ਲੰਡਨ-ਭਾਰਤ ਵਿੱਚ ਹੋਣ ਜਾ ਰਹੇ ਜੀ-20 ਸੰਮੇਲਨ ਤੋਂ ਪਹਿਲਾਂ ਜਗਤਾਰ ਸਿੰਘ ਉਰਫ ਜੱਗੀ ਜੋਹਲ ਦੀ ਰਿਹਾਈ ਦਾ ਮਾਮਲਾ ਜ਼ਬਰਦਸਤ ਤਰੀਕੇ ਨਾਲ ਉੱਠਿਆ ਹੈ। ਜੱਗੀ ਜੋਹਲ ਦੀ ਰਿਹਾਈ ਲਈ ਆਵਾਜ਼ ਇੰਗਲੈਂਡ ਦੇ ਕਰੀਬ 70 ਸੰਸਦ ਮੈਂਬਰਾਂ ਨੇ ਚੁੱਕੀ ਹੈ। ਸੰਸਦ ਦੇ 70 ਮੈਂਬਰਾਂ ਦੇ ਇੱਕ ਸਮੂਹ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੋਂ ਭਾਰਤ ਵਿੱਚ ਕੈਦ ਬਰਤਾਨਵੀ ਸਿੱਖ ਜਗਤਾਰ ਸਿੰਘ ਜੋਹਲ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਦੱਸ ਦਈਏ ਇਹ ਮੰਗ ਉਦੋਂ ਚੁੱਕੀ ਗਈ ਹੈ ਜਦੋਂ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਜੀ-20 ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਭਾਰਤ ਆਉਣ ਵਾਲੇ ਹਨ।
ਮੀਡੀਆ ਰਿਪੋਰਟਾਂ ਮੁਤਾਬਿਕ 70 ਦੇ ਕਰੀਬ ਸੰਸਦ ਮੈਂਬਰਾਂ ਨੇ ਸੁਨਕ ਨੂੰ ਇੱਕ ਪੱਤਰ ਭੇਜ ਕੇ ਪਿਛਲੇ ਕਰੀਬ 5 ਸਾਲਾਂ ਤੋਂ ਭਾਰਤ ਵਿੱਚ ਨਜ਼ਰਬੰਦ ਜੱਗੀ ਜੌਹਲ ਦੀ ਰਿਹਾਈ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ ਹੈ। ਜੱਗੀ ਜੌਹਲ ਨੂੰ 4 ਨਵੰਬਰ 2017 ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੁਆਰਾ ਕਤਲਾਂ ਵਿੱਚ ਕਥਿਤ ਭੂਮਿਕਾ ਲਈ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਉਹ ਆਪਣੇ ਵਿਆਹ ਲਈ ਪੰਜਾਬ ਆਇਆ ਸੀ। ਜਦਕਿ ਜੋਹਲ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ।
ਦੱਸ ਦਈਏ ਜੌਹਲ ਦੀ ਰਿਹਾਈ ਲਈ ਬਰਤਾਨੀਆਂ ਵਿੱਚ ਸਿਆਸਤ ਅਤੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਨੇ ਕਿਹਾ ਕਿ ਜੌਹਲ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਸੀ ਅਤੇ ਉਸ ਨੇ ਸਿੱਖਾਂ ਵਿਰੁੱਧ ਕੀਤੀਆਂ ਗਈਆਂ ਕਥਿਤ ਕਾਰਵਾਈਆਂ ਲਈ ਜਵਾਬਦੇਹੀ ਦੀ ਮੰਗ ਕਰਨ ਵਾਲੀਆਂ ਪੋਸਟਾਂ ਸਾਂਝੀਆਂ ਕੀਤੀਆਂ ਸਨ। ਸੰਸਦ ਮੈਂਬਰਾਂ ਨੇ ਪੱਤਰ ਵਿੱਚ ਕਿਹਾ ਕਿ ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਨੇ ਸਿੱਟਾ ਕੱਢਿਆ ਹੈ ਕਿ ਜੌਹਲ ਨੇ ਅਜਿਹਾ ਕੋਈ ਗੁਨਾਹ ਨਹੀਂ ਕੀਤਾ ਜਿਸ ਲਈ ਉਸ ਨੂੰ ਹਿਰਾਸਤ ਵਿੱਚ ਰੱਖਿਆ ਜਾਵੇ।
ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਦੱਸਿਆ ਕਿ ਸੁਨਕ ਦੇ ਮੋਦੀ ਨਾਲ ਚੰਗੇ ਸਬੰਧ ਹਨ। ਇਸ ਕਾਰਨ ਉਨ੍ਹਾਂ ਲਈ ਇਹ ਕੰਮ ਔਖਾ ਨਹੀਂ ਹੋਣਾ ਚਾਹੀਦਾ। ਡੰਬਰਟਨ ਦੇ ਵਕੀਲ ਅਤੇ ਲੇਬਰ ਕੌਂਸਲਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਗਭਗ ਛੇ ਸਾਲ ਬੀਤ ਚੁੱਕੇ ਹਨ ਪਰ ਜੱਗੀ ਜੌਹਲ ਖਿਲਾਫ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਉਸ ‘ਤੇ ਸਿਰਫ ਇਲਜ਼ਾਮ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਨੂੰ ਬੇਕਸੂਰ ਮੰਨਿਆ ਜਾਣਾ ਚਾਹੀਦਾ ਹੈ।
ਜੱਗੀ ਜੋਹਲ ਦੀ ਰਿਹਾਈ ਲਈ 70 ਸੰਸਦਾਂ ਨੇ ਸੂਨਕ ਨੂੰ ਦਿੱਤਾ ਪੱਤਰ

Comment here