ਨਵੀਂ ਦਿੱਲੀ- ਖੇਤੀ ਕਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਥੇ ਬਹਾਦੁਰਗੜ੍ਹ ‘ਚ ਬਿਜਲੀ ਨਾ ਮਿਲਣ ਤੇ ਟਿੱਕਰੀ ਬਾਰਡਰ ‘ਤੇ ਅੰਦੋਲਨ ‘ਚ ਸ਼ਾਮਿਲ ਕਿਸਾਨਾਂ ਨੇ ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ‘ਤੇ ਜਾਮ ਲਾ ਦਿੱਤਾ। ਰਾਤ ਦੇ ਸਮੇਂ ਕਿਸਾਨਾਂ ਨੇ ਕਰੀਬ 2 ਘੰਟੇ ਤਕ ਨੈਸ਼ਨਲ ਹਾਈਵੇਅ ਜਾਮ ਰੱਖਿਆ। ਦਰਅਸਲ, ਕਿਸਾਨ ਕਰੀਬ 5 ਘੰਟੇ ਦੇ ਬਿਜਲੀ ਕੱਟ ਤੋਂ ਪਰੇਸ਼ਾਨ ਹੋ ਕੇ ਬਿਜਲੀ ਦਫ਼ਤਰ ਪਹੁੰਚੇ ਸਨ। ਪਰ ਉੱਥੇ ਵੀ ਉਨ੍ਹਾਂ ਨੂੰ ਕਿਸੇ ਤਰੀਕੇ ਦਾ ਭਰੋਸਾ ਨਹੀਂ ਮਿਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੇ ਫੋਨ ਬੰਦ ਸਨ ਤੇ ਉੱਥੇ ਕੋਈ ਵੀ ਕਰਮਚਾਰੀ ਉਨ੍ਹਾਂ ਨੂੰ ਇਹ ਨਹੀਂ ਦੱਸ ਰਿਹਾ ਸੀ ਕਿ ਬਿਜਲੀ ਦਾ ਇਹ ਕੱਟ ਕਿਸੇ ਲਾਈਨ ਫਾਲਟ ਦੇ ਚੱਲਦਿਆਂ ਹੈ ਜਾਂ ਫਿਰ ਜਾਣਬੁੱਝ ਕੇ ਕਿਸਾਨਾਂ ਦੀ ਬਿਜਲੀ ਕੱਟੀ ਗਈ ਹੈ। ਜਿਸ ਤੋਂ ਨਾਰਾਜ਼ ਹੋਕੇ ਅੰਦੋਲਨਕਾਰੀ ਕਿਸਾਨ ਬਹਾਦਰਗੜ੍ਹ ਬਾਈਪਾਸ ‘ਤੇ ਸਥਿਤ ਜਾਖੌਦਾ ਮੋੜ ਤੇ ਕਸਾਰ ਮੋੜ ਤੇ ਨੈਸ਼ਨਲ ਹਾਈਵੇਅ ਦੀ ਸੜਕ ‘ਤੇ ਹੀ ਬੈਠ ਗਏ ਤੇ ਜਾਮ ਲਾ ਦਿੱਤਾ। ਜਾਮ ਲੱਗਣ ਕਾਰਨ ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ‘ਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਰੀਬ ਦੋ ਘੰਟਿਆਂ ਬਾਅਦ ਬਿਜਲੀ ਆਉਣ ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹਿਆ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਜ਼ਰੂਰੀ ਸੁਵਿਧਾਵਾਂ ਤੱਕ ਵੀ ਨਹੀਂ ਮੁਹੱਈਆ ਕਰਵਾ ਰਹੀ, ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਕਿਸਾਨਾਂ ਨੇ ਇਹ ਵੀ ਆਖਿਆ ਕਿ ਸਰਕਾਰ ਬੇਸ਼ੱਕ ਕਿੰਨਾ ਹੀ ਤੰਗ ਪ੍ਰੇਸ਼ਾਨ ਕਰ ਲਏ ਪਰ ਉਹ ਨਾ ਹੀ ਝੁਕਣਗੇ ਤੇ ਨਾ ਹੀ ਪਿੱਛੇ ਹਟਣਗੇ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ ਨੌਂ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਪਿਛਲੇ ਦਿਨੀਂ ਟਿਕਰੀ ਬਾਰਡਰ ਦੇ ਅੰਦੋਲਨਕਾਰੀ ਕਿਸਾਨਾਂ ਨੇ ਬਹਾਦੁਰਗੜ੍ਹ ਦੇ ਮਿੰਨੀ ਸਕੱਤਰੇਤ ਸਾਹਮਣੇ ਵੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਬਿਜਲੀ-ਪਾਣੀ ਆਦਿ ਨਾ ਮੁਹੱਈਆ ਕਰਵਾਉਣ ਦੇ ਦੋਸ਼ ਲਾਏ ਸਨ। ਇਸੇ ਦੌਰਾਨ ਰਾਤ ਸਮੇਂ ਬਿਜਲੀ ਨਹੀਂ ਆਈ ਤਾਂ ਕਿਸਾਨਾਂ ਨੂੰ ਖਾਣਾ ਬਣਾਉਣ ਤੋਂ ਲੈ ਕੇ ਹੋਰ ਹਰ ਕੰਮ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਗਿਆ।
Comment here