ਖਬਰਾਂਖੇਡ ਖਿਡਾਰੀਦੁਨੀਆ

ਟੀ-20 ਵਰਲਡ ਕੱਪ ’ਚ ਪਾਕਿ ਹੱਥੋਂ ਪਹਿਲੀ ਵਾਰ ਹਾਰਿਆ ਭਾਰਤ

ਸ਼ੋਸ਼ਲ ਮੀਡੀਆ ’ਤੇ ਭਾਰਤੀ ਖਿਡਾਰੀਆਂ ਦੀ ਹੋ ਰਹੀ ਆਲੋਚਨਾ
ਨਵੀਂ ਦਿੱਲੀ-ਹੁਣੇ ਜਿਹੇ ਟੀ-20 ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ਵਿਚ ਪਹਿਲੀ ਵਾਰ ਪਾਕਿਸਤਾਨ ਦੀ ਟੀਮ ਭਾਰਤ ਨੂੰ 10 ਵਿਕਟਾਂ ਨਾਲ ਹਰਾਉਣ ਵਿਚ ਕਾਮਯਾਬ ਰਹੀ। ਪਾਕਿਸਤਾਨ ਨੇ ਇਸ ਮੈਚ ’ਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਇਹ ਅਦਭੁਤ ਰਿਕਾਰਡ ਆਪਣੇ ਨਾਮ ਕੀਤਾ ਇਸ ਮੈਚ ਤੋਂ ਪਹਿਲਾਂ ਭਾਰਤ ਨੇ ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ 12 ਮੈਚ ਜਿੱਤੇ ਸਨ ਜਿਸ ’ਚ 7 ਵਨਡੇ ਵਿਸ਼ਵ ਕੱਪ ਤੇ 5 ਟੀ-20 ਵਿਸ਼ਵ ਕੱਪ ਮੈਚ ਸ਼ਾਮਲ ਸਨ। ਇਸ ਦੇ ਨਾਲ ਹੀ 13ਵੇਂ ਮੈਚ ’ਚ ਭਾਰਤ ਨੂੰ ਕੋਹਲੀ ਦੀ ਕਪਤਾਨੀ’ ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਮੈਚ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 7 ਵਿਕਟਾਂ ’ਤੇ 151 ਦੌੜਾਂ ਬਣਾਈਆਂ। ਜਵਾਬ ਵਿੱਚ ਪਾਕਿਸਤਾਨ ਨੇ ਕਪਤਾਨ ਬਾਬਰ ਆਜ਼ਮ (68) ਅਤੇ ਰਿਜ਼ਵਾਨ (79) ਦੀਆਂ ਅਜੇਤੂ ਪਾਰੀਆਂ ਦੀ ਬਦੌਲਤ ਟੀਚਾ ਬਿਨਾਂ ਕੋਈ ਵਿਕਟ ਗੁਆਏ 17.5 ਓਵਰਾਂ ਵਿੱਚ ਹਾਸਲ ਕਰ ਲਿਆ। ਪਾਕਿਸਤਾਨ ਨੇ ਟੀ -20 ’ਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਟੀ -20 ਵਿਸ਼ਵ ਕੱਪ 2021 ’ਚ ਭਾਰਤ ਖਿਲਾਫ ਮੈਚ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਸੀ ਕਿ ਇਸ ਵਾਰ ਅਸੀਂ ਇਤਿਹਾਸ ਬਦਲ ਦੇਵਾਂਗੇ ਤੇ ਇਹੀ ਹੀ ਹੋਇਆ। ਆਈਸੀਸੀ ਵਿਸ਼ਵ ਕੱਪ ’ਚ ਭਾਰਤ ਤੇ ਪਾਕਿਸਤਾਨ ਪਹਿਲਾਂ 12 ਵਾਰ ਆਹਮੋ -ਸਾਹਮਣੇ ਹੋਏ, ਜਿਸ ਵਿਚ ਟੀਮ ਇੰਡੀਆ ਨੇ ਹਰ ਵਾਰ ਜਿੱਤ ਹਾਸਲ ਕੀਤੀ ਪਰ ਵਿਰਾਟ ਕੋਹਲੀ 13ਵੇਂ ਮੈਚ ’ਚ ਭਾਰਤੀ ਇਤਿਹਾਸ ਨੂੰ ਬਚਾਉਣ ’ਚ ਅਸਫਲ ਰਹੇ। ਟੀਮ ਇੰਡੀਆ ਨੂੰ ਵਿਰਾਟ ਕੋਹਲੀ ਦੀ ਕਪਤਾਨੀ ’ਚ ਵਿਸ਼ਵ ਕੱਪ ਦੇ ਮੈਚ ਵਿਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਮੀਡੀਆ ’ਤੇ ਭੜਕੇ ਵਿਰਾਟ ਕੋਹਲੀ
