ਵਾਸ਼ਿੰਗਟਨ-ਅਮਰੀਕਾ ‘ਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ‘ਚ ਲੱਗੇ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਐਤਵਾਰ ਨੂੰ ਕਿਹਾ ਕਿ ਉਹ ਨਵੰਬਰ 2024 ਦੀਆਂ ਆਮ ਚੋਣਾਂ ‘ਚ ਆਪਣੀ ਪਾਰਟੀ ਦੇ ਉਮੀਦਵਾਰ ਬਣਨ ਦੀ ਉਮੀਦ ਕਰਦੇ ਹਨ, ਪਰ ਜੇਕਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲਿਕਨ ਉਮੀਦਵਾਰ ਬਣਦੇ ਹਨ ਤਾਂ ਮੈਂ ਉਹਨਾਂ ਦਾ ਸਮਰਥਨ ਕਰਾਂਗਾ।
ਐਤਵਾਰ ਨੂੰ ਇੱਕ ‘ਟਾਕ ਸ਼ੋਅ’ ‘ਚ ਆਪਣੇ ਵਿਚਾਰ ਸਾਂਝੇ ਕਰਦਿਆਂ 38 ਸਾਲਾ ਭਾਰਤੀ ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਟਰੰਪ ਨੂੰ ਮੁਆਫ ਕਰ ਦੇਣਗੇ। ਸਾਬਕਾ ਰਾਸ਼ਟਰਪਤੀ ਟਰੰਪ ਇਸ ਸਮੇਂ ਕਈ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਰਾਮਾਸਵਾਮੀ ਨੇ ਅਮਰੀਕਾ ਦੇ ਇੱਕ ਨਿਊਜ਼ ਚੈਨਲ ਨੂੰ ਕਿਹਾ ਕਿ ਡੋਨਾਲਡ ਟਰੰਪ ਦਾ ਮੈਂ ਸਮਰਥਨ ਕਰਾਂਗਾ ਤੇ ਟਰੰਪ ਦਾ ਸਮਰਥਨ ਕਰਨ ਨਾਲ ਦੇਸ਼ ਨੂੰ ਇਕਜੁੱਟ ਕਰਨ ‘ਚ ਮਦਦ ਮਿਲੇਗੀ।
ਰਾਮਾਸਵਾਮੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਜੋ ਬਾਈਡਨ ਦੇਸ਼ ਨੂੰ ਅੱਗੇ ਲਿਜਾਣ ਲਈ ਕਾਰਗਰ ਸਿੱਧ ਹੋਣਗੇ, ਮੈਨੂੰ ਨਹੀਂ ਲੱਗਦਾ ਕਿ ਕਮਲਾ ਹੈਰਿਸ ਜਾਂ ਕੋਈ ਹੋਰ ਹੈ ਜੋ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ, ਇਸ ਲਈ ਮੈਂ ਇਹਨਾਂ ਦਾ ਸਮਰਥਨ ਨਹੀਂ ਕਰ ਰਿਹਾ ਹਾਂ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ਼ੁਰੂਆਤੀ ਰਿਪਬਲਿਕਨ ‘ਪ੍ਰਾਇਮਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ’ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਾਮਾਸਵਾਮੀ ਦੀ ਲੋਕਪ੍ਰਿਅਤਾ ਵਧੀ ਹੈ। ਉਹਨਾਂ ਦਾ ਮੁਕਾਬਲਾ ਇੱਕ ਹੋਰ ਭਾਰਤੀ ਅਮਰੀਕੀ ਨਿੱਕੀ ਹੈਲੀ ਨਾਲ ਵੀ ਹੈ, ਜੋ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਹੈ।
ਰਾਮਾਸਵਾਮੀ ਨੇ ਕਿਹਾ ਕਿ ਮੈਂ ਅਮਰੀਕੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਇਹ ਵਿਜ਼ਨ ਦੇਣਾ ਚਾਹੁੰਦਾ ਹਾਂ ਕਿ ਅਸੀਂ ਦੇਸ਼ ਨੂੰ ਇਕਜੁੱਟ ਕਰਨ ਦੇ ਯੋਗ ਹੋਣਾ ਹੈ। ਕੌਮੀ ਸਵੈਮਾਣ ਨੂੰ ਅਗਲੀ ਪੀੜ੍ਹੀ ਵਿੱਚ ਮੁੜ੍ਹ ਸੁਰਜੀਤ ਕਰਨਾ ਚਾਹੀਦਾ ਹੈ। ਵਿਵੇਕ ਨੇ ਕਿਹਾ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਮੈਂ ਟਰੰਪ ਦੇ ਖਿਲਾਫ ਲੜ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਿਰਫ ਆਪਣੇ ਦੇਸ਼ ਲਈ ਲੜ ਰਿਹਾ ਹਾਂ ਅਤੇ ਰਾਸ਼ਟਰੀ ਏਕਤਾ ਲਈ ਕੰਮ ਕਰ ਰਿਹਾ ਹਾਂ।
ਟਰੰਪ ਦੇ ਉਮੀਦਵਾਰ ਬਣਨ ‘ਤੇ ਕਰਾਂਗਾ ਸਮਰਥਨ : ਰਾਮਾਸਵਾਮੀ

Comment here