ਪੰਜਾਬ ਸਰਕਾਰ ਦੇਵੇਗੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ
ਹਰਿਆਣਾ-ਹਰਿਆਣਾ ਦੇ ਬਹਾਦੁਰਗੜ੍ਹ ਦੇ ਫਲਾਈਓਵਰ ਹੇਠਾਂ ਝੱਜਰ ਰੋਡ ’ਤੇ ਟਿਕਰੀ ਬਾਰਡਰ ਨੇੜੇ 3 ਕਿਸਾਨ ਬੀਬੀਆਂ ਡਿਵਾਈਡਰ ’ਤੇ ਬੈਠੀਆਂ ਸਨ, ਕਿ ਇਕ ਟਰੱਕ ਬੇਕਾਬੂ ਹੋ ਕੇ ਉਹਨਾਂ ਦੇ ਉੱਪਰ ਚੜ੍ਹ ਗਿਆ। ਇਸ ਹਾਦਸੇ ਦੌਰਾਨ 3 ਬਜ਼ੁਰਗ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਬੀਬੀਆਂ ਘਰ ਜਾਣ ਲਈ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ। ਇਸ ਦੌਰਾਨ ਮੌਕੇ ’ਤੇ 2 ਕਿਸਾਨ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੇ ਹਸਪਤਾਲ ’ਚ ਦਮ ਤੋੜ ਦਿੱਤਾ।
ਮਾਨਸਾ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਸਨ ਬੀਬੀਆਂ
ਸਾਰੀਆਂ ਬੀਬੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਵਸਨੀਕ ਹਨ। ਇਹ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਗਈਆ ਹੋਈਆਂ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਬੀਬੀਆਂ ਵਿਚ ਅਮਰਜੀਤ ਕੌਰ (58) ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ (60) ਪਤਨੀ ਭੋਲਾ ਸਿੰਘ ਅਤੇ ਛਿੰਦਰ ਕੌਰ (61) ਪਤਨੀ ਭਾਨ ਸਿੰਘ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚ ਗੁਰਮੇਲ ਕੌਰ ਪਤਨੀ ਮੇਹਰ ਸਿੰਘ ਅਤੇ ਹਰਜੀਤ ਕੌਰ ਪਤਨੀ ਗੁਰਤੇਜ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਇਹ ਬੀਬੀਆਂ ਦਿੱਲੀ ਤੋਂ ਬਹਾਦੁਰਗੜ੍ਹ ਹੋ ਕੇ ਪੰਜਾਬ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ ਕਿ ਅਚਾਨਕ ਇੱਕ ਟਰੱਕ ਨੇ ਬੇਕਾਬੂ ਹੋ ਕੇ ਇਨ੍ਹਾਂ ਨੂੰ ਦਰੜ ਦਿੱਤਾ। ਟਰੱਕ ਚਾਲਕ ਮੌਕੇ ’ਤੇ ਦੌੜ ਗਿਆ ਅਤੇ ਪੁਲਸ ਨੇ ਆ ਕੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
5-5 ਲੱਖ ਮੁਆਵਜ਼ਾ ਦੇਣ ਦਾ ਐਲਾਨ
ਟਿਕਰੀ ਬਾਰਡਰ ’ਤੇ ਹਾਦਸੇ ਦਾ ਸ਼ਿਕਾਰ ਹੋਈਆਂ 3 ਕਿਸਾਨ ਬੀਬੀਆਂ ਦੀ ਮੌਤ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਾਦਸੇ ’ਚ ਮਰੀਆਂ ਤਿੰਨ ਕਿਸਾਨ ਬੀਬੀਆਂ ਦੀ ਮੌਤ ’ਤੇ ਮ੍ਰਿਤਕ ਔਰਤਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਔਰਤਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਨੀ ਨੇ ਹਰਿਆਣਾ ਪੁਲਸ ਨੂੰ ਦੋਸ਼ੀਆਂ ਦੀ ਭਾਲ ਕਰਕੇ ਸਲਾਖਾਂ ਪਿੱਛੇ ਡੱਕਣ ਦੀ ਵੀ ਅਪੀਲ ਕੀਤੀ। ਅੱਗੇ ਲਿਖਦੇ ਹੋਏ ਚੰਨੀ ਨੇ ਕਿਹਾ ਕਿ ਗੁਆਚੀਆਂ ਜਾਨਾਂ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ। ਇਸ ਦੁੱਖ਼ਦਾਇਕ ਘਟਨਾ ਨਾਲ ਪੰਜਾਬ ਦੇ ਸੰਬੰਧਤ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਕੈਪਟਨ ਵੱਲੋਂ ਦੁੱਖ਼ ਦਾ ਪ੍ਰਗਟਾਵਾ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟਿਕਰੀ ਬਾਰਡਰ ’ਤੇ ਤੇਜ਼ ਰਫ਼ਤਾਰ ਦੀ ਲਪੇਟ ’ਚ ਆਉਣ ਨਾਲ ਮਾਨਸਾ ਦੀਆਂ 3 ਕਿਸਾਨ ਔਰਤਾਂ ਦਰਦਨਾਕ ਮੌਤ ਹੋਣ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ਼ ਲੱਗਾ ਹੈ। ਘਟਨਾ ’ਚ ਗੰਭੀਰ ਰੂਪ ਨਾਲ ਤਿੰਨ ਔਰਤਾਂ ਵੀ ਜ਼ਖ਼ਮੀ ਹੋਈਆਂ ਹਨ, ਜਿਨ੍ਹਾਂ ਦੇ ਜਲਦੀ ਮਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ। ਉਥੇ ਹੀ ਕੈਪਟਨ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਵੀ ਕਿਹਾ ਹੈ ਅਤੇ ਜ਼ਖ਼ਮੀਆਂ ਦੇ ਇਲਾਜ ਨੂੰ ਯਕੀਨੀ ਬਣਾਉਣ ਦੀ ਗੱਲ ਕੀਤੀ ਹੈ।
Comment here