ਨਜ਼ਰੀਆ-ਜੋਗਿੰਦਰ ਸਿੰਘ
ਮੁੱਖ ਸੰਪਾਦਕ ਰੋਜ਼ਾਨਾ ਸਪੋਕਸਮੈਨ
2022 ਦੀਆਂ ਚੋਣਾਂ ਸਿਰ ’ਤੇ ਆ ਗਈਆਂ ਨੇ। ਵੋਟਾਂ ਪੈਣ ’ਚ ਹੁਣ ਕੁੱਝ ਦਿਨ ਹੀ ਬਾਕੀ ਨੇ। ਬੜੀਆਂ ਚੋਣਾਂ ਵੇਖ ਚੁੱਕਾ ਹਾਂ ਪਰ ਇਸ ਵਾਰ ਦੀਆਂ ਚੋਣਾਂ ਦਾ ਤਾਂ ਰੰਗ ਹੀ ਵਖਰਾ ਹੈ। ਕਿਸੇ ਵੱਡੇ ਤੋਂ ਵੱਡੇ ਤੇ ਦਹਾਕਿਆਂ ਤੋਂ ਚਲੇ ਆ ਰਹੇ ਟਕਸਾਲੀ ‘ਕਾਂਗਰਸੀ’ ਬਾਰੇ ਪਤਾ ਲਗਦਾ ਹੈ ਕਿ ਉਹ ਰਾਤੋ-ਰਾਤ ਭਾਜਪਾ ਲੀਡਰ ਬਣ ਗਿਆ ਹੈ ਤੇ ਸਿੱਖਾਂ ਦੀ ਹਰ ਮੰਗ ਦਾ ਜੀਅ ਜਾਨ ਨਾਲ ਵਿਰੋਧ ਕਰਨ ਵਾਲਾ ਜਨਸੰਘੀ ਅਚਾਨਕ ਹੀ ਪੰਥਕ ਲੀਡਰ ਯਾਨੀ ‘ਅਕਾਲੀ ਜਥੇਦਾਰ’ ਬਣ ਗਿਆ ਹੈ। ਇਕੋ ਕਾਰਨ ਦਸਿਆ ਜਾਂਦਾ ਹੈ ਕਿ ਪੁਰਾਣੀ ਪਾਰਟੀ ਟਿਕਟ ਨਹੀਂ ਸੀ ਦੇ ਰਹੀ, ਨਵੀਂ ਪਾਰਟੀ ਨੇ ਦੇ ਦਿਤੀ ਹੈ। ਪਾਰਟੀ ਪ੍ਰਤੀ ਵਫ਼ਾਦਾਰੀ ਤੇ ਪਾਰਟੀ ਦੇ ਸਿਧਾਂਤਾਂ ਨਾਲ ਪ੍ਰਤੀਬੱਧਧਤਾ ਦੀ ਗੱਲ ਹੀ ਖ਼ਤਮ ਹੋ ਗਈ ਹੈ 2022 ਦੀਆਂ ਚੋਣਾਂ ਵਿਚ। ਰਾਜੀਵ ਗਾਂਧੀ ਦੇ ਪਰਮ ਮਿੱਤਰ ਜੋ ਬੀਜੇਪੀ ਨੂੰ ‘ਦੇਸ਼ ਲਈ ਸਰਾਪ’ ਅਤੇ ‘ਭਾਰਤ ਦੀ ਬਦਕਿਸਮਤੀ’ ਕਿਹਾ ਕਰਦੇ ਸਨ, ਰਾਤੋ ਰਾਤ ਬੀਜੇਪੀ ਦੇ ਵੱਡੇ ਲੀਡਰ ਬਣੇ ਦਿਸਦੇ ਹਨ। ਅਜੇ ਪੁਰਾਣੇ ਕਮਿਊਨਿਸਟਾਂ ’ਚੋਂ ਕਿਸੇ ਨੇ ਇਸ ਤਰ੍ਹਾਂ ਵਫ਼ਾਦਾਰੀ ਨਹੀਂ ਬਦਲੀ ਪਰ ਹੋਰ ਤਾਂ ਕੋਈ ਪਾਰਟੀ ਨਜ਼ਰ ਨਹੀਂ ਆ ਰਹੀ ਜਿਥੇ ਲੀਡਰਾਂ ਨੇ ਕਿਰਲੇ ਦੀ ਤਰ੍ਹਾਂ ਰੰਗ ਬਦਲਣ ਦੀ ਖੇਡ ਖੇਡਣੀ ਨਾ ਸ਼ੁਰੂ ਕੀਤੀ ਹੋਵੇ। ਕਲ ਤਕ ਕੀ ਤੁਸੀ ਕਦੀ ਸੋਚ ਵੀ ਸਕਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਕਾਂਗਰਸੀ ਲੀਡਰ ਤੇ ਸੋਨੀਆ ਦਾ ਖ਼ਾਸਮ ਖ਼ਾਸ ਆਗੂ, ਬੀਜੇਪੀ ਦਾ ਰਾਜ ਪੰਜਾਬ ਵਿਚ ਲਿਆਉਣ ਲਈ ਕੰਮ ਕਰਦਾ ਦਿਸੇਗਾ ਤੇ ਮਦਨ ਮੋਹਨ ਮਿੱਤਲ ਵਰਗਾ ਭਾਜਪਾ ਆਗੂ, ਪੰਜਾਬ ਵਿਚ ਅਕਾਲੀ ਰਾਜ ਲਿਆਉਣ ਲਈ ਅਪਣੇ ਆਪ ਨੂੰ ‘ਅਕਾਲੀ’ ਘੋਸ਼ਿਤ ਕਰ ਰਿਹਾ ਹੋਵੇਗਾ? ਇਕ ਅਜਿਹੇ ‘ਲੀਡਰ’ ਨੂੰ ਰੋਕ ਕੇ ਮੈਂ ਪੁਛ ਲਿਆ, ਯਾਰੋ ਇਹ ਕੀ ਤਮਾਸ਼ਾ ਵਿਖਾ ਰਹੇ ਹੋ? ਅਸੀ ਤਾਂ ਅਕਾਲੀ ਲੀਡਰਾਂ ਨੂੰ ਇਹ ਕਹਿੰਦਿਆਂ ਸੁਣਦੇ ਹੁੰਦੇ ਸੀ ਕਿ ‘‘ਮੈਂ ਅਕਾਲੀ ਮਾਂ-ਬਾਪ ਦੇ ਘਰ ਜਨਮਿਆ ਸੀ, ਅਕਾਲੀ ਹਾਂ ਤੇ ਅਕਾਲੀ ਰਹਿ ਕੇ ਹੀ ਮਰਾਂਗਾ’’। ਇਹੀ ਜਵਾਬ ਕਾਂਗਾਰਸੀਆਂ, ਕਮਿਊਨਿਸਟਾਂ ਤੇ ਜਨਸੰਘੀਆਂ ਕੋਲੋਂ ਵੀ ਸੁਣਨ ਨੂੰ ਮਿਲਦਾ ਸੀ। ਪਰ ਹੁਣ ਤਾਂ ਸੱਭ ਕੁੱਝ ਉਲਟ ਪੁਲਟ ਕਰ ਰਹੇ ਹੋ ਤੁਸੀ। ਲੀਡਰ ਸਾਹਿਬ ਪਾਰਟੀ ਦੇ ਦਫ਼ਤਰ ‘ਟਿਕਟ’ ਲੈਣ ਜਾਂਦੇ ਹਨ, ਵਫ਼ਾਦਾਰੀ ਦਾ ਪ੍ਰਣ ਪੱਤਰ ਭਰਦੇ ਹਨ ਪਰ ‘ਟਿਕਟ’ ਨਹੀਂ ਮਿਲਦੀ ਤਾਂ ਉਸੇ ਵੇਲੇ ਐਲਾਨ ਕਰ ਦੇਂਦੇ ਹਨ, ‘ਮੇਰਾ ਇਸ ਪਾਰਟੀ ਨਾਲ ਕੋਈ ਸਬੰਧ ਨਹੀਂ, ਅਸਤੀਫ਼ਾ ਦੇ ਦਿਤਾ ਹੈ ਤੇ ਹੁਣ ਦੂਜੀ ਪਾਰਟੀ ਵਿਚ ਸ਼ਾਮਲ ਹੋ ਗਿਆ ਹਾਂ।’ ਘਰ ਵਾਪਸੀ ਤੇ ਪਤਨੀ ਵੀ ਇਹ ਵੇਖ ਕੇ ਹੈਰਾਨ ਪ੍ਰੇਸ਼ਾਨ ਹੋ ਜਾਂਦੀ ਹੈ ਕਿ ਬੰਦਾ ਘਰੋਂ ਗਿਆ ਕਿਹੜੇ ਰੰਗ ਵਿਚ ਸੀ ਤੇ ਵਾਪਸ ਕਿਹੜੇ ਰੰਗ ਵਿਚ ਰੰਗੀਜ ਕੇ ਆ ਗਿਆ ਹੈ। ਪਰ ਅਜਿਹਾ ਕਿਉਂ ਹੋ ਰਿਹਾ ਹੈ? ਸ਼ਰਮ ਧਰਮ ਸੱਭ ਉਡ ਪੁਡ ਗਏ ਹਨ? ‘ਲੋਕੀ ਕੀ ਕਹਿਣਗੇ’? ਵਾਲਾ ਡਰ ਹੀ ਖ਼ਤਮ ਹੋ ਗਿਆ ਹੈ! ਇਕ ਮੂੰਹ ਫੱਟ ਤੇ ਰੰਗ ਬਦਲਣ ਵਾਲੇ ‘ਲੀਡਰ ਮਿੱਤਰ’ ਨੂੰ ਮੈਂ ਤਾਹਨਾ ਮਾਰ ਬੈਠਾ ਕਿ ‘ਤੂੰ ਜਿਹੜੀ ਵਿਚਾਰਧਾਰਾ ਦਾ ਅਪਣੇ ਆਪ ਨੂੰ ਪ੍ਰਚਾਰਕ ਦਸਦਾ ਸੀ, ਹੁਣ ਉਸੇ ਵਿਚਾਰਧਾਰਾ ਦੀ ਜੜ੍ਹ ਪੁੱਟਣ ਵਾਲੀ ਪਾਰਟੀ ਦਾ ਮੈਂਬਰ ਬਣ ਗਿਆ ਹੈਂ ਤਾਂ ਹੁਣ ਨਵੀਂ ਪਾਰਟੀ ਦੇ ਲੀਡਰ ਵਜੋਂ ਅਪਣੀ ਪਹਿਲੀ ਵਿਚਾਰਧਾਰਾ ਵਿਰੁਧ ਪ੍ਰਚਾਰ ਕਰੇਂਗਾ?’ ਖਿੱਝ ਕੇ ਬੋਲਿਆ, ‘‘ਛੱਡੋ ਜੀ, ਕਿਹੜੇ ਜ਼ਮਾਨੇ ਵਿਚ ਰਹਿੰਦੇ ਓ? ਅੱਜ ਕੌਣ ਪੁਛਦੈ ਵਿਚਾਰਧਾਰਾ ਵਿਚੂਰਧਾਰਾ ਨੂੰ? ਗੱਲ ਸਿੱਧੀ ਹੈ ਕਿ ਜ਼ਮਾਨਾ ਵਪਾਰ ਦਾ ਹੈ, ਮੁਨਾਫ਼ੇ ਦਾ ਹੈ ਤੇ ਪੈਸੇ ਦਾ ਹੈ। ਪੈਸੇ ਦੇ ਇਸ ਬਾਜ਼ਾਰ ਵਿਚ ਜਿੰਨਾ ਮੁਨਾਫ਼ਾ ਸਿਆਸਤ ਵਿਚ ਮਿਲ ਸਕਦਾ ਹੈ, ਹੋਰ ਕਿਸੇ ਧੰਦੇ ਵਿਚ ਜਾਨ ਮਾਰ ਕੇ ਵੀ ਨਹੀਂ ਮਿਲਦਾ। ਇਕ ਵਾਰ ਵਿਧਾਇਕ ਜਾਂ ਐਮ.ਪੀ. ਬਣ ਜਾਉ, ਬਸ ਟਰਮ ਖ਼ਤਮ ਹੋਣ ਤਕ ਤੁਸੀ ਕਰੋੜਪਤੀ ਤਾਂ ਬਣੇ ਹੀ ਬਣੇ ਲਉ। ਉਤੋਂ ਸਾਰੀ ਉਮਰ ਲਈ ਪੈਨਸ਼ਨ ਮੁਫ਼ਤ ਦੀ। ਸਲੂਟ ਵਖਰੇ। ਦਾਅ ਲੱਗ ਗਿਆ ਤੇ ਦੂਜੀ ਵਾਰ ਟਿਕਟ ਮਿਲ ਗਈ ਤਾਂ ਕਰੋੜਪਤੀ ਤੋਂ ਅਰਬਪਤੀ ਵੀ ਬਣ ਸਕਦੇ ਹੋ। ਕਰਨਾ ਕੀ ਹੁੰਦੈ? ਬੱਸ ਜਨਤਾ ਨੂੰ ਕਹਿੰਦੇ ਰਹੋ ਕਿ ‘‘ਤੈਨੂੰ ਆਹ ਦਿਆਂਗਾ, ਤੈਨੂੰ ਔਹ ਦਿਆਂਗਾ’’ ਜਿਵੇਂ ਆਸ਼ਕ ਮਾਸ਼ੂਕਾ ਨੂੰ ਕਹਿੰਦਾ ਹੈ ਕਿ ‘‘ਤੇਰੇ ਲਈ ਅਸਮਾਨ ਤੋਂ ਤਾਰੇ ਵੀ ਤੋੜ ਕੇ ਲਿਆ ਦਿਆਂਗਾ।’’ ਨਾ ਕਿਸੇ ਆਸ਼ਕ ਨੇ ਅੱਜ ਤਕ ਤਾਰੇ ਤੋੜ ਕੇ ਲਿਆਂਦੇ ਨੇ ਤੇ ਨਾ ਕਿਸੇ ਲੀਡਰ ਨੇ ਜਨਤਾ ਨਾਲ ਵਾਅਦੇ ਪੂਰੇ ਕੀਤੇ ਨੇ। ਪਾਰਟੀਆਂ, ਵਫ਼ਾਦਾਰੀਆਂ ਤੇ ਵਿਚਾਰਧਾਰਾ ਦੀ ਗੱਲ ਹੀ ਭੁੱਲ ਜਾਉ। ਬੇਰੁਜ਼ਗਾਰੀ ਦੇ ਇਸ ਆਲਮ ਵਿਚ ਸਿਆਣੇ ਬਣ ਕੇ ਇਥੇ ਉਹੀ ‘ਬਿਜ਼ਨਸ’ ਕਰਨ ਦੀ ਲੋੜ ਹੈ ਜਿਸ ਵਿਚ ਅਪਣਾ ਹਿੰਗ ਲਗੇ ਨਾ ਫਟਕੜੀ ਤੇ ਰੰਗ ਵੀ ਚੋਖਾ ਆ ਜਾਏ। ਅਸੈਂਬਲੀ ਜਾਂ ਪਾਰਲੀਮੈਂਟ ਦਾ ਮੈਂਬਰ ਬਣਨ ਨਾਲੋਂ ਵਧੀਆ ਹੋਰ ਕੋਈ ‘ਬਿਜ਼ਨਸ’ ਨਹੀਂ ਜੇ। ਤੁਸੀ ਵੀ ਇਕ ਵਾਰ, ਜਿਵੇਂ ਕਿਵੇਂ ਵੀ ‘ਟਿਕਟ’ ਲੈ ਲਉ ਤੇ ਸਾਰੀ ਉਮਰ ਦੇ ਝੰਜਟਾਂ ਤੋਂ ਛੁਟਕਾਰਾ ਪਾ ਲਉ।’’
ਗੱਲ ਤਾਂ ਉਸ ਦੀ ਸੋਲਾਂ ਆਨੇ ਸਹੀ ਹੈ। ਅੱਜ ਦੇ ਸਿਆਸਤਦਾਨ ਕਹਿੰਦੇ ਤਾਂ ਇਹ ਹਨ ਕਿ ਉਹ ‘ਸੇਵਾ’ ਕਰਨ ਲਈ ਸਿਆਸਤ ਵਿਚ ਆਏ ਹਨ ਪਰ ਅਸਲ ਵਿਚ ਉਹ ਬਿਜ਼ਨਸ ਕਰਨ ਅਰਥਾਤ ਕਰੋੜਪਤੀ ਤੇ ਅਰਬਪਤੀ ਬਣਨ ਲਈ ਆਏ ਹੁੰਦੇ ਹਨ, ਸੇਵਾ ਸੂਵਾ ਦੀਆਂ ਗੱਲਾਂ ਬੀਤੇ ਯੁਗ ਦੀਆਂ ਗੱਲਾਂ ਹੋ ਗਈਆਂ ਨੇ। ਸਿਆਸਤਦਾਨ ਤਾਂ ਜਨਤਾ ਦੀ ਸੇਵਾ ਐਮਐਲਏ ਜਾਂ ਵਜ਼ੀਰ ਬਣ ਕੇ ਹੀ ਕਰ ਸਕਦੇ ਹਨ, ਹੋਰ ਤਾਂ ਸੇਵਾ ਦਾ ਕੋਈ ਢੰਗ ਉਨ੍ਹਾਂ ਨੂੰ ਸਿਖਾਇਆ ਹੀ ਨਹੀਂ ਗਿਆ। ਪ੍ਰਕਾਸ਼ ਸਿੰਘ ਬਾਦਲ ਇਸੇ ਲਈ 94 ਸਾਲ ਦੀ ਉਮਰ ਵਿਚ ‘ਸੇਵਾ’ ਕਰਨ ਲਈ ਫਿਰ ਐਮ.