ਫਿਰੋਜ਼ਪੁਰ-ਬੀਤੇ ਦਿਨੀਂ ਫਿਰੋਜ਼ਪੁਰ ਸ਼ਹਿਰ ਅਤੇ ਜਲਾਲਾਬਾਦ ਵਿਖੇ ਹੋਏ ਬੰਬ ਧਮਾਕਿਆਂ ’ਚ ਫੜੇ ਦੋਸ਼ੀ ਸੁੱਖਾ ਤੇ ਉਸ ਦੇ ਸਾਥੀਆਂ ਨੇ ਪੁਲਿਸ ਪੁੱਛਗਿੱਛ ’ਚ ਦੱਸਿਆ ਹੈ ਕਿ ਫਿਰੋਜ਼ਪੁਰ ਸ਼ਹਿਰ ਤੇ ਜਲਾਲਾਬਾਦ ਬੰਬ ਧਮਾਕਿਆਂ ’ਚ ਵਰਤਿਆ ਵਿਸਫੋਟਕ ਖੇਮਕਰਨ ਅਤੇ ਤਰਨਤਾਰਨ ਨੇੜੇ ਡ੍ਰੋਨਾਂ ਜ਼ਰੀਏ ਭੇਜਿਆ ਗਿਆ ਸੀ। ਉਨ੍ਹਾਂ ਮੁਤਾਬਕ ਬੀਐੱਸਐੱਫ ਅਤੇ ਪੁਲਿਸ ਵੱਲੋਂ ਨਕਾਰਾ ਕੀਤੇ ਗਏ ਕਈ ਡ੍ਰੋਨਾਂ ਤੋਂ ਇਲਾਵਾ ਕੁਝ ਡ੍ਰੋਨ ਸੇਫ ਡਿਲੀਵਰੀਆਂ ਵੀ ਕਰ ਗਏ ਸਨ। ਇਨ੍ਹਾਂ ਧਮਾਕਿਆਂ ’ਚ ਵਰਤਿਆ ਗਿਆ ਟਿਫਨ ਬੰਬ ਅਤੇ ਹੋਰ ਸਾਮਾਨ ਇਨ੍ਹਾਂ ਸੇਫ ਡਿਲੀਵਰੀਆਂ ਜ਼ਰੀਏ ਹੀ ਆਇਆ ਸੀ। ਇਸ ਸਬੰਧੀ ਡੀਐੱਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤਕ ਦੀ ਤਫਤੀਸ਼ ਮਗਰੋਂ ਸੁੱਖਾ ਦੇ ਦੋ ਕਰੀਬੀ ਸਾਥੀਆਂ ਦੀ ਪੁਲਿਸ ਨੂੰ ਭਾਲ ਹੈ।
ਸੁੱਖਾ ਤੇ ਉਸ ਦੇ ਸਾਥੀਆਂ ਨੇ ਪੁਲਿਸ ਕੋਲ ਮੰਨਿਆ ਕਿ ਪਾਕਿਸਤਾਨੋਂ ਵਿਸਫੋਟਕ ਅਤੇ ਹੋਰ ਸਾਮਾਨ ਜ਼ਿਆਦਾਤਰ ਡ੍ਰੋਨਾਂ ਰਾਹੀਂ ਹੀ ਆਉਂਦਾ ਸੀ। ਉਨ੍ਹਾਂ ਕੋਲ ਸਾਮਾਨ ਪੁੱਜਣ ਤੋਂ ਬਾਅਦ ਪਾਕਿਸਤਾਨ ਬੈਠਾ ‘ਡਾਕਟਰ’ ਨਾਂ ਦਾ ਇਕ ਵਿਅਕਤੀ ਉਨ੍ਹਾਂ ਨੂੰ ਵੀਡੀਓ ਕਾਲ ਰਾਹੀਂ ਬੰਬ ਬਣਾਉਣ ਤੇ ਧਮਾਕਾ ਕਰਨ ਦੀ ਆਨਲਾਈਨ ਸਿਖਲਾਈ ਦਿੰਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਉਸ ਥਾਂ ਦਾ ਨਾਂ ਅਤੇ ਲੋਕੇਸ਼ਨ ਦਿੱਤੀ ਜਾਂਦੀ ਸੀ ਜਿੱਥੇ ਧਮਾਕਾ ਕਰਨਾ ਹੁੰਦਾ ਸੀ। ਇਸ ਕੰਮ ਲਈ ਉਨ੍ਹਾਂ ਨੂੰ ਪ੍ਰਤੀ ਧਮਾਕਾ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਕੰਮ ਹੋਣ ਮਗਰੋਂ ਉਨ੍ਹਾਂ ਨੂੰ ਥਾਂ ਦੱਸ ਦਿੱਤੀ ਜਾਂਦੀ ਸੀ ਤੇ ਉਥੋਂ ਪੈਸੇ ਮਿਲ ਜਾਂਦੇ ਸਨ।
Comment here