ਅਪਰਾਧਸਿਆਸਤਖਬਰਾਂ

ਟਰੰਪ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਖਾਤੇ ਮੁੜ ਬਹਾਲ!

ਸਾਨ ਫਰਾਂਸਿਸਕੋ-‘ਮੈਟਾ’ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤਿਆਂ ਨੂੰ 2 ਸਾਲਾਂ ਦੀ ਮੁਅੱਤਲੀ ਤੋਂ ਬਾਅਦ ਮੁੜ ਬਹਾਲ ਕਰ ਦਿੱਤਾ ਹੈ। ਅਮਰੀਕੀ ਸੰਸਦ ਕੰਪਲੈਕਸ (ਕੈਪੀਟਲ ਹਿੱਲ) ‘ਤੇ 6 ਜਨਵਰੀ, 2021 ਨੂੰ ਹੋਏ ਹਮਲੇ ਤੋਂ ਬਾਅਦ ਫੇਸਬੁੱਕ ਨੇ 7 ਜਨਵਰੀ, 2021 ਨੂੰ ਟਰੰਪ ਦੇ ਖਾਤੇ ਨੂੰ ਮੁਅੱਤਲ ਕਰ ਦਿੱਤਾ ਸੀ। ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਉਹ ਇਹ ਯਕੀਨੀ ਕਰਨ ਲਈ ਨਵੇਂ ਨਿਯਮ ਜੋੜ ਰਹੀ ਹੈ ਕਿ ਕਿਸੇ ਵੱਲੋਂ ਵੀ ਨਿਯਮਾਂ ਦੀ ਦੁਬਾਰਾ ਉਲੰਘਣਾ ਨਾ ਕੀਤੀ ਜਾਵੇ।
‘ਮੈਟਾ’ ਨੇ ਇਕ ਬਿਆਨ ‘ਚ ਕਿਹਾ, ”ਜੇਕਰ ਟਰੰਪ ਆਪਣੀ ਪੋਸਟ ਰਾਹੀਂ ਉਲੰਘਣਾ ਨੂੰ ਦੁਹਰਾਉਂਦੇ ਹਨ ਤਾਂ ਉਸ ਉਲੰਘਣਾ ਦੀ ਗੰਭੀਰਤਾ ਦੇ ਆਧਾਰ ‘ਤੇ ਉਨ੍ਹਾਂ ਦਾ ਖਾਤਾ ਇਕ ਮਹੀਨੇ ਤੋਂ ਦੋ ਸਾਲ ਦੇ ਸਮੇਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ।” ਟਰੰਪ ਦੇ ਬੁਲਾਰੇ ਨਾਲ ਇਸ ਸਬੰਧੀ ਜਾਣਨ ਲਈ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਵੀ ਉਨ੍ਹਾਂ ਦਾ ਖਾਤਾ ਪਲੇਟਫਾਰਮ ਤੋਂ ਹਟਾ ਦਿੱਤਾ ਸੀ, ਪਰ ਹਾਲ ਹੀ ਵਿੱਚ ਏਲਨ ਮਸਕ ਵੱਲੋਂ ਕੰਪਨੀ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਖਾਤੇ ਨੂੰ ਬਹਾਲ ਕਰ ਦਿੱਤਾ ਗਿਆ।
ਮੁੱਖ ਧਾਰਾ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲੱਗਣ ਤੋਂ ਬਾਅਦ ਟਰੰਪ ਆਪਣੀ ਖੁਦ ਦੀ ਸਾਈਟ, ‘ਟਰੂਥ ਸੋਸ਼ਲ’ ਰਾਹੀਂ ਆਪਣੀ ਗੱਲ ਰੱਖ ਰਹੇ ਹਨ। ਟਵਿੱਟਰ ‘ਤੇ ਉਨ੍ਹਾਂ ਦਾ ਖਾਤਾ ‘ਬਲਾਕ’ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਜਾਰੀ ਕੀਤਾ ਸੀ।

Comment here