ਅਪਰਾਧਸਿਆਸਤਖਬਰਾਂ

ਟਾਂਡਾ ਉੜਮੁੜ ਦੇ ਗਊ ਕਤਲਕਾਂਡ ’ਚ 7 ਮੁਲਜ਼ਮ ਗ੍ਰਿਫ਼ਤਾਰ

ਟਾਂਡਾ– ਬੀਤੇ ਕੁਝ ਦਿਨ ਟਾਂਡਾ ਵਿਖੇ ਗਊ ਹੱਤਿਆ ਕਾਂਡ ਦੀ ਖਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਪੰਜਾਬ ਵਿੱਚ ਇਸ ਨੂੰ ਲੈ ਕਿ ਕਾਫੀ ਰੋਸ਼ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਉੱਪਰ ਸਖਤ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਸਨ। ਇਸ ਮਾਮਲੇ ’ਚ ਪੁਲਸ ਨੇ ਸਫ਼ਲਤਾ ਹਾਸਲ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਨੂੰ ਪੁਲਸ ਵੱਲੋਂ ਖੁਫ਼ੀਆ ਤਰੀਕੇ ਨਾਲ ਟਰੇਸ ਕੀਤਾ ਗਿਆ ਤੇ ਇਸ ਮਾਮਲੇ ’ਚ ਪਹਿਲਾਂ 3 ਵਿਅਕਤੀਆਂ ਸਾਵਨ ਪੁੱਤਰ ਹਰਜੀਤ ਵਾਸੀ ਕੋਟਲੀ ਸ਼ੇਖਾ ਜਲੰਧਰ, ਸਤਪਾਲ ਪੁੱਤਰ ਕੁਲਦੀਪ ਵਾਸੀ ਕੋਟਲੀ ਸ਼ੇਖਾ ਜਲੰਧਰ ਤੇ ਸੁਰਜੀਤ ਲਾਲ ਪੁੱਤਰ ਜਗਦੀਸ਼ ਵਾਸੀ ਜੱਫਲ ਝੀਂਗੜਾਂ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤਿੰਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨਾਲ ਇਸ ਅਪਰਾਧ ਵਿਚ ਸ਼ਾਮਲ ਤੇ ਪਨਾਹ ਦੇਣ ਵਾਲੇ ਵਿਅਕਤੀਆਂ ਜੀਵਨ ਅਲੀ ਪੁੱਤਰ ਵਿਜੇ ਅਲੀ ਵਾਸੀ ਥਾਬਲਕੇ ਜਲੰਧਰ, ਕਮਲਜੀਤ ਕੌਰ ਪਤਨੀ ਦਿਲਾਵਰ, ਸਲਮਾ ਪਤਨੀ ਅਨਬਰ ਹੁਸੈਨ ਵਾਸੀ ਬੜਾ ਪਿੰਡ ਜਲੰਧਰ ਤੇ ਅਨਬਰ ਹੁਸੈਨ ਪੁੱਤਰ ਰਫੀਮ ਮੁਹੰਮਦ ਵਾਸੀ ਬੜਾ ਪਿੰਡ ਜਲੰਧਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਗਊਆਂ ਦੀ ਢੋਆ-ਢੁਆਈ ਲਈ ਵਰਤੇ ਗਏ ਕੈਂਟਰ ਤੇ ਹਥਿਆਰਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਮੁਕੱਦਮੇ ’ਚ ਲੋੜੀਂਦੇ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਕੱਦਮੇ ਦੀ ਤਫ਼ਤੀਸ਼ ਇੰਸਪੈਕਟਰ ਬਲਵੀਰ ਸਿੰਘ ਮੁੱਖ ਅਫ਼ਸਰ ਥਾਣਾ ਜੀ. ਆਰ. ਪੀ. ਜਲੰਧਰ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀ. ਜੀ. ਪੀ. ਪੰਜਾਬ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਸ ਤੇ ਰੇਲਵੇ ਪੁਲਸ ਦੇ ਆਲ੍ਹਾ ਅਧਿਕਾਰੀਆਂ ਦੀ ਦੇਖ-ਰੇਖ ’ਚ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਮੌਕੇ ਤੋਂ ਫੋਰੈਂਸਿਕ ਮਾਹਿਰਾਂ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ, ਬਰਾਮਦ ਹਥਿਆਰਾਂ ਆਦਿ ਨਾਲ ਪੁਲਸ ਟੀਮਾਂ ਕੌਮੀ ਮਾਰਗ ’ਤੇ ਲੁਧਿਆਣਾ ਤੋਂ ਜੰਮੂ ਤੱਕ ਲੱਗੇ ਟੋਲ ਪਲਾਜ਼ਾ ਅਤੇ ਹੋਰ ਸਥਾਨਾਂ ’ਤੇ ਲੱਗੇ ਸੀ. ਸੀ. ਟੀ. ਵੀਜ਼ ਦੀ ਫੁਟੇਜ ਖੰਗਾਲਣ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਵੀ ਦਬਿਸ਼ ਦੇ ਰਹੀ ਹੈ। ਰੇਲਵੇ ਪੁਲਸ ਦੇ ਡੀ. ਐੱਸ. ਪੀ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਮਾਮਲਾ ਮੀਟ ਤੇ ਖੱਲਾਂ ਦੀ ਸਮੱਗਲਿੰਗ ਦਾ ਹੀ ਲੱਗਦਾ ਹੈ।

Comment here