ਟੋਕੀਓ- ਇੱਥੇ ਚਲ ਰਹੀਆਂ ਪੈਰਾਉਲੰਪਿਕ ਖੇਡਾਂ ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੇ ਖਾਤੇ ਵਿਚ ਹੁਣ ਤਕ ਪੰਜ ਤਮਗੇ ਆ ਚੁੱਕੇ ਹਨ, ਜਿਨ੍ਹਾਂ ਵਿਚ ਇਕ ਸੋਨਾ, ਤਿੰਨ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਸ਼ਾਮਲ ਹੈ। ਭਾਰਤ ਦੀ ਨਿਸ਼ਾਨੇਬਾਜ਼ ਅਵਨੀ ਲੇਖਾਰਾ ਨੇ ਵਿਸ਼ਵ ਰਿਕਾਰਡ ਦੇ ਨਾਲ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਹੈ। ਜੈਪੁਰ ਦੀ ਰਹਿਣ ਵਾਲੀ ਅਵਨੀ ਲੇਖਾਰਾ ਦੀ ਉਮਰ ਸਿਰਫ਼ 19 ਸਾਲ ਹੈ। ਇਸ ਦੇ ਨਾਲ ਹੀ ਦੇਸ਼ ਭਰ ਤੋਂ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਅਵਨੀ ਦੀ ਮਾਂ ਨੇ ਕਿਹਾ ਕਿ ਡੱਬੂ ਨੇ ਕਮਾਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਯੋਗੇਸ਼ ਕਠੁਨੀਆ ਨੇ ਡਿਸਕਸ ਥ੍ਰੋਅ ਵਿਚ ਸਿਲਵਰ ਮੈਡਲ ਭਾਰਤ ਨਾਂ ਕੀਤਾ ਹੈ। ਯੋਗੇਸ਼ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੇ ਬੇਟੇ ਨੂੰ ਇਸ ਮੁਕਾਮ ‘ਤੇ ਲਿਆਉਣ ‘ਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕੋਲ ਪੈਸੇ ਨਹੀਂ ਸਨ, ਦੋਸਤਾਂ ਨੇ ਪੈਸੇ ਇਕੱਠੇ ਕੀਤੇ ਅਤੇ ਟਿਕਟਾਂ ਖਰੀਦੀਆਂ ਅਤੇ ਯੋਗੇਸ਼ ਨੂੰ ਵੱਡੇ ਟੂਰਨਾਮੈਂਟ ਲਈ ਭੇਜਿਆ। ਟੋਕੀਓ ਪੈਰਾਲੰਪਿਕਸ ਵਿਚ ਭਾਰਤ ਦਾ ਖਾਤਾ ਗੁਜਰਾਤ ਦੇ ਮੇਹਸਾਣਾ ਦੀ ਭਾਵਿਨਾ ਪਟੇਲ ਨੇ ਖੋਲ੍ਹਿਆ ਸੀ। ਭਾਵਿਨਾ ਨੇ ਟੇਬਲ ਟੈਨਿਸ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰੇ ਦੇਸ਼ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਗੁਜਰਾਤ ਸਰਕਾਰ ਨੇ ਭਾਵਿਨਾ ਨੂੰ 3 ਕਰੋੜ ਦਾ ਇਨਾਮ ਦਿੱਤਾ ਹੈ। ਇਸ ਤੋਂ ਇਲਾਵਾ ਨਿਸ਼ਾਦ ਕੁਮਾਰ ਨੇ ਵੀ ਪੁਰਸ਼ਾਂ ਦੀ ਉੱਚੀ ਛਾਲ’ਚ ਦੇਸ਼ ਦੀ ਝੋਲੀ ਚਾਂਦੀ ਦਾ ਤਮਗਾ ਪਾਇਆ। ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਸਾਰੇ ਖਿਡਾਰੀਆਂ ਨੂੰ ਸ਼ਾਬਾਸ਼ੇ ਦਿਤੀ ਹੈ।
Comment here