ਨਵੀਂ ਦਿੱਲੀ-ਮੀਡੀਆ ਰਿਪੋਰਟਾਂ ਮੁਤਾਬਕ ਟਵਿਟਰ ਦੇ ਸੈਨ ਫਰਾਂਸਿਸਕ ਹੈੱਡਕੁਆਰਟਰ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਤਸਵੀਰਾਂ ’ਚ ਦੇਖਿਆ ਜਾ ਰਿਹਾ ਹੈ ਕਿ ਟਵਿਟਰ ਦੇ ਮੁੱਖ ਦਫਤਰ ’ਚ ਬਿਸਤਰੇ ਲੱਗੇ ਹੋਏ ਹਨ। ਵਾਸ਼ਿੰਗ ਮਸ਼ੀਨ ਲੱਗੀ ਹੋਈ ਹੈ। ਏਲੋਨ ਮਸਕ ਨੇ ਦਫ਼ਤਰ ਦੀ ਕੁਝ ਥਾਂ ਨੂੰ ਬੈੱਡਰੂਮ ਵਿੱਚ ਬਦਲ ਦਿੱਤਾ ਹੈ। ਇਹ ਤਸਵੀਰਾਂ ਦਿਖਾਉਂਦੀਆਂ ਹਨ ਕਿ ਟਵਿੱਟਰ ਦਫਤਰ ਦੇ ਅੰਦਰ ਕਰਮਚਾਰੀਆਂ ਲਈ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਉਂਕਿ ਇਹ ਇਮਾਰਤ ਵਪਾਰਕ ਵਰਤੋਂ ਲਈ ਰਜਿਸਟਰਡ ਹੈ। ਇਸ ਲਈ ਸੈਨ ਫਰਾਂਸਿਸਕੋ ਡਿਪਾਰਟਮੈਂਟ ਆਫ ਬਿਲਡਿੰਗ ਇੰਸਪੈਕਸ਼ਨ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਹਰਕਤ ਵਿੱਚ ਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਫਤਰ ਦੇ ਅੰਦਰ ਲੱਗੇ ਹਨ ਬਿਸਤਰੇ
ਸੋਸ਼ਲ ਮੀਡੀਆ ’ਤੇ ਵਾਇਰਲ ਫੋਟੋ ’ਚ ਫਿਉਟਨ ਸੋਫੇ, ਬੈੱਡ ਸ਼ੀਟ, ਸਿਰਹਾਣੇ ਅਤੇ ਸੋਫੇ ਵੀ ਨਜ਼ਰ ਆ ਰਹੇ ਹਨ। ਮਸਕ ਨੇ ਦਫ਼ਤਰ ਨੂੰ ਬੈੱਡਰੂਮ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਤਸਵੀਰਾਂ ਬੀਬੀਸੀ ਨੂੰ ਮਿਲੀਆਂ ਹਨ। ਉਸ ਨੇ ਟਵਿੱਟਰ ਰਾਹੀਂ ਦੱਸਿਆ ਕਿ ਇਹ ਤਸਵੀਰਾਂ ਜੇਮਸ ਕਲੇਟਨ ਨੇ ਸਾਂਝੀਆਂ ਕੀਤੀਆਂ ਹਨ। ਜੇਮਸ ਕਲੇਟਨ ਨੇ ਤਸਵੀਰਾਂ ਪੋਸਟ ਕੀਤੀਆਂ, ਲਿਖਿਆ ਕਿ ਬੀਬੀਸੀ ਨੇ ਟਵਿੱਟਰ ਦੇ ਅੰਦਰ ਤਸਵੀਰਾਂ ਪ੍ਰਾਪਤ ਕੀਤੀਆਂ ਹਨ।
ਨਹਾਉਣ ਅਤੇ ਕੱਪੜੇ ਧੋਣ ਦੀ ਵਿਵਸਥਾ
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਫੋਟੋ ’ਚ ਅਲਮਾਰੀ, ਸੋਫੇ ਦੇ ਨਾਲ ਸਿੰਗਲ ਬੈੱਡ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਫੋਟੋ ’ਚ ਵਾਸ਼ਿੰਗ ਮਸ਼ੀਨ ਵੀ ਦਿਖਾਈ ਦੇ ਰਹੀ ਹੈ। ਇਸ ਦੇ ਨੇੜੇ ਨਹਾਉਣ ਲਈ ਇੱਕ ਛੋਟੀ ਜਿਹੀ ਜਗ੍ਹਾ ਵੀ ਦਿਖਾਈ ਦਿੰਦੀ ਹੈ। ਇੱਥੇ ਕਰਮਚਾਰੀ ਸੌਂ ਸਕਦੇ ਹਨ ਅਤੇ ਕੱਪੜੇ ਧੋ ਸਕਦੇ ਹਨ।
ਮਸਕ ਨੇ ਕੰਮ ਦੇ ਘੰਟੇ ਲੰਬੇ ਕਰਨ ਲਈ ਕਿਹਾ
ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ, ਮਸਕ ਨੇ ਕਰਮਚਾਰੀਆਂ ਨੂੰ 24 ਘੰਟੇ ਉਪਲਬਧ ਰਹਿਣ ਦੀ ਅਪੀਲ ਕੀਤੀ ਸੀ। ਮਸਕ ਖੁਦ ਵੀ ਕਈ ਵਾਰ ਟਵਿੱਟਰ ਦੇ ਹੈੱਡਕੁਆਰਟਰ ’ਤੇ ਰਹਿ ਚੁੱਕੇ ਹਨ। ਮਸਕ ਨੇ ਕਰਮਚਾਰੀਆਂ ਨੂੰ ਜ਼ਿਆਦਾ ਘੰਟੇ ਕੰਮ ਕਰਨ ਲਈ ਕਿਹਾ। ਇਸ ਤੋਂ ਬਾਅਦ ਕਈ ਕਰਮਚਾਰੀਆਂ ਨੇ ਅਸਤੀਫੇ ਦੇ ਦਿੱਤੇ ਸਨ। ਪਿਛਲੇ ਦਿਨੀਂ ਟਵਿੱਟਰ ਦੇ ਦਫਤਰ ਵਿਚ ਫਰਸ਼ ’ਤੇ ਸਲੀਪਿੰਗ ਬੈਗ ਵਿਚ ਸੌਂ ਰਹੇ ਇਕ ਕਰਮਚਾਰੀ ਦੀ ਫੋਟੋ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ।
Comment here