ਖਬਰਾਂਖੇਡ ਖਿਡਾਰੀ

ਟੋਕੀਓ ਓਲੰਪਿਕ : ਸਵਿਤਾ ਪੂਨੀਆ ਬਣੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ

ਚੰਡੀਗੜ੍ਹ-ਟੋਕੀਓ ਓਲੰਪਿਕ ’ਚ ਕੌਮੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਨੂੰ 21 ਜਨਵਰੀ ਤੋਂ ਮਸਕਟ ਦੇ ਸ਼ਹਿਰ ਓਮਾਨ ’ਚ ਖੇਡੇ ਜਾ ਰਹੇ 10ਵੇਂ ਮਹਿਲਾ ਏਸ਼ੀਆ ਹਾਕੀ ਕੱਪ ਲਈ ਇੰਡੀਅਨ ਟੀਮ ਦੀ ਕਪਤਾਨ ਨਾਮਜ਼ਦ ਕੀਤਾ ਗਿਆ ਹੈ। ਹਰਿਆਣੇ ਦੀ ਖਿਡਾਰਨ ਸਵਿਤਾ ਪੂਨੀਆ ਨੂੰ ਮਹਿਲਾ ਟੀਮ ਦੀ ਰੈਗੂਲਰ ਕਪਤਾਨ ਰਾਣੀ ਰਾਮਪਾਲ ਨੂੰ ਟੀਮ ’ਚ ਇੰਜਰੀ ਹੋਣ ਕਰ ਕੇ ਹਾਕੀ ਟੀਮ ’ਚ ਸਥਾਨ ਨਹੀਂ ਦਿੱਤਾ ਗਿਆ, ਜਿਸ ਕਰਕੇ ਮਹਿਲਾ ਹਾਕੀ ਟੀਮ ਦੀ ਸੀਨੀਅਰ ਖਿਡਾਰਨ ਤੇ ਗੋਲਕੀਪਰ ਸਵਿਤਾ ਪੂਨੀਆ ਨੂੰ ਟੀਮ ਦੀ ਵਾਗਡੋਰ ਸੌਂਪੀ ਗਈ ਹੈ। ਕਪਤਾਨ ਬਣਨ ’ਤੇ ਸਵਿਤਾ ਪੂਨੀਆ ਦਾ ਕਹਿਣਾ ਹੈ ਕਿ ਏਸ਼ੀਆ ਹਾਕੀ ਕੱਪ ਖੇਡਣ ਵਾਲੀਆਂ ਨਰੋਈਆਂ ਮਹਿਲਾ ਹਾਕੀ ਟੀਮਾਂ ਦੇ ਵੀਡੀਓਜ਼ ਵੇਖਣ ਤੋਂ ਬਾਅਦ ਕੋਚਿੰਗ ਕੈਂਪ ਵੱਲੋਂ ਖਿਡਾਰਨਾਂ ਨੂੰ ਮੈਦਾਨ ’ਚ ਬਿਹਤਰ ਖੇਡਣ ਦੀ ਤਿਆਰੀ ਕਰਵਾਈ ਗਈ ਹੈ। ਸਵਿਤਾ ਦਾ ਤਰਕ ਹੈ ਕਿ ਹਰ ਟੀਮ ਦੀ ਤਾਕਤ ਦੇ ਨਾਲ-ਨਾਲ ਕੋਈ ਨਾ ਕੋਈ ਕਮਜ਼ੋਰੀ ਵੀ ਹੁੰਦੀ ਹੈ। ਇਸ ਲਈ ਕੋਚਿੰਗ ਕੈਂਪ ਦੀ ਨਵੀਂ ਰਣਨੀਤੀ ਤਹਿਤ ਸਾਰੀਆਂ ਖਿਡਾਰਨਾਂ ਨੂੰ ਇਕ ਪਲਾਨ ਤਹਿਤ ਮੈਦਾਨ ’ਚ ਵਗੈਰ ਕਿਸੇ ਗੈਪ ਦੇ ਖੇਡਣਾ ਹੋਵੇਗਾ।