ਐਲ.ਏ. ਬਣਨ ਲਈ ਜਾਨ ਮਾਰ ਰਹੇ ਨੇ ਤੇ ਵਾਰ-ਵਾਰ ਬੀਮਾਰ ਹੋ ਰਹੇ ਨੇ। ਜਦ ਸਾਰਾ ਪ੍ਰਵਾਰ ਹੀ ‘ਸਿਆਸੀ ਕਿਸਮ ਦੀ ਸੇਵਾ’ ਵਿਚ ਲੱਗਾ ਹੋਇਆ ਹੈ ਤਾਂ ਬਜ਼ੁਰਗਾਂ ਨੂੰ ਆਰਾਮ ਕਰਨ ਦੇਣਾ ਚਾਹੀਦਾ ਹੈ। ਹੁਣ ਤਾਂ ਬਾਹਰੀ ਤੌਰ ’ਤੇ ਆਪਸ ਵਿਚ ਲੜਨ ਵਾਲੇ ਵੀ ਅੰਦਰੋਂ ਮਿਲੇ ਹੋਏ ਹੁੰਦੇ ਹਨ ਤੇ ਇਹ ਡਰ ਵੀ ਇਨ੍ਹਾਂ ਦਾ ਖ਼ਤਮ ਹੋ ਗਿਆ ਹੈ ਕਿ ਦੂਜੀ ਧਿਰ ਦੀ ਸਰਕਾਰ ਆ ਗਈ ਤਾਂ ਉਸ ਦੇ ਘਪਲਿਆਂ ਨੂੰ ਨੰਗੇ ਕਰ ਕੇ ਉਸ ਨੂੰ ਜੇਲ੍ਹ ਵਿਚ ਸੁਟ ਦੇਵੇਗੀ।
ਨਹੀਂ, ਅੱਜ ਸ਼ਰਾਬ ਦੀ ਸਹੁੰ ਚੁਕ ਕੇ ਹਰ ਲੀਡਰ ਇਕ ਦੂਜੇ ਨਾਲ ਇਹ ਸਮਝੌਤਾ ਪਹਿਲਾਂ ਹੀ ਕਰ ਲੈਂਦਾ ਹੈ ਕਿ ‘‘ਸ਼ਰਾਬ ਦੀ ਸਹੁੰ, ਮੈਂ ਮੁੱਖ ਮੰਤਰੀ ਬਣ ਗਿਆ ਤਾਂ ਤੇਰਾ ਕੋਈ ਨੁਕਸਾਨ ਨਹੀਂ ਕਰਾਂਗਾ ਤੇ ਤੂੰ ਬਣ ਗਿਆ ਤਾਂ ਮੇਰੇ ਪਰਦੇ ਢੱਕੇ ਰਹਿਣ ਦੇਵੇਂਗਾ।’’ਸੋ ਸਿਆਸਤ ਦੇ ‘ਵਪਾਰ’ ਵਿਚ, ਪੈਸੇ ਤੋਂ ਬਿਨਾਂ ਕਿਸੇ ਹੋਰ ਗੱਲ ਦੀ ਫ਼ਿਕਰ ਕਰਨ ਵਾਲਾ ਹੁਣ ਨਹੀਂ ਟਿਕ ਸਕਦਾ। ਖਸਮਾਂ ਨੂੰ ਖਾਏ ਵਿਚਾਰਧਾਰਾ, ਪਾਰਟੀ, ਸਦਾਚਾਰ, ਲੋਕ-ਲਾਜ ਤੇ ਵਫ਼ਾਦਾਰੀ। ਬਸ ਅਸੈਂਬਲੀ ਦਾ ਮੈਂਬਰ ਬਣ ਕੇ ਰਹਿਣੈ, ਭਾਵੇਂ ਕਾਲਾ ਚੋਰ ਵੀ ਅਪਣੀ ਟਿਕਟ ਲੈ ਲਵੇ ਤੇ ਜਿਤਾ ਦੇਵੇ।
Comment here