ਸਿਆਸਤਖਬਰਾਂ

ਝੋਨੇ ਦੀ ਸਿੱਧੀ ਬਿਜਾਈ ਦੀ ਮੁੱਖ ਮੰਤਰੀ ਮਾਨ ਦੇ ਪਿੰਡ ਤੋਂ ਸ਼ੁਰੂਆਤ

ਸੰਗਰੂਰ-ਪੰਜਾਬ ਸਰਕਾਰ ਨੇ ਇਸ ਵਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਫਿਕਰ ਕਰਦਿਆਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਅਤੇ ਇਸ ਤਕਨੀਕ ਨਾਲ ਝੋਨਾ ਬੀਜਣ ਵਾਲਿਆਂ ਨੂੰ 1500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪੰਜਾਬ ਖੇਤੀਬਾਡ਼ੀ ਯੂਨੀਵਰਸਟੀ, ਲੁਧਿਆਣਾ ਵੱਲੋਂ ਆਈ ਵਿਸ਼ੇਸ਼ ਟੀਮ ਵੱਲੋਂ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਦੀ ਹਾਜ਼ਰੀ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕੀਤੀ ਗਈ। ਮਾਤਾ ਹਰਪਾਲ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਪਿੰਡ ਸਤੌਜ ਤੋਂ ਸ਼ੁਰੂ ਕਰਨ ਦਾ ਜੋ ਫੈਸਲਾ ਲਿਆ ਹੈ, ਉਸ ਦੀ ਸਰਾਹਨਾ ਕਰਦੇ ਹਨ ਕਿਉਂਕਿ ਭਗਵੰਤ ਹਮੇਸ਼ਾ ਪਿੰਡ ਨਾਲ ਜੁਡ਼ਿਆ ਰਿਹਾ ਹੈ ਤੇ ਜੁਡ਼ਿਆ ਰਹੇਗਾ। ਪੀ.ਏ.ਯੂ. ਦੇ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਜੇਡੀਏ ਇਨਪੁਟਸ (ਖਾਦਾਂ), ਡਾ. ਮੱਖਣ ਸਿੰਘ ਭੁੱਲਰ ਅਤੇ ਡਾ. ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ 6 ਲੱਖ ਹੈਕਟੇਅਰ ਰਕਬੇ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜਦਕਿ ਇਸ ਵਾਰ 12 ਲੱਖ ਹੈਕਟੇਅਰ ’ਤੇ ਬਿਜਾਈ ਕੀਤੇ ਜਾਣ ਦਾ ਅਨੁਮਾਨ ਹੈ। ਝੋਨੇ ਦੀ ਸਿੱਧੀ ਬਿਜਾਈ ਵਾਸਤੇ 2677 ਡੀਐਸਆਰ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ 154 ਡੀਐਸਆਰ ਮਸ਼ੀਨਾਂ ਜ਼ਿਲ੍ਹਾ ਸੰਗਰੂਰ ਵਾਸਤੇ ਦਿੱਤੀਆਂ ਗਈਆਂ ਹਨ। ਪਿੰਡ ਸਤੌਜ ਵਿਖੇ ਬਿਜਾਈ ਕਰਨ ਵਾਸਤੇ ਪੀਏਯੂ ਵੱਲੋਂ ਲੱਕੀ ਸੀਡਰ ਡੀਐਸਆਰ ਮਸ਼ੀਨ ਅਤੇ ਇੱਕ ਡੀਐਸਆਰ ਮਸ਼ੀਨ ਸਮੇਤ ਟਰੈਕਟਰ ਜਗਤਜੀਤ ਗਰੁੱਪ ਚੀਮਾ ਮੰਡੀ ਵੱਲੋਂ ਦਿੱਤੀ ਗਈ ਹੈ। ਕਿਸਾਨ ਧਰਮ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੀ ਵਾਰ ਵੀ ਸਿੱਧੀ ਬਿਜਾਈ ਕੀਤੀ ਸੀ ਤੇ ਇਸ ਵਾਰ ਉਨ੍ਹਾਂ ਦੇ ਪਿੰਡ ਦਾ ਮੁੱਖ ਮੰਤਰੀ ਹੋਣ ਕਾਰਨ ਵੱਧ ਤੋਂ ਵੱਧ ਸਿੱਧੀ ਬਿਜਾਈ ਕਰਨ ਵੱਲ ਧਿਆਨ ਦੇਣਗੇ। ਨੰਬਰਦਾਰ ਗੁਰਮੀਤ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੀ ਤਕਰੀਬਨ 40 ਏਕਡ਼ ਜ਼ਮੀਨ ਠੇਕੇ ’ਤੇ ਦਿੱਤੀ ਹੋਈ ਹੈ ਜਿਸ ਵਿੱਚ ਕਿਸਾਨ ਜਿੰਨੇ ਏਕਡ਼ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨਗੇ ਤਾਂ ਉਹ ਪ੍ਰਤੀ ਏਕਡ਼ 1100 ਰੁਪਏ ਕਿਸਾਨ ਨੂੰ ਰਾਹਤ ਵਜੋਂ ਦੇਣਗੇ। ਮੁੱਖ ਮੰਤਰੀ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਕਿ ਪਾਣੀ ਦੇ ਲੈਵਲ ਨੂੰ ਬਰਕਰਾਰ ਰੱਖਿਆ ਜਾ ਸਕੇ।

 

Comment here