ਸਵਿਤਾ ਦਾ ਕਹਿਣਾ ਹੈ ਕਿ ਡਰੈਗ ਫਲਿੱਕਰ ਗੁਰਜੀਤ ਕੌਰ ਟੀਮ ਦੀ ਵੱਡੀ ਤਾਕਤ ਹੈ। ਇਸ ਲਈ ਸਟਰਾਈਕਰਾਂ ਨੂੰ ਡੀ-ਸਰਕਲ ’ਚ ਫੀਲਡ ਗੋਲ ਕਰਨ ਤੋਂ ਇਲਾਵਾ ਪੈਨਲਟੀ ਕਾਰਨਰ ਬਣਾਉਣ ’ਤੇ ਉਚੇਚਾ ਧਿਆਨ ਦੇਣਾ ਹੋਵੇਗਾ। ਟੋਕੀਓ ਓਲੰਪਿਕ ਦੇ ਸੈਮੀਫਾਈਨਲ ਖੇਡਣ ਸਦਕਾ ਸਾਰੀਆਂ ਖਿਡਾਰਨਾਂ ਦੀ ਖੇਡ ਪੂਰੀ ਚੜ੍ਹਤ ’ਚ ਹੈ। ਏਸ਼ੀਆ ਹਾਕੀ ਕੱਪ ਜਿੱਤਣ ਲਈ ਟੋਕੀਓ ਦੇ ਮੈਦਾਨ ’ਚ ਕੀਤੀਆਂ ਗ਼ਲਤੀਆਂ ਨੂੰ ਵੇਖਦਿਆਂ ਕੋਚਿੰਗ ਕੈਂਪ ਵਲੋਂ ਖਿਡਾਰਨਾਂ ਦੀ ਖੇਡ ’ਚ ਵੱਡੇ ਬਦਲਾਅ ਤੇ ਸੁਧਾਰ ਕੀਤੇ ਗਏ ਹਨ। ਸਵਿਤਾ ਪੂਨੀਆ ਦਾ ਸੀਨੀਅਰ ਖਿਡਾਰਨ ਤੇ ਸਾਬਕਾ ਕਪਤਾਨ ਰਾਣੀ ਰਾਮਪਾਲ ਦੀ ਟੀਮ ’ਚ ਗੈਰਹਾਜ਼ਰ ਰਹਿਣ ’ਤੇ ਕਹਿਣਾ ਹੈ ਕਿ ਰਾਣੀ ਦੇ ਜ਼ਖ਼ਮੀ ਹੋਣ ਦਾ ਮਹਿਲਾ ਟੀਮ ਨੂੰ ਕਾਫ਼ੀ ਨੁਕਸਾਨ ਹੋਵੇਗਾ। ਅਟੈਕਿੰਗ ਮਿੱਡਫੀਲਡਰ ਹੋਣ ਕਰਕੇ ਰਾਣੀ ਜਿੱਥੇ ਹਾਫਲਾਈਨ ’ਚ ਗੇਮ ਦੇ ਨੀਤੀ ਘਾੜੇ ਵਜੋਂ ਕੰਮ ਕਰਦੀ ਹੈ ਉੱਥੇ ਉਸ ਨੂੰ ਆਪਣੇ ਸਟਰਾਈਕਰਾਂ ਨੂੰ ਫੀਲਡ ਗੋਲ ਕਰਨ ਦੇ ਸੁਨਹਿਰੇ ਮੌਕੇ ਪੈਦਾ ਕਰਨ ਦੀ ਚੰਗੀ ਮੁਹਾਰਤ ਹਾਸਲ ਹੈ।
ਮਹਿਲਾ ਹਾਕੀ ਟੀਮ ਦੀ 31 ਸਾਲਾ ਕਪਤਾਨ ਅਤੇ ਗੋਲਕੀਪਰ ਸਵਿਤਾ ਪੂਨੀਆ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਵਲੋਂ ਸਾਲ-2021 ਲਈ ‘ਬੈਸਟ ਗੋਲਕੀਪਰ’ ਐਲਾਨਿਆ ਗਿਆ ਹੈ। ਸਵਿਤਾ ਪੂਨੀਆ ਨੂੰ ਮੁਕਾਬਲਾ ਜਿੱਤਣ ਲਈ 58.75 ਵੋਟਾਂ ਨਸੀਬ ਹੋਈਆਂ ਜਦਕਿ ਉਸ ਦੀ ਵਿਰੋਧਣ ਅਰਜਨਟੀਨਾ ਦੀ ਗੋਲਚੀ ਬੈਲੇਨ ਸੁਸੀ 22 ਮੱਤ ਹਾਸਲ ਕਰਕੇ ਦੂਜੇ ਸਥਾਨ ’ਤੇ ਰਹੀ। ਟੋਕੀਓ ਓਲੰਪਿਕ ਖੇਡਣ ਵਾਲੀ ਮਹਿਲਾ ਹਾਕੀ ਟੀਮ ਦੀ ਉਮਰਦਰਾਜ 31 ਸਾਲਾ ਗੋਲਕੀਪਰ ਸਵਿਤਾ ਪੂਨੀਆ 210 ਕੌਮਾਂਤਰੀ ਮੈਚ ਖੇਡਣ ਸਦਕਾ ਟੀਮ ਦੀ ਸਭ ਤੋਂ ਅਨੁਭਵੀ ਖਿਡਾਰਨ ਹੈ। ਸਿਰਸਾ ਜ਼ਿਲ੍ਹੇ ਦੇ ਜੋਧਕਾਂ ਪਿੰਡ ਦੀ ਸਵਿਤਾ ਨੂੰ ਰੀਓ-2016 ਓਲੰਪਿਕ ਹਾਕੀ ਤੇ ਲੰਡਨ-2018 ਵਿਸ਼ਵ ਹਾਕੀ ਕੱਪ ਖੇਡਣ ਤੋਂ ਇਲਾਵਾ ਏਸ਼ਿਆਈ ਖੇਡਾਂ ਜਕਾਰਤਾ-2018 ’ਚ ਸਿਲਵਰ ਤੇ ਇੰਚਿਓਨ- 2014 ’ਚ ਤਾਂਬੇ ਦਾ ਤਗਮਾ ਤੇ ਚੀਨ-2017 ਏਸ਼ੀਆ ਕੱਪ ’ਚ ਚੈਂਪੀਅਨ ਹਾਕੀ ਟੀਮ ਨਾਲ ਆਪਣੇ ਗੋਲ ਦੀ ਬਾਖੂਬੀ ਰਾਖੀ ਕਰ ਚੁੱਕੀ ਹੈ।
10ਵਾਂ ਮਹਿਲਾ ਏਸ਼ੀਆ ਹਾਕੀ ਕੱਪ ਓਮਾਨ (ਮਸਕਟ) ਦੇ ਸੁਲਤਾਨ ਕਬੂਸ ਸਪੋਰਟਸ ਕੰਪਲੈਕਸ ਦੀ ਸਿੰਥੈਟਿਕ ਟਰਫ ’ਤੇ 21 ਤੋਂ 28 ਜਨਵਰੀ ਤਕ ਖੇਡਿਆ ਜਾਵੇਗਾ। ਏਸ਼ੀਆ ਦੀਆਂ 8 ਟੀਮਾਂ ਦਰਮਿਆਨ ਖੇਡਿਆ ਜਾਵੇਗਾ, ਜਿਨ੍ਹਾਂ ਨੂੰ ਦੋ ਗਰੁੱਪਾਂ ’ਚ ਵੰਡਿਆ ਗਿਆ ਹੈ। ਪੂਲ-ਏ ’ਚ ਭਾਰਤ ਤੋਂ ਇਲਾਵਾ ਜਪਾਨ, ਮਲੇਸ਼ੀਆ ਤੇ ਸਿੰਗਾਪੁਰ ਦੀਆਂ ਅਗਲੇ ਦੌਰ ’ਚ ਜਾਣ ਲਈ ਖੂਨ-ਪਸੀਨਾ ਇਕ ਕਰਨਗੀਆਂ ਜਦਕਿ ਪੂਲ-ਬੀ ’ਚ ਦੱਖਣੀ ਕੋਰੀਆ, ਚੀਨ, ਇੰਡੋਨੇਸੀਆ ਅਤੇ ਥਾਈਲੈਂਡ ਦੀਆਂ ਟੀਮਾਂ ਦੂਜੇ ਗੇੜ ’ਚ ਜਾਣ ਲਈ ਜ਼ੋਰ-ਅਜ਼ਮਾਈ ਕਰਨਗੀਆਂ। ਇੰਡੀਅਨ ਮਹਿਲਾ ਹਾਕੀ ਟੀਮ 21 ਜਨਵਰੀ ਨੂੰ ਮਲੇਸ਼ੀਆ ਨਾਲ ਆਪਣਾ ਪਹਿਲਾ ਮੈਚ ਖੇਡੇਗੀ ਜਦਕਿ ਮਹਿਲਾ ਏਸ਼ੀਆ ਹਾਕੀ ਕੱਪ ਦਾ ਫ਼ਾਈਨਲ 28 ਜਨਵਰੀ ਨੂੰ ਖੇਡਿਆ ਜਾਵੇਗਾ।

Comment here