ਮੋਗਾ-ਪੰਜਾਬ ਵਿੱਚ ਨਸ਼ਾ ਕਿਸ ਪੱਧਰ ਤੱਕ ਵਧਿਆ ਹੈ, ਹਰ ਦਿਨ ਨਸ਼ੇੜੀਆਂ ਦੀ ਓਵਰਡੋਜ਼ ਨਾਲ ਹੁੰਦੀ ਮੌਤ ਦੇ ਮਾਮਲੇ ਸਾਰਾ ਸੱਚ ਉਘਾੜ ਹੀ ਰਹੇ ਹਨ। ਨਸ਼ੇ ਖਾਤਰ ਅਪਰਾਧ ਹੀ ਹੋ ਰਹੇ ਹਨ, ਦਵਾਈਆਂ ਵੇਚਣ ਵਾਲੇ ਤੋਂ ਟੀਕੇ ਵਾਲੀ ਸਰਿੰਜ ਖਰੀਦਣ ਆਏ ਨਸ਼ੇਡ਼ੀ ਨੂੰ ਨਾ ਕੀਤੀ ਤਾਂ ਉਸ ਨੇ ਮੁੰਡੇ ਦੀ ਉਂਗਲ ’ਤੇ ਚੱਕ ਵੱਢ ਕੇ ਉਂਗਲ ਅਲੱਗ ਕਰ ਦਿੱਤੀ। ਥਾਣਾ ਸਿਟੀ (ਸਾਊਥ) ਦੇ ਸਹਾਇਕ ਥਾਣੇਦਾਰ ਬਸੰਤ ਸਿੰਘ ਨੇ ਦੱਸਿਆ ਕਿ ਕੇਤਨ ਸੂਦ ਵਾਸੀ ਗੀਤਾ ਕਾਲੋਨੀ ਮੋਗਾ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਦੀ ਚੂੰਗੀ ਨੰਬਰ 3 ਲਾਗੇ ਦਵਈਆਂ ਦੀ ਦੁਕਾਨ ਹੈ। ਪਿਛਲੇਰੀ ਰਾਤ ਸਾਢੇ 8 ਵਜੇ ਉਸ ਦਾ ਪਿਤਾ ਗੱਲੇ ਵਿਚ ਪੈਸੇ ਗਿਣ ਰਿਹਾ ਸੀ ਤਾਂ ਇਕ ਜਣਾ ਦੁਕਾਨ ’ਤੇ ਆਇਆ। ਉਸ ਨੇ ਕੁੱਤਿਆਂ ਦੇ ਚਿੱਚਡ਼ਾਂ ਵਾਲੇ ਇੰਜੈਕਸ਼ਨ (ਸਰਿੰਜ ਸਮੇਤ) ਮੰਗ ਕੀਤੀ ਤਾਂ ਉਸ ਦੇ ਪਿਤਾ ਨੇ ਦੱਸਿਆ ਕਿ ਇਹ ਟੀਕਾ ਤਾਂ ਡਾਕਟਰ ਹੀ ਲਗਾ ਸਕਦਾ ਹੁੰਦਾ ਹੈ, ਅਸੀਂ ਨਹੀਂ ਦੇ ਸਕਦੇ। ਇਸ ’ਤੇ ਭਡ਼ਕਿਆ ਨਸ਼ੇਡ਼ੀ ਉਸ ਦੇ ਪਿਤਾ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਤੇ ਹੱਥ ਵਿਚ ਫਡ਼ੇ ਪੈਸੇ ਖੋਹ ਕੇ ਭੱਜਣ ਲੱਗਿਆ ਸੀ। ਜਦੋਂ ਉਹ ਉਸ ਨੂੰ ਫਡ਼ਨ ਲੱਗਾ ਤਾਂ ਨਸ਼ੇਡ਼ੀ ਨੇ ਉਸ ਦੇ ਸੱਜੇ ਹੱਥ ਦੀ ਉਂਗਲ ’ਤੇ ਦੰਦੀ ਵੱਢ ਕੇ ਉਂਗਲ ਅਲੱਗ ਕਰ ਦਿੱਤੀ। ਉਥੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਤਾਂ ਉਨ੍ਹਾਂ ਨੇ ਨਸ਼ੇਡ਼ੀ ਨੂੰ ਕਾਬੂ ਕਰ ਕੇ ਕੁੱਟਿਆ ਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਕਾਬੂ ਕੀਤੇ ਅਨਸਰ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪੁਰਾਣਾ ਮੋਗਾ ਵਜੋਂ ਕੀਤੀ ਹੈ। ਮਾਮਲਾ ਦਰਜ ਕਰ ਲਿਆ ਹੈ।
ਟੀਕਾ ਲਾਉਣ ਲਈ ਸਰਿੰਜ ਨਾ ਦਿੱਤੀ ਤਾਂ ਨਸ਼ੇੜੀ ਨੇ ਉਂਗਲ ਵੱਢ ਦਿੱਤੀ

Comment here