ਮੈਚ ਖ਼ਤਮ ਹੋਣ ਤੋਂ ਬਾਅਦ ਜਦੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਪਹੁੰਚੇ ਤਾਂ ਕੁਝ ਪਰੇਸ਼ਾਨ ਸਨ। ਜਦੋਂ ਇੱਕ ਪੱਤਰਕਾਰ ਨੇ ਰੋਹਿਤ ਸ਼ਰਮਾ ਨਾਲ ਜੁੜਿਆ ਸਵਾਲ ਪੁੱਛਿਆ ਤਾਂ ਉਸ ਨੇ ਉਲਟਾ ਸਵਾਲ ਕਰ ਦਿੱਤਾ। ਦਰਅਸਲ ਟੀਵੀ ਚੈਨਲ ਦੇ ਪੱਤਰਕਾਰ ਨੇ ਪੁੱਛਿਆ ਕਿ ਇਸ਼ਾਨ ਨੇ ਅਭਿਆਸ ਮੈਚ ਵਿੱਚ ਬਹੁਤ ਵਧੀਆ ਖੇਡ ਦਿਖਾਈ ਸੀ, ਤੁਹਾਨੂੰ ਨਹੀਂ ਲੱਗਦਾ ਕਿ ਉਹ ਕੁਝ ਚੀਜ਼ਾਂ ਵਿੱਚ ਰੋਹਿਤ ਸ਼ਰਮਾ ਤੋਂ ਬਿਹਤਰ ਹੈ।
ਵਿਰਾਟ ਇਸ ਪ੍ਰਸ਼ਨ ’ਤੇ ਤੁਰੰਤ ਗੁੱਸੇ ’ਚ ਆ ਗਏ। ਉਨ੍ਹਾਂ ਨੇ ਕਿਹਾ, ‘‘ਇਹ ਬਹੁਤ ਹੀ ਵਧੀਆ ਸਵਾਲ ਹੈ। ਤੁਹਾਨੂੰ ਕੀ ਲਗਦਾ ਹੈ ਸਰ, ਟੀਮ ਕਿਵੇਂ ਹੋਣੀ ਚਾਹੀਦੀ ਸੀ। ਦੇਖੋ, ਮੈਂ ਟੀਮ ਨਾਲ ਅੱਜ ਦਾ ਮੈਚ ਖੇਡਿਆ ਜੋ ਮੈਨੂੰ ਸਭ ਤੋਂ ਵਧੀਆ ਲੱਗਾ। ਤੁਸੀਂ ਕੀ ਸੋਚਦੇ ਹੋ? ਹਾਂ, ਕੀ ਤੁਸੀਂ ਰੋਹਿਤ ਸ਼ਰਮਾ ਨੂੰ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਬਾਹਰ ਕਰੋਗੇ? ਤੁਸੀਂ ਰੋਹਿਤ ਸ਼ਰਮਾ ਨੂੰ ਬਾਹਰ ਕਰ ਦਿਓਗੇ। ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਸ ਨੇ ਟੀ-20 ਮੈਚਾਂ ਤੋਂ ਪਹਿਲਾਂ ਕੀ ਕੀਤਾ ਹੈ।
ਇੱਕ ਹੋਰ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕੋਹਲੀ ਨੇ ਕਿਹਾ, ‘‘‘ਤੁਸੀਂ ਜਾਣਦੇ ਹੋ ਕਿ ਅਸਲੀਅਤ ਕੀ ਹੈ ਅਤੇ ਲੋਕ ਬਾਹਰ ਕੀ ਸੋਚਦੇ ਹਨ। ਮੈਂ ਚਾਹੁੰਦਾ ਸੀ ਕਿ ਉਹ ਲੋਕ ਇੱਕ ਕਿੱਟ ਲੈ ਕੇ ਮੈਦਾਨ ਵਿੱਚ ਆਉਣ ਅਤੇ ਦੇਖਣ ਕਿ ਦਬਾਅ ਕਿਵੇਂ ਹੁੰਦਾ ਹੈ। ਇਹ ਮੰਨਣ ਵਿੱਚ ਸ਼ਰਮ ਦੀ ਗੱਲ ਹੈ ਕਿ ਵਿਰੋਧੀ ਧਿਰ ਨੇ ਤੁਹਾਡੇ ਨਾਲੋਂ ਬਿਹਤਰ ਖੇਡ ਖੇਡੀ। ਉਨ੍ਹਾਂ ਨੇ ਸਾਨੂੰ ਵਾਪਸ ਆਉਣ ਦਾ ਸਮਾਂ ਨਹੀਂ ਦਿੱਤਾ ਅਤੇ ਦਬਾਅ ਬਣਾਈ ਰੱਖਿਆ।”
