ਅਪਰਾਧਸਿਆਸਤਖਬਰਾਂ

ਝੂਠੇ ਮੁਕਾਬਲੇ ਦੇ ਦੋਸ਼ੀ 2 ਪੁਲਿਸ ਮੁਲਾਜ਼ਮ ਤੇ ਅਕਾਲੀ ਆਗੂ ਨੂੰ ਉਮਰ ਕੈਦ

ਜਮਾਲਪੁਰ ਚ ਮਾਰੇ ਗਏ ਸੀ ਦੋ ਸਕੇ ਭਰਾ

ਲੁਧਿਆਣਾ-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ‘ਵਿਚ 8 ਸਾਲ ਪਹਿਲਾਂ ਪੁਲਿਸ ਵਲੋਂ ਫ਼ਰਜ਼ੀ ਮੁਕਾਬਲਾ ਕਰਕੇ 2 ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ‘ਵਿਚ ਅਦਾਲਤ ਨੇ ਇਕ ਅਕਾਲੀ ਆਗੂ, ਪੁਲਿਸ ਕਾਂਸਟੇਬਲ ਤੇ ਹੋਮਗਾਰਡ ਦੇ ਜਵਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਰਾਜ ਕੁਮਾਰ ਗਰਗ ਨੇ ਦੋਸ਼ੀਆਂ ਨੂੰ 1 ਲੱਖ 7 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ, ਜਿਸ ‘ਵਿਚੋਂ ਪੀੜਤ ਪਰਿਵਾਰ ਨੂੰ 1 ਲੱਖ ਰੁਪਏ ਦੇਣ ਬਾਰੇ ਵੀ ਅਦਾਲਤ ਵਲੋਂ ਹੁਕਮ ਜਾਰੀ ਕੀਤੇ ਗਏ ਹਨ, ਜਦਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਵੀ ਅਦਾਲਤ ਨੇ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਘਟਨਾ ਵਾਲੇ ਦਿਨ ਆਹਲੂਵਾਲੀਆ ਕਾਲੋਨੀ ‘ਵਿਚ ਦੋਵੇਂ ਨੌਜਵਾਨ ਇਕ ਕਿਰਾਏ ਦੇ ਕਮਰੇ ‘ਵਿਚ ਰਹਿ ਰਹੇ ਸਨ ਕਿ ਥਾਣਾ ਮਾਛੀਵਾੜਾ ਦੇ ਐਸ. ਐਚ. ਓ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਘਰ ‘ਤੇ ਧਾਵਾ ਬੋਲ ਦਿੱਤਾ ਤੇ ਪੁਲਿਸ ਵਲੋਂ ਚਲਾਈਆਂ ਗੋਲੀਆਂ ਨਾਲ ਦੋ ਦਲਿਤ ਭਰਾਵਾਂ ਹਰਿੰਦਰ ਸਿੰਘ ਲਾਲੀ ਤੇ ਜਤਿੰਦਰ ਸਿੰਘ ਉਰਫ਼ ਗੋਲਡੀ ਦੀ ਮੌਤ ਹੋ ਗਈ। ਇਹ ਦੋਵੇਂ ਸਮਰਾਲਾ ਨੇੜਲੇ ਖੇਤਰ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ‘ਵਿਚ ਸਿਪਾਹੀ ਯਾਦਵਿੰਦਰ ਸਿੰਘ, ਪੰਜਾਬ ਹੋਮਗਾਰਡ ਦਾ ਜਵਾਨ ਅਜੀਤ ਸਿੰਘ ਤੇ ਅਕਾਲੀ ਆਗੂ ਗੁਰਜੀਤ ਸਿੰਘ ਸੈਮ ਸ਼ਾਮਿਲ ਹਨ।ਸਾਬਕਾ ਪੁਲਿਸ ਮੁਲਾਜ਼ਮਾਂ ਯਾਦਵਿੰਦਰ ਸਿੰਘ ਅਤੇ ਅਜੀਤ ਸਿੰਘ ਨੂੰ 37-37 ਹਜ਼ਾਰ ਅਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਸੈਮ ਨੂੰ 35 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਮਾਮਲੇ ‘ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਉਸ ਵੇਲੇ ਦੇ ਐਸ. ਐਚ. ਓ. ਮਨਜਿੰਦਰ ਸਿੰਘ ਤੇ ਰੀਡਰ ਸੁਖਬੀਰ ਸਿੰਘ ਖ਼ਿਲਾਫ਼ ਭਗੌੜੇ ਦੀ ਕਾਰਵਾਈ ਚੱਲ ਰਹੀ ਹੈ। ਅਦਾਲਤ ਵਲੋਂ ਹੋਮਗਾਰਡ ਦੇ ਇਕ ਹੋਰ ਜਵਾਨ ਬਲਦੇਵ ਸਿੰਘ ਨੂੰ ਸਬੂਤਾਂ ਦੀ ਘਾਟ ਦੱਸ ਕੇ ਬਰੀ ਕੀਤਾ ਗਿਆ ਹੈ।
