ਸਿਆਸਤਖਬਰਾਂਚਲੰਤ ਮਾਮਲੇ

ਝਟਕਾ ਮੀਟ ਖਾਣ ’ਤੇ ਮਨਾਹੀ ਨਹੀਂ : ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ : ਹਾਲ ਹੀ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਨ੍ਹਾਂ ਨੂੰ ਝਟਕੇ ਦੇ ਮੀਟ ਤੇ ਗੱਲ ਕਰਦੇ ਦੇਖਿਆ ਗਿਆ ਹੈ। ਇਸ ਵੀਡੀਓ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਰਹਿਤ ਮਰਿਆਦਾ ਵਿਚ ਵੱਖ-ਵੱਖ ਕੁਰੀਤੀਆਂ ਦੀ ਗੱਲ ਕਹੀ ਹੈ ਅਤੇ ਨਾਲ ਹੀ ਮਾਸ ਖਾਣ ਸਬੰਧੀ ਵੀ ਗੱਲ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰਹਿਤ ਮਰਿਆਦਾ ਸਬੰਧੀ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਬੱਕਰੇ ਦਾ ਝਟਕਿਆ ਮੀਟ ਖਾਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਝਟਕੇ ਦਾ ਮੀਟ ਖਾਣ ਦੀ ਮਨਾਹੀ ਨਹੀਂ ਹੈ। ਕੁੱਠਾ ਜਾਂ ਮਰੇ ਹੋਏ ਦਾ ਮੀਟ ਖਾਣ ਸਬੰਧੀ ਮਨਾਹੀ ਹੈ। ਜਥੇਦਾਰ ਦੀ ਇਸ ਵੀਡੀਓ ਤੇ ਦੇਖਣ ਵਾਲਿਆਂ ਵੱਲੋਂ ਵੱਖੋ-ਵੱਖਰੇ ਵਿਚਾਰ ਵੀ ਰੱਖੇ ਗਏ ਹਨ। ਦਰਅਸਲ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਪੰਜਾਬ ਦੇ ਤਖ਼ਤ ਸਾਹਿਬਾਨ ਸਮੇਤ ਵੱਖ-ਵੱਖ ਗੁਰਦੁਆਰਿਆਂ ਤੇ ਸਮਾਗਮਾਂ ਦੌਰਾਨ ਅੰਮ੍ਰਿਤ ਸੰਚਾਰ ਵੇਲੇ ਮੀਟ ਖਾਣ ਸਬੰਧੀ ਸਪੱਸ਼ਟ ਨਹੀਂ ਕੀਤਾ ਜਾਂਦਾ। ਪੰਜਾਂ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਸਮੇਂ ਇਕੱਤਰ ਅੰਮ੍ਰਿਤ ਅਭਿਲਾਖੀਆਂ ਨੂੰ ਕੁੱਠਾ ਖਾਣ ਦੀ ਮਨਾਹੀ ਸਬੰਧੀ ਹੀ ਦੱਸਿਆ ਜਾਂਦਾ ਹੈ। ਦੱਸਣਯੋਗ ਹੈ ਕਿ ਤਖ਼ਤ ਸ੍ਰੀ ਹਜੂਰ ਸਾਹਿਬ ਤੋਂ ਇਲਾਵਾ ਹੋਈ ਵੀ ਕਈ ਸਥਾਨਾਂ ਤੇ ਬੱਕਰੇ ਦਾ ਝਟਕਾ ਕਰ ਕੇ ਮੀਟ ਖਾਧਾ ਜਾਂਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੰਥ ਵਿਚ ਫੈਲੀਆਂ ਦੁਵਿਧਾਵਾਂ ਨੂੰ ਦੂਰ ਕਰਨ ਲਈ ਵੱਡੇ ਬਿਆਨ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ਾਲਿਸਤਾਨ ਦੀ ਮੰਗ ਦੇ ਸਵਾਲ ਦਾ ਜਵਾਬ ਦਿੰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਜੇਕਰ ਸਿੱਖਾਂ ਨੂੰ ਆਪਣਾ ਆਜ਼ਾਦ ਦੇਸ਼ ਮਿਲ ਜਾਵੇ ਤਾਂ ਇਸ ਤੋਂ ਵੱਧ ਖੁਸ਼ੀ ਦੀ ਕੋਈ ਗੱਲ ਹੋਰ ਨਹੀਂ ਹੋ ਸਕਦੀ।

Comment here