ਹਾਰਦਿਕ ਪਾਂਡਿਆ ਦੇ ਸੱਜੇ ਮੋਢੇ ’ਤੇ ਲੱਗੀ ਸੱਟ
ਹਾਰਦਿਕ ਪਾਂਡਿਆ ਨੂੰ ਵੀ ਪਾਕਿਸਤਾਨ ਦੇ ਖਿਲਾਫ਼ ਮੈਚ ’ਚ ਬੱਲੇਬਾਜ਼ ਦੇ ਰੂਪ ’ਚ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਹਾਰਦਿਕ ਪਾਂਡਿਆ ਦਾ ਪਾਕਿਸਤਾਨ ਖਿਲਾਫ਼ ਮੈਚ ਬਹੁਤ ਖ਼ਾਸ ਸੀ, ਕਿਉਂਕਿ ਇਹ ਉਸਦਾ 50ਵਾਂ ਟੀ-20 ਮੈਚ ਸੀ। ਟਾਸ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਕਿਹਾ ਸੀ ਕਿ ਉਹ ਪਿੱਠ ਦੇ ਦਰਦ ਤੋਂ ਪਰੇਸ਼ਾਨ ਸਨ, ਪਰ ਹੁਣ ਸਥਿਤੀ ਠੀਕ ਹੈ। ਹਾਰਦਿਕ ਪਾਂਡਿਆ ਨੂੰ ਬੱਲੇਬਾਜ਼ੀ ਕਰਦੇ ਹੋਏ ਸੱਜੇ ਮੋਢੇ ’ਤੇ ਸੱਟ ਲੱਗੀ ਹੈ। ਉਨ੍ਹਾਂ ਨੂੰ ਸਕੈਨ ਲਈ ਲਿਜਾਇਆ ਗਿਆ ਹੈ। ਹਾਰਦਿਕ ਪਾਂਡਿਆ ਨੇ ਪਾਕਿਸਤਾਨ ਖਿਲਾਫ਼ 11 ਦੌੜਾਂ ਬਣਾਈਆਂ। ਭਾਰਤ ਨੇ ਹੁਣ ਅਗਲਾ ਮੈਚ 31 ਅਕਤੂਬਰ ਨੂੰ ਨਿਊਜ਼ੀਲੈਂਡ ਖਿਲਾਫ਼ ਖੇਡਣਾ ਹੈ। ਅਜਿਹੇ ’ਚ ਹਾਰਦਿਕ ਪਾਂਡਿਆ ਦੀ ਸੱਟ ਨੇ ਭਾਰਤ ਦਾ ਤਣਾਅ ਵਧਾ ਦਿੱਤਾ ਹੈ। ਟੀਮ ਇੰਡੀਆ ਪਹਿਲਾਂ ਹੀ ਹਾਰਦਿਕ ਪੰਡਿਆ ਦੀ ਫਿਟਨੈੱਸ ਨੂੰ ਲੈ ਕੇ ਚਿੰਤਤ ਸੀ, ਕਿਉਂਕਿ ਉਹ ਲੰਬੇ ਸਮੇਂ ਤੋਂ ਗੇਂਦਬਾਜ਼ੀ ਨਹੀਂ ਕਰ ਸਕੇ ਹਨ।
ਹਾਰ ਤੋਂ ਬਾਅਦ ਭਾਰਤੀ ਖਿਡਾਰੀ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਭਾਰਤੀ ਕ੍ਰਿਕਟ ਟੀਮ ਨੂੰ 24 ਅਕਤੂਬਰ 2021 ਨੂੰ ਆਈਸੀਸੀ 20 ਵਿਸ਼ਵ ਕੱਪ ’ਚ ਪਾਕਿਸਤਾਨ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਬਾਬਰ ਆਜ਼ਮ ਅਤੇ ਰਿਜ਼ਵਾਨ ਨੇ ਬਿਨਾਂ ਕੋਈ ਵਿਕਟ ਗਵਾਏ 17.5 ਓਵਰਾਂ ’ਚ ਭਾਰਤ ਵੱਲੋਂ ਬਣਾਏ 7 ਵਿਕਟਾਂ ’ਤੇ 151 ਦੌੜਾਂ ਦਾ ਸਕੋਰ ਹਾਸਲ ਕਰ ਲਿਆ। 10 ਵਿਕਟਾਂ ਦੀ ਵੱਡੀ ਜਿੱਤ ਨਾਲ ਪਾਕਿਸਤਾਨ ਨੇ ਪੰਜ ਹਾਰਾਂ ਦੀ ਲੜੀ ਨੂੰ ਰੋਕ ਦਿੱਤਾ ਕਿਉਂਕਿ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ’ਚ ਪਹਿਲੀ ਵਾਰ ਭਾਰਤ ਨੂੰ ਹਰਾਇਆ ਸੀ।
ਭਾਰਤੀ ਟੀਮ ਦੇ ਗੇਂਦਬਾਜ਼ ਪਾਕਿਸਤਾਨ ਖਿਲਾਫ ਇਕ ਵੀ ਵਿਕਟ ਹਾਸਲ ਨਹੀਂ ਕਰ ਸਕੇ। ਟੀਮ ਇੰਡੀਆ ਦੇ ਤਜਰਬੇਕਾਰ ਗੇਂਦਬਾਜ਼ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜਡੇਜਾ ਤਕ ਬੇਅਸਰ ਰਹੇ। ਇਸ ਮੈਚ ’ਚ ਸ਼ਮੀ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਤ ਹੋਏ ਅਤੇ 3.5 ਓਵਰਾਂ ’ਚ ਉਨ੍ਹਾਂ ਨੂੰ ਪਾਕਿਸਤਾਨ ਦੇ ਕਪਤਾਨ ਬਾਬਰ ਅਤੇ ਰਿਜ਼ਵਾਨ ਨੇ 43 ਦੌੜਾਂ ਦਿੱਤੀਆਂ। ਇਸ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸ਼ਮੀ ਨੂੰ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹਾਰ ਦਾ ਮਜ਼ਾਕ ਉਡਾਉਣ ਵਾਲੀ ਕਾਂਗਰਸੀ ਆਗੂ ਦੀ ਆਲੋਚਨਾ
ਕਾਂਗਰਸੀ ਆਗੂ ਰਾਧਿਕਾ ਖੇੜਾ ਨੇ ਭਾਰਤ ਦੀ ਹਾਰ ’ਤੇ ਟਵੀਟ ਕੀਤਾ ਤੇ ਲਿਖਿਆ- ‘ਕਿਉਂ ਭਗਤੋ, ਆ ਗਿਆ ਸਵਾਦ? ਕਰਵਾ ਲਈ ਬੇਇੱਜ਼ਤੀ?’ ਰਾਧਿਕਾ ਖੇੜਾ ਆਪਣੇ ਇਸ ਟਵੀਟ ਨੂੰ ਲੈ ਕੇ ਬੁਰੀ ਤਰ੍ਹਾਂ ਟ੍ਰੋਲ ਹੋਈ ਸੀ। ਰਾਧਿਕਾ ਖੇੜਾ ਦੇ ਟਵੀਟ ’ਤੇ ਬਹੁਤ ਸਖਤ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਖੇੜਾ ਦੇ ਟਵੀਟ ਨੂੰ ਲੈ ਕੇ ਭਾਜਪਾ ਦੇ ਕਈ ਨੇਤਾਵਾਂ ਨੇ ਕਾਂਗਰਸ ਨੂੰ ਵੀ ਕਟਹਿਰੇ ’ਚ ਖੜ੍ਹਾ ਕੀਤਾ ਹੈ। ਕੁਝ ਲੋਕਾਂ ਨੇ ਖੇੜਾ ਨੂੰ ‘ਐਂਟੀ ਨੈਸ਼ਨਲ’ ਵੀ ਕਰਾਰ ਦਿੱਤਾ। ਬਹੁਤ ਸਾਰੇ ਪ੍ਰਸ਼ੰਸਕਾ ਨੇ ਕਿਹਾ ਕਿ ਕਾਂਗਰਸ ਦੇ ਅਜਿਹੇ ਰਵੱਈਏ ਕਾਰਨ ਇਹ ਅਜਿਹੀ ਸਥਿਤੀ ਵਿਚ ਹੈ। ਖੇੜਾ ਵੀ ਆਪਣੇ ਸਟੈਂਡ ’ਤੇ ਕਾਇਮ ਰਹੀ। ਉਸਨੇ ਟਰੋਲਰਾਂ ਨੂੰ ਬਰਾਬਰ ਤਿੱਖਾ ਜਵਾਬ ਦਿੱਤਾ ਜਦੋਂ ਉਨ੍ਹਾਂ ਨੂੰ ਘੇਰਿਆ ਗਿਆ ਤਾਂ ਉਨ੍ਹਾਂ ਲਿਖਿਆ ਕਿ ‘ਕਿਸ ਨੇ ਕਿਹਾ ਕਿ ਇਹ ਟਵੀਟ ਕ੍ਰਿਕਟ ਬਾਰੇ ਹੈ।’

Comment here