ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 20 ਤੋਂ 24 ਮਈ ਤੱਕ ਦੱਖਣੀ ਕੋਰੀਆ ਅਤੇ ਜਾਪਾਨ ਦਾ ਦੌਰਾ ਕਰਨਗੇ ਅਤੇ ਟੋਕੀਓ ‘ਚ ਉਹ ਕਵਾਡ (ਚਤੁਰਭੁਜ ਸੁਰੱਖਿਆ ਡਾਇਲਾਗ) ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ। ਟੋਕੀਓ ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਦੱਸਿਆ ਕਿ, ”ਇਹ ਦੌਰਾ ਆਜ਼ਾਦ ਅਤੇ ਮੁਕਤ ਹਿੰਦ-ਪ੍ਰਸ਼ਾਂਤ ਲਈ ਬਾਈਡੇਨ-ਹੈਰਿਸ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ।’ ਕਮਲਾ ਹੈਰਿਸ ਅਮਰੀਕਾ ਦੀ ਉਪ-ਰਾਸ਼ਟਰਪਤੀ ਹੈ। ਬਾਈਡੇਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ ਨਾਲ ਦੁਵੱਲੀ ਬੈਠਕ ਕਰਨਗੇ। ਸਾਕੀ ਨੇ ਕਿਹਾ, “ਇਹ ਨੇਤਾ ਸਾਡੇ ਮਹੱਤਵਪੂਰਨ ਸੁਰੱਖਿਆ ਸਬੰਧਾਂ ਨੂੰ ਡੂੰਘਾ ਕਰਨ, ਆਰਥਿਕ ਸਬੰਧਾਂ ਨੂੰ ਵਧਾਉਣ ਅਤੇ ਸਾਡੇ ਨਜ਼ਦੀਕੀ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ ‘ਤੇ ਚਰਚਾ ਕਰਨਗੇ। ਟੋਕੀਓ ਵਿੱਚ ਰਾਸ਼ਟਰਪਤੀ ਬਾਈਡੇਨ ਕਵਾਡ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰੇ ਬਾਰੇ ਹੋਰ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ।” ਕਵਾਡ ਗਰੁੱਪ ਵਿੱਚ ਆਸਟਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ।
Comment here