ਸੋਲਨ-ਕਿਸਾਨ ਨੇਤਾ ਰਾਕੇਸ਼ ਟਿਕੈਤ ਲੰਘੇ ਦਿਨ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਚ ਸਨ, ਜਿੱਥੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ਿਮਲਾ ਜਾਣ ਦੌਰਾਨ ਟਿਕੈਤ ਸੋਲਨ ਵਿਚ ਰੁਕੇ ਤਾਂ ਉਥੇ ਉਨ੍ਹਾਂ ਦੇ ਹਮਾਇਤੀ ਇਕਠੇ ਹੋ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਇਸੇ ਦੌਰਾਨ ਸਥਾਨਕ ਆੜ੍ਹਤੀ ਵਿੱਕੀ ਚੌਹਾਨ ਆਪਣੇ ਸਾਥੀਆਂ ਨਾਲ ਪੁੱਜਾ ਅਤੇ ਨਾਅਰੇਬਾਜ਼ੀ ਬੰਦ ਕਰਨ ਨੂੰ ਕਹਿਣ ਲੱਗਾ। ਉਸ ਦਾ ਕਹਿਣਾ ਸੀ ਕਿ ਸੇਬ ਮੰਡੀ ਦੇ ਮੁੱਖ ਦਰਵਾਜ਼ੇ ’ਤੇ ਗੱਡੀਆਂ ਅਤੇ ਲੋਕਾਂ ਦੇ ਜਮਾਵੜੇ ਕਾਰਨ ਸੇਬ ਦੀਆਂ ਗੱਡੀਆਂ ਉਨ੍ਹਾਂ ਦੀ ਦੁਕਾਨ ਤੱਕ ਨਹੀਂ ਪੁੱਜ ਰਹੀਆਂ। ਇਹ ਨਾਅਰੇਬਾਜ਼ੀ ਦਿੱਲੀ ਵਿਚ ਕਰੋ। ਰਾਕੇਸ਼ ਟਿਕੈਤ ਨੇ ਉਸ ਨੂੰ ਗੱਲਬਾਤ ਲਈ ਬੁਲਾਇਆ, ਪਰ ਉਹ ਉਲਝ ਗਏ ਤੇ ਬਹਿਸਬਾਜ਼ੀ ਦੌਰਾਨ ਧੱਕਾ-ਮੁੱਕੀ ਵੀ ਹੋਈ। ਕਾਫੀ ਦੇਰ ਤੱਕ ਹੰਗਾਮਾ ਚੱਲਦਾ ਰਿਹਾ। ਪਹਿਲਾਂ ਟਿਕੈਤ ਨੇ ਕਿਹਾ ਕਿ ਹਿਮਾਚਲ ਕਿਸੇ ਦੇ ਪਿਓ ਦਾ ਨਹੀਂ ਹੈ, ਇਥੇ ਨਾਅਰੇਬਾਜ਼ੀ ਵੀ ਹੋਵੇਗੀ ਅਤੇ ਅੰਦੋਲਨ ਵੀ ਚੱਲੇਗਾ, ਇਸ ’ਤੇ ਆੜ੍ਹਤੀ ਨੇ ਵੀ ਟਿਕੈਤ ਨੂੰ ਕਿਹਾ ਕਿ ਹਿਮਾਚਲ ਤੁਹਾਡੇ ਪਿਓ ਦਾ ਵੀ ਨਹੀਂ ਹੈ, ਇਥੇ ਕਿਸੇ ਦੀ ਮਨਮਰਜ਼ੀ ਨਹੀਂ ਚੱਲੇਗੀ। ਬਾਅਦ ਵਿਚ ਪੁਲਸ ਨੇ ਮਾਮਲਾ ਸ਼ਾਂਤ ਕੀਤਾ। ਇਸ ਦੌਰਾਨ ਆੜ੍ਹਤੀਏ ਨੇ ਕਿਹਾ ਕਿ ਉਹ ਰਾਕੇਸ਼ ਟਿਕੈਤ ’ਤੇ ਮਾਣਹਾਨੀ ਦਾ ਕੇਸ ਕਰੇਗਾ। ਟਿਕੈਤ ਨੇ ਦੋਸ਼ ਲਾਇਆ ਕਿ ਉਹ ਵਿਅਕਤੀ ਨਸ਼ੇ ਵਿਚ ਸੀ ਅਤੇ ਉਸ ਦੇ ਹੱਥਾਂ ਵਿਚ ਪੱਥਰ ਸਨ। ਉਸ ਨੇ ਉਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।
Comment here