ਅਪਰਾਧਸਿਆਸਤਖਬਰਾਂਦੁਨੀਆ

ਟਰੂਡੋ ਦੀ ਮੁਸਲਮਾਨਾਂ ਖਿਲਾਫ ਨਫਰਤ ਖਤਮ ਕਰਨ ਦੀ ਅਪੀਲ, ਇਮਰਾਨ ਵਲੋਂ ਸਵਾਗਤ

ਇਸਲਾਮਾਬਾਦ/ਟੋਰਾਂਟੋ -2017 ਦੀ ਕਿਊਬੇਕ ਮਸਜਿਦ ਹਮਲਿਆਂ ਦੀ ਪੰਜਵੀਂ ਬਰਸੀ ‘ਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਟਵੀਟ ਜ਼ਰੀਏ ਇਸਲਾਮੋਫੋਬੀਆ ਦੀ ਨਿੰਦਾ ਕੀਤੀ ਹੈ ਅਤੇ ਮੁਸਲਮਾਨਾਂ ਖ਼ਿਲਾਫ਼ ਨਫਰਤ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਸਟਿਨ ਟਰੂਡੋ ਦੇ ‘ਇਸਲਾਮੋਫੋਬੀਆ’ ਨਾਲ ਜੁੜੇ ਇਕ ਬਿਆਨ ਦਾ ਸਵਾਗਤ ਕੀਤਾ। ਕਿਊਬੇਕ ਹਮਲੇ ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮਸਜਿਦ ਵਿਚ ਹੋਈ ਗੋਲੀਬਾਰੀ ਵਿਚ ਛੇ ਮੁਸਲਮਾਨ ਮਾਰੇ ਗਏ ਅਤੇ 19 ਜ਼ਖਮੀ ਹੋਏ ਸਨ। ਹਮਲਿਆਂ ਦੀ ਬਰਸੀ ‘ਤੇ 29 ਜਨਵਰੀ ਨੂੰ ਕੈਨੇਡਾ ਦੀ ਨਸਲਵਾਦ ਵਿਰੋਧੀ ਨੀਤੀ ਦੇ ਤਹਿਤ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਟਰੂਡੋ ਨੇ ਇਕ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕਰਨ ਦੀ ਵੀ ਘੋਸ਼ਣਾ ਕੀਤੀ। 2021 ਵਿਚ ਕੈਨੇਡਾ ਨੇ ਘੋਸ਼ਣਾ ਕੀਤੀ ਸੀ ਕਿ ਉਹ ਇਸ ਦਿਨ ਨੂੰ ਮਰਨ ਵਾਲਿਆਂ ਦੀ ਯਾਦ ਵਿਚ ਰਾਸ਼ਟਰੀ ਯਾਦ ਦਿਵਸ ਦੇ ਰੂਪ ਵਿਚ ਮਨਾਏਗਾ।  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਇਸਲਾਮੋਫੋਬੀਆ ਅਸਵੀਕਾਰਯੋਗ ਹੈ। ਇਸ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਨੂੰ ਇਸ ਨਫਰਤ ਨੂੰ ਖ਼ਤਮ ਕਰਨ ਅਤੇ ਆਪਣੇ ਦੇਸ਼ ਨੂੰ ਮੁਸਲਿਮ ਕੈਨੇਡੀਅਨ ਲੋਕਾਂ ਲਈ ਸੁਰੱਖਿਅਤ ਬਣਾਉਣ ਦੀ ਲੋੜ ਹੈ। ਇਸ  ਲਈ ਅਸੀਂ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਇਕ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕਰਨ ਦਾ ਇਰਾਦਾ ਰੱਖਦੇ ਹਾਂ। ਇਸ ਮਗਰੋਂ ਇਮਰਾਨ ਖਾਨ ਨੇ ਟਰੂਡੋ ਦੇ ਇਸ ਬਿਆਨ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸਲਾਮੋਫੋਬੀਆ ਦੀ ਨਿੰਦਾ ਅਤੇ ਇਸ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਇਕ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕਰਨ ਦੀ ਉਹਨਾਂ ਦੀ ਯੋਜਨਾ ਦਾ ਸਵਾਗਤ ਕਰਦਾ ਹਾਂ। ਉਹ ਜਿਹੜੀ ਕਾਰਵਾਈ ਦੀ ਗੱਲ ਕਰ ਰਹੇ ਹਨ, ਲੰਬੇਂ ਸਮੇਂ ਤੋਂ ਅਸੀਂ ਉਸ ਦੀ ਮੰਗ ਕਰਦੇ ਆਏ ਹਾਂ। ਆਓ ਇਸ ਖਤਰੇ ਨੂੰ ਖ਼ਤਮ ਕਰਨ ਲਈ ਹੱਥ ਮਿਲਾਈਏ। ਵਿਸ਼ੇਸ਼ ਪ੍ਰਤੀਨਿਧੀ ਦੀ ਨਿਯੁਕਤੀ ਸਬੰਧੀ ਕੈਨੇਡਾ ਨੇ ਇਕ ਬਿਆਨ ਵੀ ਜਾਰੀ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸਲਾਮੋਫੋਬੀਆ ਕੈਨੇਡਾ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਲਈ ਇਕ ਅਸਲੀਅਤ ਹੈ। ਬਿਆਨ ਵਿਚ ਕਿਹਾ ਗਿਆ ਕਿ ਕਿਊਬੇਕ ਵਿਚ ਮਸਜਿਦ ‘ਤੇ ਹਮਲੇ ਦੀ ਪੰਜਵੀਂ ਬਰਸੀ ਮੌਕੇ ਕੈਨੇਡਾ ਸਰਕਾਰ ਪੂਰੇ ਦੇਸ਼ ਵਿਚ ਮੁਸਲਿਮ ਭਾਈਚਾਰਿਆਂ ਨਾਲ ਖੜ੍ਹੀ ਹੈ ਅਤੇ ਉਹਨਾਂ ਦਾ ਸਮਰਥਨ ਕਰਦੀ ਹੈ। ਸਰਕਾਰ ਇਸਲਾਮੋਫੋਬੀਆ ਦੀ ਨਿੰਦਾ ਕਰਨ ਅਤੇ ਨਫਰਤ ਫੈਲਾਉਣ ਵਾਲੀ ਹਿੰਸਾ ਨਾਲ ਨਜਿੱਠਣ ਲਈ ਕਾਰਵਾਈ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਵਿਸ਼ੇਸ਼ ਪ੍ਰਤੀਨਿਧੀ ਦੀ ਨਿਯੁਕਤੀ ਕੈਨੇਡਾ ਦੀ ਨਸਲਵਾਦ ਵਿਰੋਧੀ ਰਣਨੀਤੀ ਦੇ ਤਹਿਤ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਸਰਕਾਰ ਦੇ ਚੱਲ ਰਹੇ ਕੰਮ ਵਿਚ ਇਕ ਹੋਰ ਵਾਧੂ ਕਦਮ ਹੋਵੇਗਾ। ਬਿਆਨ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਿਛਲੇ ਸਾਲ ਜੁਲਾਈ ਵਿਚ ਆਯੋਜਿਤ ਇਸਲਾਮੋਫੋਬੀਆ ‘ਤੇ ਇਕ ਸੰਮੇਲਨ ਵਿਚ ਪ੍ਰਤੀਨਿਧੀ ਨੂੰ ਨਿਯੁਕਤ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਟਰੂਡੋ ਧਰਮ ਨਿਰਪੱਖ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ।

Comment here