ਅਪਰਾਧਸਿਆਸਤਖਬਰਾਂ

ਡਰੱਗ ਕੇਸ : ਮਜੀਠੀਆ ਹੋਏ ਰੂਪੋਸ਼, ਕੰਧਾਂ ’ਤੇ ਲੱਗੇ ਪੋਸਟਰ!

ਅੰਮ੍ਰਿਤਸਰ-ਡਰੱਗ ਕੇਸ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਫੜਨ ਲਈ ਜਿਥੇ ਪੰਜਾਬ ਪੁਲਿਸ ਅਤੇ ਐਸਆਈਟੀ ਵੱਲੋਂ ਛਾਪੇ ਮਾਰੇ ਜਾ ਰਹੇ ਹਨ, ਪਰੰਤੂ ਉਹ ਰੂਪੋਸ਼ ਹਨ, ਜਿਸ ਤੋਂ ਬਾਅਦ ਅੱਜ ਕਿਸੇ ਸ਼ਰਾਰਤੀ ਤੱਤਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਪੋਸਟਰ ਲਗਾ ਕੇ ਵੀਡੀਓ ਵਾਇਰਲ ਕੀਤੀ ਗਈ। ਦੱਸ ਦਈਏ ਕਿ ਇਹ ਪੋਸਟਰ ਅੰਮ੍ਰਿਤਸਰ ਰਿਆਲਟੋ ਚੌਕ ’ਚ ਲਗਾਏ ਗਏ ਅਤੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਉਸ ਵਿਅਕਤੀ ਵੱਲੋਂ ਪੋਸਟਰ ਵੀ ਹਟਾ ਦਿੱਤਾ ਗਿਆ। ਹਾਲਾਂਕਿ ਪੋਸਟਰ ਉੱਤੇ ਲਿਖਿਆ ਹੋਇਆ ਹੈ ਕਿ ਨਾਮ ਬਿਕਰਮ ਮਜੀਠੀਆ ਜੋ ਕਿ ਗੁੰਮਸ਼ੁਦਾ ਹੈ ਅਤੇ ਉਸ ਦੀ ਪਹਿਚਾਣ ‘ਮਜੀਠੀਆ ਚਿੱਟੇ ਵਾਲਾ’ ਹੈ।
ਮਜੀਠੀਆ ਦੀਆਂ ਤਸਵੀਰਾਂ ’ਤੇ ਅਕਾਲੀ ਆਗੂਆਂ ਨੇ ਕੀਤਾ ਬਚਾਅ
ਬਿਕਰਮ ਸਿੰਘ ਮਜੀਠੀਆ ਦੀਆਂ ਦਰਬਾਰ ਸਾਹਿਬ ਸ੍ਰੀ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਪਿੱਛੋਂ ਪੰਜਾਬ ਦੀ ਰਾਜਨੀਤੀ ਵਿੱਚ ਮਾਹੌਲ ਫਿਰ ਗਰਮਾ ਗਿਆ ਹੈ। ਇਨ੍ਹਾਂ ਤਸਵੀਰਾਂ ’ਤੇ ਅਕਾਲੀ ਦਲ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਅਤੇ ਵਿਰਸਾ ਸਿੰਘ ਵਲਟੋਹਾ ਨੇ ਸਫ਼ਾਈ ਦਿੱਤੀ ਹੈ।
ਡਾ. ਚੀਮਾ ਨੇ ਕਿਹਾ, ਤਸਵੀਰਾਂ ਬਾਰੇ ਮੈਨੂੰ ਨਹੀਂ ਪਤਾ
ਡਾ. ਦਲਜੀਤ ਸਿੰਘ ਚੀਮਾ ਨੇ ਇਸ ਮਾਮਲੇ ’ਤੇ ਗੱਲਬਾਤ ਦੌਰਾਨ ਕਿਹਾ ਕਿ ਮਜੀਠੀਆ ਦੀਆਂ ਤਸਵੀਰਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਤਸਵੀਰ ਕਦੋਂ ਦੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੀ ਗੁਰੂ ਘਰ ਜਾਣਾ ਕੋਈ ਪਾਪ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਜੇਲ੍ਹਾਂ ਵਿੱਚ ਵੀ ਗੁਰਦੁਆਰਾ ਸਾਹਿਬ ਬਣਾਉਂਦੀ ਹੈ, ਫਿਰ ਇਹ ਜਾਣ ਬੁੱਝ ਕੇ ਵੱਡਾ ਵਿਵਾਦ ਖੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਮਜੀਠੀਆ ਦੇ ਘਰ ’ਤੇ ਕੀਤੀ ਗਈ ਰੇਡ ਦੀ ਵੀਡੀਓ ’ਤੇ ਕਿਹਾ ਕਿ ਸਰਕਾਰ ਨੇ ਇਹ ਕੇਸ ਹੀ ਇਨ੍ਹਾਂ ਡਰਾਮਿਆਂ ਲਈ ਦਰਜ ਕੀਤਾ ਹੈ। ਉਨ੍ਹਾਂ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਜੇਕਰ ਬੇਅਦਬੀ ਦੀਆਂ ਘਟਨਾਵਾਂ ਦੀ ਸਹੀ ਜਾਂਚ ਹੁੰਦੀ ਤਾਂ ਅਕਾਲੀ ਦਲ ਨੂੰ ਪੰਥਕ ਇਕੱਠ ਵਰਗੇ ਸਮਾਗਮ ਨਾ ਕਰਨੇ ਪੈਂਦੇ ਅਤੇ ਨਾ ਹੀ ਕਿਸੇ ਦੀ ਬੇਅਦਬੀ ਦੀ ਹਿੰਮਤ ਹੁੰਦੀ।
ਮਜੀਠੀਆ ਨੇ ਟੇਕਿਆ ਮੱਥਾ: ਵਲਟੋਹਾ
ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੀਤੇ ਕੱਲ੍ਹ ਮਜੀਠੀਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਨਤਮਸਤਕ ਹੋਏ ਸਨ। ਉਨ੍ਹਾਂ ਕਿਹਾ ਕਿ ਤੇ ਬਾਦਲ ਪਰਿਵਾਰ ਹਰ ਸਾਲ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਕਰਦੇ ਹਨ ਤੇ ਕਈ ਸਾਲਾਂ ਤੋਂ ਇਹ ਰਵਾਇਤ ਜਾਰੀ ਹੈ।

Comment here