ਇਸਲਾਮਾਬਾਦ- ਪਾਕਿਸਤਾਨ ਦੀ ਕੰਗਾਲ ਹੋ ਚੁੱਕੀ ਸਰਕਾਰ ਡਰੈਗਨ, ਚੀਨ, ਦੇ ਡਰੋੰ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਵਿੱਚ ਕੰਮ ਕਰ ਰਹੇ 36 ਚੀਨੀ ਨਾਗਰਿਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਵੇਗੀ ਜੋ ਪਿਛਲੇ ਸਾਲ ਦੇਸ਼ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਨ ਜਾਂ ਜ਼ਖਮੀ ਹੋ ਗਏ ਸਨ। ਇਕ ਮੀਡੀਆ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ। ਇਸ ਫੈਸਲੇ ਨੂੰ ਪਾਕਿਸਤਾਨ ਵੱਲੋਂ ਖੇਤਰ ਵਿੱਚ ਆਪਣੇ ਹਰ ਸਮੇਂ ਦੇ ਕਰੀਬੀ ਸਹਿਯੋਗੀ ਚੀਨ ਨੂੰ ਲੁਭਾਉਣ ਦੀ ਇੱਕ ਹੋਰ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। 13 ਜੁਲਾਈ 2021 ਨੂੰ, ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਵਿੱਚ ਦਾਸੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੇ ਸਥਾਨ ‘ਤੇ ਚੀਨੀ ਕਾਮਿਆਂ ਨੂੰ ਲਿਜਾ ਰਹੀ ਇੱਕ ਬੱਸ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ‘ਚ 10 ਚੀਨੀ ਕਾਮੇ, ਜਿਨ੍ਹਾਂ ‘ਚ ਜ਼ਿਆਦਾਤਰ ਇੰਜੀਨੀਅਰ ਸਨ, ਦੀ ਮੌਤ ਹੋ ਗਈ, ਜਦਕਿ 26 ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਮੁਤਾਬਕ ਵਿੱਤ ਮੰਤਰੀ ਸ਼ੌਕਤ ਤਰੀਨ ਦੀ ਅਗਵਾਈ ਵਾਲੀ ਪਾਕਿਸਤਾਨ ਦੀ ਆਰਥਿਕ ਤਾਲਮੇਲ ਕਮੇਟੀ (ਈਸੀਸੀ) ਚੀਨੀ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਕਮ ਬਾਰੇ ਫੈਸਲਾ ਕਰੇਗੀ। ਇਹ ਰਕਮ $46 ਮਿਲੀਅਨ ਤੋਂ $203 ਮਿਲੀਅਨ ਤੱਕ ਹੋ ਸਕਦੀ ਹੈ। ਦਾਸੂ ਪਣਬਿਜਲੀ ਪ੍ਰੋਜੈਕਟ ਨੂੰ ਵਿਸ਼ਵ ਬੈਂਕ ਦੁਆਰਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਪ੍ਰੋਜੈਕਟ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਦਾਇਰੇ ਵਿੱਚ ਨਹੀਂ ਆਉਂਦਾ ਹੈ।ਅਖਬਾਰ ਮੁਤਾਬਕ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਮਕਸਦ ਦੁਵੱਲੇ ਸਬੰਧਾਂ ‘ਚ ਆਈ ਵੱਡੀ ਦਰਾਰ ਨੂੰ ਦੂਰ ਕਰਨਾ ਹੈ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਸਰਕਾਰ ‘ਤੇ ਕੋਈ ਕਾਨੂੰਨੀ ਜਾਂ ਇਕਰਾਰਨਾਮੇ ਦੀ ਜ਼ਿੰਮੇਵਾਰੀ ਨਾ ਹੋਣ ਦੇ ਬਾਵਜੂਦ ਚੀਨੀ ਨਾਗਰਿਕਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਚੀਨ ਨੇ ਆਪਣੇ ਨਾਗਰਿਕਾਂ ‘ਤੇ ਹੋਏ ਹਮਲੇ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਇਸ ਨੇ ਕਥਿਤ ਤੌਰ ‘ਤੇ ਘਟਨਾ ਦਾ ਵਿਰੋਧ ਕਰਨ ਲਈ ਸੀ ਪੀ ਈ ਸੀ ਦੀ ਸੰਯੁਕਤ ਸਹਿਯੋਗ ਕਮੇਟੀ ਦੀ ਪ੍ਰਸਤਾਵਿਤ ਮੀਟਿੰਗ ਨੂੰ ਵੀ ਰੱਦ ਕਰ ਦਿੱਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਮਲੇ ਤੋਂ ਬਾਅਦ ਚੀਨੀ ਠੇਕੇਦਾਰਾਂ ਨੇ ਵੀ ਪ੍ਰਾਜੈਕਟ ਨਾਲ ਸਬੰਧਤ ਕੰਮ ਬੰਦ ਕਰ ਦਿੱਤਾ ਸੀ। ਉਸ ਨੇ ਪੀੜਤਾਂ ਲਈ 37 ਮਿਲੀਅਨ ਡਾਲਰ ਤੱਕ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਇਹ ਰਕਮ ਚੀਨ ‘ਚ ਅੱਤਵਾਦੀ ਹਮਲੇ ਦੀ ਸਥਿਤੀ ‘ਚ ਸਰਕਾਰ ਵੱਲੋਂ ਦਿੱਤੀ ਗਈ ਮੁਆਵਜ਼ੇ ਦੀ ਰਕਮ ਤੋਂ 500 ਫੀਸਦੀ ਜ਼ਿਆਦਾ ਸੀ। ਪਾਕਿਸਤਾਨ ਸਰਕਾਰ ਨੇ ਸ਼ੁਰੂ ਵਿੱਚ ਇਸ ਹਮਲੇ ਨੂੰ ਅੱਤਵਾਦੀ ਕਾਰਵਾਈ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਇਸ ਘਟਨਾ ਨੂੰ ਗੈਸ ਲੀਕ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਇਸਲਾਮਾਬਾਦ ਨੇ ਬਾਅਦ ਵਿੱਚ ਮੰਨਿਆ ਕਿ ਇਹ ਇੱਕ ਅੱਤਵਾਦੀ ਕਾਰਵਾਈ ਸੀ। ਚੀਨ ਨੇ ਇਸ ਘਟਨਾ ਦੀ ਜਾਂਚ ਲਈ ਮਾਹਿਰਾਂ ਦੀ ਇੱਕ ਟੀਮ ਪਾਕਿਸਤਾਨ ਵੀ ਭੇਜੀ ਸੀ।ਰਿਪੋਰਟ ਮੁਤਾਬਕ ਇਸ ਹਮਲੇ ਵਿੱਚ ਚਾਰ ਪਾਕਿਸਤਾਨੀ ਨਾਗਰਿਕਾਂ ਦੀ ਵੀ ਜਾਨ ਚਲੀ ਗਈ ਸੀ। ਹਾਲਾਂਕਿ, ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਇਨ੍ਹਾਂ ਨਾਗਰਿਕਾਂ ਦੇ ਪਰਿਵਾਰ ਵੀ ਮੁਆਵਜ਼ੇ ਦੇ ਹੱਕਦਾਰ ਹੋਣਗੇ ਜਾਂ ਨਹੀਂ।
Comment here