ਇਸਲਾਮਾਬਾਦ- ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਗੱਠਜੋੜ ਕਰਨ ਲਈ ਇਮਰਾਨ ਖ਼ਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਜੀਓ ਨਿਊਜ਼ ਮੁਤਾਬਕ ਬਿਲਾਵਲ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਟੀਟੀਪੀ ਨਾਲ ਗੱਲਬਾਤ ਦੇ ਮੁੱਦੇ ‘ਤੇ ਇਮਰਾਨ ਸਰਕਾਰ ਨੇ ਕਿਸੇ ਨੂੰ ਭਰੋਸੇ ‘ਚ ਨਹੀਂ ਲਿਆ ਅਤੇ ਇਸ ਸਬੰਧ ‘ਚ ਕੋਈ ਸਮਝੌਤਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਟੀਟੀਪੀ ਨਾਲ ਗੱਲਬਾਤ ਦੀ ਆਲੋਚਨਾ ਕੀਤੀ ਸੀ ਅਤੇ ਅੱਜ ਫਿਰ ਵੀ ਕਰਾਂਗਾ। ਜੀਓ ਨਿਊਜ਼ ਨੇ ਰਿਪੋਰਟ ਦਿੱਤੀ ਕਿ ਬਿਲਾਵਲ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਸਾਰਥਕਤਾ ‘ਤੇ ਸਵਾਲ ਉਠਾਉਂਦੇ ਹੋਏ ਕਿਹਾ, “ਉਹ ਕੌਣ ਹਨ ਜੋ ਟੀਟੀਪੀ ਨਾਲ ਗੱਲਬਾਤ ਕਰਨ ਵਾਲੇ ਹਨ”। ਪੀਪੀਪੀ ਨੇਤਾ ਨੇ ਪਾਬੰਦੀਸ਼ੁਦਾ ਸੰਗਠਨ ਟੀਟੀਪੀ ‘ਤੇ ਵੀ ਹਮਲਾ ਬੋਲਦੇ ਹੋਏ ਕਿਹਾ ਕਿ ਇਸ ਨੇ ਪਾਕਿਸਤਾਨੀ ਫੌਜ ਦੇ ਜਵਾਨਾਂ ਅਤੇ ਆਰਮੀ ਪਬਲਿਕ ਸਕੂਲ (ਏਪੀਐਸ) ਦੇ ਬੱਚਿਆਂ ਨੂੰ ਮਾਰਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਫੈਡਰਲ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਐਲਾਨ ਕੀਤਾ ਕਿ ਪਾਕਿਸਤਾਨ ਸਰਕਾਰ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਪੂਰੀ ਤਰ੍ਹਾਂ ਨਾਲ ਜੰਗਬੰਦੀ ‘ਤੇ ਸਹਿਮਤ ਹੋ ਗਏ ਹਨ। ਇਕ ਨਿਊਜ਼ ਚੈਨਲ ਨੇ ਚੌਧਰੀ ਦੇ ਹਵਾਲੇ ਨਾਲ ਕਿਹਾ, ”ਸਰਕਾਰ ਅਤੇ ਪਾਬੰਦੀਸ਼ੁਦਾ ਟੀਟੀਪੀ ਵਿਚਾਲੇ ਗੱਲਬਾਤ ਸੰਵਿਧਾਨ ਦੇ ਮੁਤਾਬਕ ਚੱਲ ਰਹੀ ਸੀ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ “ਸਮਝੌਤੇ ਦੇ ਤਹਿਤ, ਇੱਕ ਪੂਰੀ ਜੰਗਬੰਦੀ ‘ਤੇ ਸਹਿਮਤੀ ਬਣੀ ਹੈ” ਅਤੇ ਗੱਲਬਾਤ ਦੀ ਪ੍ਰਗਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧਾਇਆ ਜਾਵੇਗਾ।
Comment here