ਅਪਰਾਧਸਿਆਸਤਖਬਰਾਂ

ਜੰਮੂ-ਕਸ਼ਮੀਰ ਚ ਹਮਲੇ ਦੀ ਸਰਹੱਦ ਪਾਰ ਬਣ ਰਹੀ ਏ ਯੋਜਨਾ

ਭਾਰੀ ਮਾਤਰਾ ਚ ਗੋਲਾਬਾਰੂਦ ਬਰਾਮਦ

ਸ੍ਰੀਨਗਰ- ਆਜ਼ਾਦੀ ਦਿਵਸ ਤੋਂ ਸਿਰਫ਼ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿ਼ਸ਼ ਬੇਨਕਾਬ ਹੋਈ ਹੈ। ਭਾਰਤੀ ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਦੇ ਤਰਬਲ ਪਿੰਡ ਵਿੱਚ ਕੰਟਰੋਲ ਰੇਖਾ ਦੇ ਨਾਲ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਹ ਬਰਾਮਦਗੀ ਜੰਮੂਕਸ਼ਮੀਰ ਪੁਲਿਸ ਤੇ ਫ਼ੌਜ ਦੁਆਰਾ ਸਾਂਝੇ ਤੌਰ ਤੇ ਕੀਤੀ ਗਈ ਤਲਾਸ਼ੀ ਤੇ ਘੇਰਾਬੰਦੀ ਮੁਹਿੰਮ ਦੌਰਾਨ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਬਾਂਦੀਪੋਰਾ ਦੇ ਐਸਐਸਪੀ ਜ਼ਾਹਿਦ ਮਲਿਕ ਨੇ ਦੱਸਿਆ ਕਿ ਜੰਮੂਕਸ਼ਮੀਰ ਪੁਲਿਸ ਅਤੇ ਫੌਜ ਦਾ ਇਹ ਸਾਂਝਾ ਆਪਰੇਸ਼ਨ ਅਜੇ ਵੀ ਜਾਰੀ ਹੈ। ਪੁਲਿਸ ਅਨੁਸਾਰਇਹ ਕਾਰਵਾਈ ਮੰਗਲਵਾਰ ਨੂੰ ਤਾਰਬਲ ਪਿੰਡ ਵਿੱਚ ਕੰਟਰੋਲ ਰੇਖਾ ਦੇ ਨੇੜੇ ਗੋਵਿੰਦ ਨਾਲਾ ਖੇਤਰ ਵਿੱਚ ਹਥਿਆਰਾਂ ਦੀ ਮੌਜੂਦਗੀ ਬਾਰੇ ਖਾਸ ਜਾਣਕਾਰੀ ਮਿਲਣ ਦੇ ਬਾਅਦ ਸ਼ੁਰੂ ਕੀਤੀ ਗਈ ਸੀ। ਇਸ ਖੇਤਰ ਵਿੱਚ ਇੱਕ ਸਖਤ ਤਲਾਸ਼ੀ ਮੁਹਿੰਮ ਦੌਰਾਨ ਮੈਟਲ ਡਿਟੈਕਟਰਾਂ ਦੀ ਮਦਦ ਨਾਲ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਸੀ।ਪੁਲਿਸ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਮਿਲੇ ਹਥਿਆਰ ਪੋਲੀਥੀਨ ਵਿੱਚ ਲਪੇਟੇ ਕੇ ਜੰਗਲ ਵਿੱਚ ਜ਼ਮੀਨ ਦੇ ਹੇਠਾਂ ਦੱਬੇ ਹੋਏ ਸਨ। ਪੁਲਿਸ ਤੇ ਫੌਜ ਨੂੰ ਉਨ੍ਹਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਏਕੇ-47 ਰਾਈਫਲਾਂ, 12 ਏਕੇ ਮੈਗਜ਼ੀਨ, 2 ਪਿਸਤੌਲ, 4 ਪਿਸਤੌਲ ਮੈਗਜ਼ੀਨ, 350 ਏਕੇ ਰਾਊਂਡ, 200 ਪਿਸਤੌਲ ਰਾਊਂਡ, 18 ਗ੍ਰਨੇਡ ਤੇ ਹੋਰ ਵਿਸਫੋਟਕ ਸਮਗਰੀ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਹਥਿਆਰ ਅਤੇ ਗੋਲਾ ਬਾਰੂਦ ਕਿਸ ਸੰਗਠਨ ਨਾਲ ਸਬੰਧਤ ਹਨ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਸੂਤਰਾਂ ਦੇ ਅਨੁਸਾਰ ਅਜਿਹਾ ਲਗਦਾ ਹੈ ਕਿ ਸਰਹੱਦ ਪਾਰ ਤੋਂ ਘੁਸਪੈਠ ਕਰਨ ਵਾਲੇ ਇੱਕ ਸਮੂਹ ਨੇ ਇਲਾਕੇ ਵਿੱਚ ਹਥਿਆਰ ਸੁੱਟ ਦਿੱਤੇ ਸਨ। ਕੁਝ ਹੋਰ ਹਥਿਆਰ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਸ ਦੌਰਾਨ ਹੀ ਡੀ.ਜੀ.ਪੀ. ਦਿਲਬਾਗ ਸਿੰਘ ਨੇ  ਖੁਲਾਸਾ ਕੀਤਾ ਕਿ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਪਾਕਿਸਤਾਨ ਤੋਂ ਸੰਚਾਲਿਤ ਅੱਤਵਾਦੀ ਸੰਗਠਨ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸੁਰੱਖਿਆ ਬਲ ਚੌਕਸ ਹੈ। ਸਿੰਘ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੋਨਾਂ ਡਿਵੀਜ਼ਨਾਂ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਜਾਰੀ ਹਨ ਅਤੇ ਸੁਰੱਖਿਆ ਬਲਾਂ ਦੀ ਕੜੀ ਨਜ਼ਰ ਤੋਂ ਨਿਰਾਸ਼ ਪਾਕਿਸਤਾਨ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਸਥਾਨਕ ਜਵਾਨਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।  ਉਨ੍ਹਾਂ ਨੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ਸੂਚਨਾ ਹੈ ਕਿ ਲਸ਼ਕਰ-ਏ-ਤਇਬਾ, ਹਿਜ਼ਬੁਲ ਮੁਜਾਹਿਦੀਨ ਅਤੇ ਜੈਸ਼-ਏ-ਮੁਹੰਮਦ ਵਰਗੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੰਮੂ ਖੇਤਰ ਦੇ ਨਾਲ-ਨਾਲ ਕਸ਼ਮੀਰ ਖੇਤਰ ਵਿੱਚ ਵੱਡੇ ਹਮਲੇ ਨੂੰ ਅੰਜਾਮ ਦੇਣ ਦਾ ਮੌਕਾ ਤਲਾਸ਼ ਰਹੇ ਹਨ। ਸਾਡੇ ਸੁਰੱਖਿਆ ਬਲ ਚੌਕਸ ਹਨ ਅਤੇ ਪੁਲਸ, ਖੁਫੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਨਾਲ ਸੰਜੋਗ ਕਰ ਕੰਮ ਕਰ ਰਹੀ ਹੈ। ਮੈਨੂੰ ਭਰੋਸਾ ਹੈ ਕਿ ਅਸੀਂ ਅੱਤਵਾਦੀਆਂ ਦੇ ਇਨ੍ਹਾਂ ਮਨਸੂਬਿਆਂ ਨੂੰ ਨਾਕਾਮ ਕਰਨ ਵਿੱਚ ਸਫਲ ਹੋਵਾਂਗੇ।

Comment here