ਨਵੀਂ ਦਿੱਲੀ-ਪੱਛਮੀ ਬੰਗਾਲ ਵਿੱਚ ਸਾਰੇ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰਕੇ ਮੁੜ ਸੱਤਾ ਤੇ ਕਾਬਜ਼ ਹੋਈ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਗੋਆ ਵਿੱਚ ਕਾਂਗਰਸ ਨੂੰ ਹੂੰਝਾ ਫੇਰ ਚੁੱਕੀ ਹੈ। ਤ੍ਰਿਪੁਰਾ ਵਿੱਚ ਵੀ ਕਾਂਗਰਸ ਨੂੰ ਮਾਰ ਲਾ ਚੁੱਕੀ ਹੈ, ਤੇ ਹੁਣ ਪੰਜਾਬ ਦੀ ਵਾਰੀ ਹੈ। ਤ੍ਰਿਣਮੂਲ ਕਾਂਗਰਸ ਨੇ ਪੰਜਾਬ ‘ਚ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਚੋਣ ਮੈਦਾਨ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਉਣ ਤੋਂ ਬਾਅਦ ਸਿਆਸਤ ਹੋਰ ਗਰਮਾ ਗਈ ਹੈ। ਹੁਣ ਤੱਕ ਸਿਰਫ਼ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਹੀ ਚੋਣ ਮੈਦਾਨ ਵਿੱਚ ਸਰਗਰਮ ਦਿਖਾਈ ਦਿੰਦੀਆਂ ਸਨ ਪਰ ਹੁਣ ਤ੍ਰਿਣਮੂਲ ਕਾਂਗਰਸ ਨੇ ਰਸਮੀ ਤੌਰ ‘ਤੇ ਜੈ ਜਵਾਨ ਜੈ ਕਿਸਾਨ ਨਾਲ ਗੱਠਜੋੜ ਕਰ ਲਿਆ ਹੈ। ਟੀਐਮਸੀ ਵੱਲੋਂ ਦੱਸਿਆ ਗਿਆ ਹੈ ਕਿ ਤ੍ਰਿਣਮੂਲ ਕਾਂਗਰਸ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜੇਗੀ। ਗਠਜੋੜ ਦਾ ਐਲਾਨ ਕਰਦਿਆਂ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਕੌਮੀ ਪ੍ਰਧਾਨ ਡਾ: ਬਲਜੀਤ ਸਿੰਘ ਔਲਖ ਨੇ ਟੀ.ਐਮ.ਸੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਦੀ ਹਾਜ਼ਰੀ ‘ਚ ਕਿਹਾ ਕਿ ਜੈ ਜਵਾਨ ਜੈ ਕਿਸਾਨ ਪੰਜਾਬ ‘ਚ 87 ਸੀਟਾਂ ‘ਤੇ ਚੋਣ ਲੜੇਗੀ, ਜਦਕਿ ਟੀ.ਐਮ.ਸੀ 20 ਸੀਟਾਂ ‘ਤੇ ਚੋਣ ਲੜੇਗੀ। ਮਨਜੀਤ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਪੰਜਾਬ ਚੋਣਾਂ ਦੇ ਪ੍ਰਚਾਰ ਲਈ ਸੂਬੇ ‘ਚ ਆਉਣਗੇ। ਉਨ੍ਹਾਂ ਕਿਹਾ, ‘ਮੈਂ 15 ਦਸੰਬਰ ਨੂੰ ਮਮਤਾ ਜੀ ਨੂੰ ਮਿਲ ਰਿਹਾ ਹਾਂ। ਉਸ ਤੋਂ ਬਾਅਦ ਉਹ ਸਾਨੂੰ ਆਪਣਾ ਕਾਰਜਕ੍ਰਮ ਦੱਸਣਗੇ।’ ਉਨ੍ਹਾਂ ਕਿਹਾ ਕਿ ਟੀਐਮਸੀ-ਜੇਜੇਜੇਪੀ ਗਠਜੋੜ ਰਾਜ ਵਿੱਚ ਭਾਈ-ਭਤੀਜਾਵਾਦ, ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਅਤੇ ਗੈਂਗ ਵਾਰ ਨੂੰ ਖਤਮ ਕਰਨ ਲਈ ਕੰਮ ਕਰੇਗਾ। ਟੀ ਐਮ ਸੀ ਦੇ ਇਸ ਫੈਸਲੇ ਨੇ ਕਾਂਗਰਸ ਲਈ ਵੱਡੀ ਸਿਰਦਰਦੀ ਖੜੀ ਕਰ ਦਿੱਤੀ ਹੈ।
Comment here