ਨਵੀਂ ਦਿੱਲੀ – ਜੰਮੂ-ਕਸ਼ਮੀਰ ਵਿੱਚ ਟਾਰਗੈਟ ਕਿਲਿੰਗ ਦੇ ਮਾਮਲੇ ਵਧਣ ਕਰਕੇ ਹਿੰਦੂ ਭਾਈਚਾਰੇ ਵਿੱਚ ਖੌਫ ਦਾ ਮਹੌਲ ਹੈ, ਜਿਸ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਸੁਰੱਖਿਆ ਦੀ ਕਮਾਂਡ ਆਪਣੀ ਨਿਗਰਾਨੀ ਹੇਠ ਕੀਤੀ ਹੈ, ਬੀਤੇ ਦਿਨ ਅਮਿਤ ਸ਼ਾਹ ਦੀ ਪ੍ਰਧਾਨਗੀ ‘ਚ ਹੋਈ ਇਕ ਉੱਚ ਪੱਧਰੀ ਬੈਠਕ ‘ਚ ਕਸ਼ਮੀਰ ਘਾਟੀ ‘ਚ ਰਹਿ ਰਹੇ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ‘ਤੇ ਚਰਚਾ ਕੀਤੀ ਗਈ। ਸ਼ਾਹ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਘਾਟੀ ਵਿਚ ਅੱਤਵਾਦੀ ਸੰਗਠਨਾਂ, ਖਾਸ ਤੌਰ ‘ਤੇ ਲਸ਼ਕਰ-ਏ-ਤੋਇਬਾ ਵਲੋਂ ਚੁਨਿੰਦਾ ਤਰੀਕੇ ਨਾਲ ਸਿਲਸਿਲੇਵਾਰ ਕਤਲ ਕੀਤੇ ਜਾਣ ਦੇ ਮੁੱਦੇਨਜ਼ਰ ਇਹ ਬੈਠਕ ਬੁਲਾਈ ਗਈ ਸੀ। ਮਰਨ ਵਾਲਿਆਂ ਵਿਚ ਗੈਰ-ਮੁਸਲਿਮ, ਸੁਰੱਖਿਆ ਕਰਮਚਾਰੀ, ਇਕ ਕਲਾਕਾਰ ਅਤੇ ਸਥਾਨਕ ਨਿਵਾਸੀ ਸ਼ਾਮਲ ਹਨ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਥਲ ਫ਼ੌਜ ਮੁਖੀ ਮਨੋਜ ਪਾਂਡੇ ਅਤੇ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਉਨ੍ਹਾਂ ਪ੍ਰਮੁੱਖ ਲੋਕਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੇ ਇਸ ਬੈਠਕ ‘ਚ ਹਿੱਸਾ ਲਿਆ। ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਬੈਠਕ ‘ਚ ਆਉਣ ਵਾਲੀ ਅਮਰਨਾਥ ਯਾਤਰਾ ਲਈ ਸੁਰੱਖਿਆ ਇੰਤਜ਼ਾਮ ਦਾ ਵਿਸ਼ਾ ਵੀ ਚੁਕਿਆ। ਪ੍ਰਧਾਨ ਮੰਤਰੀ ਪੈਕੇਜ ਦੇ ਅਧੀਨ 2012 ‘ਚ ਨਿਯੁਕਤ ਕੀਤੇ ਗਏ ਕਸ਼ਮੀਰੀ ਪੰਡਿਤ, ਰਾਹੁਲ ਭਟ ਦੇ ਕਤਲ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨਾਲ ਸਮੂਹਿਕ ਪਲਾਇਨ ਦਾ ਖ਼ਤਰਾ ਪੈ ਹੋ ਗਿਆ ਹੈ। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਦੂਰਾ ‘ਚ 12 ਮਈ ਨੂੰ ਭਟ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਭਟ ਦੇ ਕਤਲ ਦੀ ਘਟਨਾ ਦੇ ਮੱਦੇਨਜ਼ਰ ਵੱਖ-ਵੱਖ ਥਾਂਵਾਂ ‘ਤੇ ਕਰੀਬ 6 ਹਜ਼ਾਰ ਕਰਮੀਆਂ ਨੇ ਪ੍ਰਦਰਸ਼ਨ ਕੀਤਾ ਹੈ, ਜੋ ਉਨ੍ਹਾਂ ਨੂੰ ਘਾਟੀ ਤੋਂ ਬਾਹਰ ਲਿਜਾਉਣ ਦੀ ਮੰਗ ਕਰ ਰਹੇ ਹਨ। ਵੀਰਵਾਰ ਨੂੰ 2 ਵੱਖ-ਵੱਖ ਘਟਨਾਵਾਂ ‘ਚ ਕਸ਼ਮੀਰ ‘ਚ ਇਕ ਬੈਂਕ ਕਰਮੀ ਅਤੇ ਇੱਟ-ਭੱਠਾ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ, ਜਦੋਂ ਕਿ ਇਕ ਹੋਰ ਮਜ਼ਦੂਰ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਕ ਮਈ ਦੇ ਬਾਅਦ ਤੋਂ ਕਸ਼ਮੀਰ ‘ਚ ਬੈਂਕ ਕਰਮੀ ਦਾ ਕਤਲ 9ਵੀਂ ਅਤੇ ਮਜ਼ਦੂਰ ਦਾ ਕਤਲ ਚੁਨਿੰਦਾ ਢੰਗ ਨਾਲ ਕੀਤਾ ਗਿਆ 10ਵਾਂ ਕਤਲ ਸੀ। ਮੰਗਲਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨੇ ਜੰਮੂ ਖੇਤਰ ਦੇ ਸਾਂਬਾ ਜ਼ਿਲ੍ਹੇ ਦੀ ਇਕ ਅਧਿਆਪਕਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। 18 ਮਈ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ‘ਚ ਅੱਤਵਾਦੀ ਸ਼ਰਾਬ ਦੀ ਇਕ ਦੁਕਾਨ ‘ਚ ਦਾਖ਼ਲ ਹੋ ਗਏ ਸਨ ਅਤੇ ਉਨ੍ਹਾਂ ਨੇ ਬੰਬ ਸੁੱਟ ਕੇ ਜੰਮੂ ਖੇਤਰ ਦੇ ਇਕ ਵਿਅਕਤੀ ਨੂੰ ਮਾਰ ਸੁੱਟਿਆ ਸੀ ਅਤੇ ਤਿੰਨ ਹੋਰ ਨੂੰ ਜ਼ਖ਼ਮੀ ਕਰ ਦਿੱਤਾ ਸੀ। ਸ਼੍ਰੀਨਗਰ ‘ਚ 24 ਮਈ ਨੂੰ ਪੁਲਸ ਕਰਮੀ ਸੈਫੁੱਲਾਹ ਨੂੰ ਉਨ੍ਹਾਂ ਦੇ ਘਰ ‘ਚ ਹੀ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ ਉਸ ਦੇ 2 ਦਿਨ ਬਾਅਦ ਹੀ ਬਡਗਾਮ ‘ਚ ਅਮਰੀਨ ਭਟ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
Comment here