਚ ਸੀ ਪਰ ਉਸ ਪੂਰੇ ਸਮੇਂ ਮੈਂ ਨੋਇਡਾ ਦੇ ਆਪਣੇ ਘਰ ਵਿਚ ਸੀ। ਸੱਚਾਈ ਇਹ ਹੈ ਕਿ ਮੈਂ ਬਾਈਪੋਲਰ ਡਿਸਆਰਡਰ ਤੋਂ ਪੀੜਤ ਸੀ। ਇਨ੍ਹਾਂ 18 ਮਹੀਨਿਆਂ ਵਿਚ ਮੈਂ 4 ਡਾਕਟਰਾਂ ਦੀ ਸਲਾਹ ਲਈ। ਕੋਈ ਦਵਾਈ ਮੇਰੇ ’ਤੇ ਕੰਮ ਨਹੀਂ ਕਰ ਰਹੀ ਸੀ। ਮੈਂ ਬਹੁਤ ਅਜੀਬ ਸਥਿਤੀ ਵਿਚ ਸੀ। ਹੁਣ ਮੈਂ ਖੁਦ ਨੂੰ ਹੋਰ ਰੋਕਣਾ ਨਹੀਂ ਚਾਹੁੰਦਾ ਸੀ। ਮੈਨੂੰ ਇਹ ਗੱਲ ਜ਼ਰੂਰ ਮੰਨ ਲੈਣੀ ਚਾਹੀਦੀ ਹੈ ਕਿ ਮੈਂ ਬਾਈਪੋਲਰ ਡਿਸਆਰਡਰ ਤੋਂ ਪੀੜਤ ਸੀ ਅਤੇ ਖੂਬ ਸ਼ਰਾਬ ਪੀਂਦਾ ਸੀ, ਜਿਸ ਕਾਰਨ ਮੇਰੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ।

ਪੂਜਾ ਭੱਟ-ਪੂਜਾ ਭੱਟ ਇਕ ਵੇਲੇ ਸ਼ਰਾਬ ਦੀ ਦੀਵਾਨੀ ਹੋਇਆ ਕਰਦੀ ਸੀ ਪਰ ਹੁਣ ਉਸ ਨੇ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਹੈ। ਉਸ ਦੇ ਪਿਤਾ ਮਹੇਸ਼ ਭੱਟ ਨੇ ਉਸ ਨੂੰ ਆਪਣੀ ਜ਼ਿੰਦਗੀ ਬਾਰੇ ਸੋਚਣ ਲਈ ਮਜਬੂਰ ਕੀਤਾ। ਪੂਜਾ ਨੇ ਇਹ ਵੀ ਖੁਲਾਸਾ ਕੀਤਾ ਕਿ ਸਿਰਫ 16 ਸਾਲ ਦੀ ਉਮਰ ਵਿਚ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। 23 ਸਾਲ ਦੀ ਉਮਰ ’ਚ ਉਸ ਨੇ ਪਹਿਲੀ ਵਾਰ ਸਿਗਰਟ ਪੀਤੀ ਪਰ ਉਸ ਨੇ ਕਦੇ ਕੋਕੀਨ ਦੀ ਵਰਤੋਂ ਨਹੀਂ ਕੀਤੀ। ਪੂਜਾ ਨੇ ਦੱਸਿਆ ਕਿ ਸ਼ਰਾਬ ਪੀਣ ਨਾਲ ਸਾਨੂੰ ਆਰਾਮ ਮਿਲਦਾ ਹੈ, ਇਹ ਸਾਡੀ ਸ਼ਾਮ ਨੂੰ ਰੰਗੀਨ ਕਰਦੀ ਹੈ। ਬਿਜ਼ਨੈੱਸ ਲੰਚ ਤੇ ਬੋਰਡ ਰੂਮ ਵਿਚ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਭੀੜ-ਭੜੱਕੇ ਵਾਲੇ ਸ਼ਹਿਰ ਵਿਚ ਰਹਿਣ ਅਤੇ ਉੱਚ ਤਣਾਅ ਵਾਲੀ ਨੌਕਰੀ ਕਰਨ ਕਰ ਕੇ ਸ਼ਰਾਬ ਪੀਣਾ ਜਸ਼ਨ ਮਨਾਉਣ ਵਰਗਾ ਹੋ ਗਿਆ ਹੈ ਅਤੇ ਸ਼ਰਾਬ ਹੀ ਜ਼ਿੰਦਗੀ ਵਿਚ ਹਾਰ ਨੂੰ ਪਚਾਉਣ ਦਾ ਸਾਧਨ ਬਣ ਗਈ ਹੈ। ਉਹ ਕਹਿੰਦੀ ਹੈ ਕਿ ਤੁਹਾਡੀ ਫਿਲਮ ਹਿਟ ਹੁੰਦੀ ਹੈ ਤਾਂ ਤੁਸੀਂ ਸ਼ੈਂਪੇਨ ਵਿਚ ਨਹਾਉਂਦੇ ਹੋ। ਜੇ ਫਲਾਪ ਹੋ ਜਾਂਦੀ ਹੈ ਤਾਂ ਸਿੰਗਲ ਮਾਲਟ ਹੀ ਤੁਹਾਡੇ ਦਰਦ ਨੂੰ ਘੱਟ ਕਰਦੀ ਹੈ। ਇਸ ਤੋਂ ਪਹਿਲਾਂ ਕਿ ਇਹ ਮੈਨੂੰ ਕਬਰ ਤਕ ਲੈ ਜਾਂਦੀ, ਮੈਂ ਇਸ ਨੂੰ ਛੱਡ ਦਿੱਤਾ। ਸ਼ਰਾਬ ਦੀ ਆਦਤ ਕਾਰਨ ਮੈਂ ਖੁਦ ਨੂੰ ਗੁਆ ਦਿੱਤਾ ਸੀ।

ਫਰਦੀਨ ਖਾਨ-ਫਰਦੀਨ ਖਾਨ ਨੂੰ ਜਦੋਂ ਡਰੱਗਜ਼ ਦੀ ਆਦਤ ਪਈ, ਉਸ ਵੇਲੇ ਉਹ ਬਾਲੀਵੁੱਡ ਵਿਚ ਸਫਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਸੀ। ਉਸ ਨੂੰ 2001 ਵਿਚ ਕੋਕੀਨ ਦੇ ਨਾਲ ਮੁੰਬਈ ਦੇ ਜੁਹੂ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸੇ ਕਾਰਨ ਉਸ ਨੂੰ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਸੀ। ਉਸ ਨੇ ਦੱਸਿਆ ਕਿ ਮਨੋਭਾਵਾਂ ਵਿਚ ਤਬਦੀਲੀ ਲਿਆਉਣ ਲਈ ਕੋਈ ਵੀ ਪਦਾਰਥ, ਭਾਵੇਂ ਉਹ ਨਸ਼ੀਲਾ ਪਦਾਰਥ ਹੋਵੇ ਜਾਂ ਸ਼ਰਾਬ ਜਾਂ ਕੋਈ ਪ੍ਰਿਸਕ੍ਰਿਪਸ਼ਨ ਪਿਲਸ ਹੋਣ, ਜੇ ਇਨ੍ਹਾਂ ਸਾਰੀਆਂ ਜਾਨਲੇਵਾ ਚੀਜ਼ਾਂ ਦੀ ਤੁਹਾਨੂੰ ਆਦਤ ਪੈ ਜਾਂਦੀ ਹੈ ਤਾਂ ਤੁਸੀਂ ਇਨ੍ਹਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੋ ਜਾਂਦੇ ਹੋ। ਇਸ ਤੋਂ ਪਹਿਲਾਂ ਕਿ ਤੁਸੀਂ ਉਸ ਦੇ ਬੁਰੇ ਅਸਰ ਨੂੰ ਜਾਣ ਸਕੋ, ਉਹ ਤੁਹਾਨੂੰ ਅੰਦਰੋਂ ਖੋਖਲਾ ਕਰ ਚੁੱਕੀ ਹੁੰਦੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਖਤਰਨਾਕ ਹੈ। ਹੁਣ ਮੇਰਾ ਇਕੋ-ਇਕ ਨਸ਼ਾ ਆਪਣੇ ਪਰਿਵਾਰ ਨਾਲ ਪਿਆਰ ਹੈ। ਇਹ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਕਿਰਪਾ ਕਰ ਕੇ ਖੁਦ ਨੂੰ ਜਾਗਰੂਕ ਕਰੋ। ਨਸ਼ਾ ਚੰਗੀ ਚੀਜ਼ ਨਹੀਂ ਹੈ।

ਧਰਮਿੰਦਰ-‘ਯਮਲਾ-ਪਗਲਾ-ਦੀਵਾਨਾ-2’ ਦੀ ਪ੍ਰਮੋਸ਼ਨ ਦੌਰਾਨ ਧਰਮਿੰਦਰ ਨੇ ਇਹ ਗੱਲ ਮੰਨੀ ਸੀ ਕਿ ਉਨ੍ਹਾਂ ਦੇ ਕਰੀਅਰ ਦਾ ਪਤਨ ਉਨ੍ਹਾਂ ਵਲੋਂ ਸ਼ਰਾਬ ਪੀਣ ਕਾਰਨ ਹੋਇਆ ਪਰ ਹੁਣ 2011 ਵਿਚ ਉਨ੍ਹਾਂ ਨੇ ਵਿਗੜਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋੋਏ ਸ਼ਰਾਬ ਪੀਣੀ ਛੱਡ ਦਿੱਤੀ। ਉਨ੍ਹਾਂ ਕਿਹਾ,‘‘ਅੱਜਕੱਲ ਮੈਂ ਪੀਂਦਾ ਨਹੀਂ। ਮੈਂ ਪਿਛਲੇ ਦਿਨੀਂ ਆਪਣੀ ਇਸ ਪੀਣ ਦੀ ਆਦਤ ਕਾਰਨ ਇਕ ਅਭਿਨੇਤਾ ਦੇ ਰੂਪ ਵਿਚ ਖੁਦ ਨੂੰ ਬਰਬਾਦ ਕਰ ਦਿੱਤਾ। ਹੁਣ ਮੈਂ ਇਨਸਾਨੀਅਤ ਵਿਚ ਵਿਸ਼ਵਾਸ ਰੱਖਦਾ ਹਾਂ ਅਤੇ ਫਿਲਮ ਨਿਰਮਾਣ ਦਾ ਕਾਰੋਬਾਰ ਸਿੱਖ ਚੁੱਕਾ ਹਾਂ।’’

ਇਸੇ ਤਰਾਂ ਅਰਜੁਨ ਕਪੂਰ, ਅਰਜਨ ਰਾਮਪਾਲ, ਅਰਮਾਨ ਕੋਹਲੀ, ਮਮਤਾ ਕੁਲਕਰਨੀ, ਭਾਰਤੀ ਸਿੰਘ, ਹਰਸ਼ ਲਿੰਬਾਚੀਆ ਆਦਿ ਦਾ ਨਾਮ ਵੀ ਨਸ਼ੇ ਦੇ ਮਾਮਲੇ ਚ ਚਰਚਾ ਚ ਰਿਹਾ ਹੈ।

Comment here