ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਟਰੈਫਿਕ ਨਿਯਮ ਤੋੜਨ ‘ਤੇ ਪੰਜਾਬ ਚ ਜੁਰਮਾਨੇ ਨਾਲ ਅਜਬ ਗਜਬ ਸਜ਼ਾ

ਚੰਡੀਗੜ-ਪੰਜਾਬ ਵਿੱਚ ਟਰੈਫਿਕ ਨਿਯਮਾਂ ਨੂੰ ਵੱਡੀ ਗਿਣਤੀ ਲੋਕ ਟਿੱਚ ਹੀ ਜਾਣਦੇ ਹਨ, ਪਰ ਹੁਣ ਅਜਿਹਾ ਨਹੀਂ ਹੋਵੇਗਾ, ਟਰਾਂਸਪੋਰਟ ਵਿਭਾਗ ਸਖਤ ਹੋ ਗਿਆ ਹੈ, ਵਿਭਾਗ ਵੱਲੋਂ ਨਵੇਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਟ੍ਰੈਫਿਕ ਨਿਯਮ ਤੋੜਨ ਲਈ ਅਨੋਖੀ ਸਜ਼ਾ ਵੀ ਤੈਅ ਕੀਤੀ ਗਈ ਹੈ। ਹੁਣ ਤੋਂ ਨਾ ਸਿਰਫ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਮੋਟਾ ਜੁਰਮਾਨਾ ਭਰਨਾ ਪਵੇਗਾ, ਸਗੋਂ ਖੂਨਦਾਨ ਕਰਨ ਤੋਂ ਲੈ ਕੇ 9ਵੀਂ ਤੋਂ 12ਵੀਂ ਤੱਕ ਦੇ ਘੱਟੋ-ਘੱਟ 20 ਵਿਦਿਆਰਥੀਆਂ ਨੂੰ ਦੋ ਘੰਟੇ ਨਜ਼ਦੀਕੀ ਸਕੂਲ ‘ਚ ਪੜ੍ਹਾਉਣਾ ਪਵੇਗਾ। ਇਸ ਦੌਰਾਨ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਪੜ੍ਹਾਇਆ ਜਾਵੇਗਾ। ਨਵੇਂ ਨਿਯਮਾਂ ਦੇ ਤਹਿਤ, ਓਵਰ ਸਪੀਡ ‘ਤੇ ਗੱਡੀ ਚਲਾਉਣ ‘ਤੇ ਪਹਿਲੀ ਵਾਰ 1000 ਰੁਪਏ ਦਾ ਚਲਾਨ ਹੋਵੇਗਾ ਅਤੇ ਨਾਲ ਹੀ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾਵੇਗਾ। ਜਦੋਂਕਿ ਉਹੀ ਗਲਤੀ ਦੂਜੀ ਵਾਰ ਦੁਹਰਾਉਣ ‘ਤੇ ਜੁਰਮਾਨਾ ਦੁੱਗਣਾ ਹੋਵੇਗਾ। ਇੰਨਾ ਹੀ ਨਹੀਂ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਸ ਦੌਰਾਨ ਰਿਫਰੈਸ਼ਰ ਕੋਰਸ ਵੀ ਕਰਵਾਉਣਾ ਪਵੇਗਾ ਅਤੇ ਨਜ਼ਦੀਕੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਦੋ ਘੰਟੇ ਲੈਕਚਰ ਵੀ ਦੇਣਾ ਹੋਵੇਗਾ। ਇਸ ਤੋਂ ਬਾਅਦ ਨੋਡਲ ਅਫਸਰ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਿਯਮਾਂ ਨੂੰ ਤੋੜਨ ਦੀ ਸੂਰਤ ਵਿੱਚ ਕਮਿਊਨਿਟੀ ਸਰਵਿਸ ਦੇ ਤਹਿਤ ਨਜ਼ਦੀਕੀ ਹਸਪਤਾਲ ਦਾ ਵਿਕਲਪ ਵੀ ਹੋਵੇਗਾ। ਜਿੱਥੇ ਡਾਕਟਰ ਜਾਂ ਇੰਚਾਰਜ ਦੁਆਰਾ ਦੱਸੇ ਅਨੁਸਾਰ ਕੰਮ ਲਗਭਗ ਦੋ ਘੰਟੇ ਕਰਨਾ ਹੋਵੇਗਾ ਜਾਂ ਘੱਟੋ-ਘੱਟ ਇੱਕ ਯੂਨਿਟ ਖੂਨ ਦਾਨ ਕਰਨਾ ਹੋਵੇਗਾ। ਇਸ ਦੇ ਨਾਲ ਹੀ ਲਾਲ ਬੱਤੀ ਜੰਪ ਕਰਨ ਤੋਂ ਬਾਅਦ ਵੀ ਪਹਿਲੀ ਵਾਰ 1000 ਰੁਪਏ ਦਾ ਚਲਾਨ ਅਤੇ ਲਾਇਸੈਂਸ ਸਸਪੈਂਡ ਕੀਤਾ ਜਾਵੇਗਾ। ਜਦਕਿ ਦੂਜੀ ਵਾਰ 2000 ਰੁਪਏ ਦਾ ਚਲਾਨ ਦੇਣਾ ਹੋਵੇਗਾ। ਇਸ ਦੇ ਨਾਲ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਮੋਬਾਈਲ ਫੋਨ ‘ਤੇ ਗੱਲ ਕਰਦੇ ਸਮੇਂ ਗੱਡੀ ਚਲਾਉਣ ‘ਤੇ 5000 ਰੁਪਏ ਦਾ ਚਲਾਨ ਅਤੇ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੂਜੀ ਵਾਰ ਜੁਰਮਾਨੇ ਦੀ ਰਕਮ ਵਧ ਕੇ 10 ਹਜ਼ਾਰ ਹੋ ਜਾਵੇਗੀ। ਇਸ ਦੇ ਨਾਲ ਹੀ ਰਿਫਰੈਸ਼ਰ ਕੋਰਸ ਜਾਂ ਕਮਿਊਨਿਟੀ ਸੇਵਾਵਾਂ ਵੀ ਕਰਨੀਆਂ ਪੈਣਗੀਆਂ। ਦੋ ਪਹੀਆ ਵਾਹਨਾਂ ‘ਤੇ 3 ਯਾਤਰੀਆਂ ਨੂੰ ਬਿਠਾਉਣ ਵਾਲਿਆਂ ‘ਤੇ ਵੀ ਇਸ ਵਾਰ ਸਖ਼ਤੀ ਕੀਤੀ ਗਈ ਹੈ। ਪਹਿਲੀ ਵਾਰ 1000 ਅਤੇ ਦੂਜੀ ਵਾਰ 2000 ਰੁਪਏ ਅਤੇ ਲਾਇਸੈਂਸ ਮੁਅੱਤਲ ਦਾ ਸਾਹਮਣਾ ਕਰਨਾ ਪਵੇਗਾ।

Comment here