ਜਿਸ ਬਾਰੇ ਪੀੜਤਾਂ ਦੇ ਪਰਿਵਾਰ ਦਾ ਕਹਿਣਾ ਹੈ ਉਹ ਇਸ ਸਬੰਧੀ ਹਾਈਕੋਰਟ ਵਿੱਚ ਅਪੀਲ ਵੀ ਕਰਨਗੇ।ਇਸ ਮਾਮਲੇ ਵਿੱਚ ਦੋ ਮੁਲਜ਼ਮ ਭਗੌੜੇ ਵੀ ਹਨ। ਸਾਬਕਾ ਪੁਲਿਸ ਇੰਸਪੈਕਟਰ ਮਨਜਿੰਦਰ ਸਿੰਘ ਅਤੇ ਉਨ੍ਹਾਂ ਦਾ ਹੀ ਇੱਕ ਹੋਰ ਸਾਥੀ ਪੁਲਿਸ ਮੁਲਾਜ਼ਮ। ਜਿਸ ਦੀ ਪੁਲਿਸ ਨੂੰ ਤਲਾਸ਼ ਹੈ।
ਪੀੜਤ ਪਰਿਵਾਰ ਨੇ ਇਸ ਮਾਮਲੇ ਵਿੱਚ ਫਰਾਰ ਮੁਲਜ਼ਮਾਂ ਐੱਸਐੱਚਓ ਮਨਜਿੰਦਰ ਸਿੰਘ ਤੇ ਸੁਖਬੀਰ ਸਿੰਘ  ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਅਦਾਲਤ ਵਿੱਚ ਅਪੀਲ ਕੀਤੀ ਗਈ ਹੈ।
ਐਨਕਾਊਂਟਰ ਵਿੱਚ ਮਾਰੇ ਗਏ ਮੁੰਡੇ ਕੌਣ ਸਨ
 ਮਾਛੀਵਾੜਾ ਦੇ ਬੋਹਾਪੁਰ ਪਿੰਡ ਦੇ ਰਹਿਣ ਵਾਲੇ ਦੋਵੇਂ ਸਕੇ ਭਰਾਵਾਂ ਵਿੱਚੋਂ ਜਤਿੰਦਰ ਸਿੰਘ 2014 ਵਿੱਚ ਆਪਣੀ ਪੜ੍ਹਾਈ ਪੂਰੀ ਕਰ ਕੇ ਪੀਸੀਐੱਸ ਦੀ ਤਿਆਰੀ ਕਰ ਰਿਹਾ ਸੀ ਤੇ ਉਸ ਦਾ ਛੋਟਾ ਭਰਾ ਉਸ ਵੇਲੇ ਆਪਣੀ ਡਿਗਰੀ ਪੂਰੀ ਕਰਨ ਦੇ ਨਾਲ ਨਾਲ ਨੌਕਰੀ ਕਰ ਰਿਹਾ ਸੀ।ਇਸ ਦੌਰਾਨ ਸਰਪੰਚ ਗੁਰਜੀਤ ਸਿੰਘ ਸੈਮ ਨੇ ਇਨ੍ਹਾਂ ਦੋਵਾਂ ਖਿਲਾਫ਼ ਮਾਛੀਵਾੜਾ ਥਾਣੇ ਵਿੱਚ ਕਿਸੇ ਲੜਾਈ ਝਗੜੇ ਦੇ ਮਾਮਲੇ ਵਿੱਚ ਇਰਾਦਾ ਕਤਲ ਦਾ ਪਰਚਾ ਦਰਜ ਕਰਵਾਇਆ ਸੀ ਜਿਸ ਦੀ ਪਰਿਵਾਰ ਵਲੋਂ ਵੱਡੇ ਅਫਸਰਾਂ ਅੱਗੇ ਪੇਸ਼ ਹੋ ਕੇ ਜਾਂਚ ਕਰਵਾਈ ਗਈ ਸੀ।
ਦੋਵੇਂ ਭਰਾ ਲੁਧਿਆਣਾ ਦੀ ਆਹਲੂਵਾਲੀਆ ਕਲੋਨੀ ਦੇ ਪੀਜੀ ਵਿੱਚ ਰਹਿ ਰਹੇ ਸਨ ਕਿ ਅਚਾਨਕ ਮਾਛੀਵਾੜਾ ਪੁਲਿਸ ਤੇ ਸਰਪੰਚ ਨੇ ਆ ਕੇ ਉਥੇ ਧਾਵਾ ਬੋਲ ਦਿੱਤਾ।ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਦੋਵਾਂ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਇਸ ਨੂੰ ਐਨਕਾਊਂਟਰ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।ਜਿਸ ਤੋਂ ਬਾਅਦ ਉਸ ਵੇਲੇ ਦੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪ੍ਰਮੋਦ ਬਾਨ ਨੇ ਮੌਕੇ ਉੱਤੇ ਜਾ ਕੇ ਇਲਾਕੇ ਦੇ ਲੋਕਾਂ ਦੇ ਬਿਆਨ ਲਏ ਤੇ ਮਾਮਲਾ ਦਰਜ ਕੀਤਾ। ਦੋਵਾਂ ਦੀ ਮ੍ਰਿਤਕ ਦੇਹ ਪੋਸਟਮਾਰਟਮ ਕਰਵਾਇਆ ਤਾਂ ਡਾਕਟਰਾਂ ਨੇ ਸਾਫ ਕਰ ਦਿੱਤਾ ਕਿ ਗੋਲੀਆਂ ਦੋਹਾਂ ਨੂੰ ਕੋਲ ਬਿਠਾ ਕੇ ਨੇੜਿਓਂ ਮਾਰੀਆਂ ਗਈਆਂ ਹਨ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਸਰਪੰਚ ਤੇ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਕੇ ਕਤਲ ਦੇ ਭੇਦ ਤੋਂ ਪਰਦਾ ਹਟਾਇਆ।

Comment here